ਜੇਲ੍ਹ ਮੰਤਰੀ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ‘ਗਲਵਕੜੀ’ ਪ੍ਰੋਗਰਾਮ ਦਾ ਉਦਘਾਟਨ
ਲੁਧਿਆਣਾ, 15 ਸਤੰਬਰ (ਦਵਿੰਦਰ ਡੀ ਕੇ)
ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀ ਮਾਨਸਿਕ-ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ‘ਗਲਵਾਕੜੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਉਹ ਸਾਲ ਦੀ ਤਿਮਾਹੀ ਦੌਰਾਨ, ਜੇਲ੍ਹ ਕੰਪਲੈਕਸ ਅੰਦਰ ਸਥਾਪਤ ਵਿਸ਼ੇਸ਼ ਕਮਰੇ ਵਿੱਚ ਆਪਣੇ ਪਰਿਵਾਰਕ ਜੀਆਂ ਨੂੰ ਇਕ ਘੰਟੇ ਲਈ ਵਿਅਕਤੀਗਤ ਤੌਰ ‘ਤੇ ਮਿਲ ਸਕਦੇ ਹਨ।
ਕੈਬਨਿਟ ਮੰਤਰੀ ਨੇ ਜੇਲ੍ਹ ਦੇ ਬਾਹਰ ਤਾਜਪੁਰ ਰੋਡ ‘ਤੇ ਇਕ ਇੰਡੀਅਨ ਆਇਲ ਕਾਰੋਪੋਰੇਸ਼ਨ (ਆਈ.ਓ.ਸੀ.) ਦਾ ਪੈਟਰੋਲ ਪੰਪ ਵੀ ਸਮਰਪਿਤ ਕੀਤਾ ਜਿਸ ਨੂੰ ਚੰਗੇ ਆਚਰਣ ਵਾਲੇ ਕੈਦੀਆਂ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਹ ਪੈਟਰੋਲ ਪੰਪ ਆਈ.ਓ.ਸੀ. ਦੁਆਰਾ ਖੋਲ੍ਹਿਆ ਗਿਆ ਹੈ ਅਤੇ ਇਸ ਪੰਪ ਨੂੰ ਪੰਜਾਬ ਜੇਲ੍ਹ ਵਿਕਾਸ ਬੋਰਡ ਦੁਆਰਾ ਚਲਾਇਆ ਜਾਵੇਗਾ।
ਇਸ ਸਹੂਲਤ ਦਾ ਲਾਭ ਸਿਰਫ਼ ਕੈਦੀ/ਰਿਮਾਂਡ ਕੈਂਦੀ (ਜਿਨ੍ਹਾਂ ਦਾ ਆਚਰਣ ਚੰਗਾ ਹੋਵੇ) ਅਤੇ ਜੇਲ੍ਹ ਪ੍ਰੋਟੋਕਾਲ ਦੀ ਸੁਚੱਜੀ ਪਾਲਣਾ ਕਰਨ ਵਾਲੇ ਹੀ ਲੈ ਸਕਦੇ ਹਨ।
ਪਰਿਵਾਰ ਦੇ ਮੈਂਬਰ ਵੀ ਕੈਦੀਆਂ ਅਤੇ ਹਵਾਲਾਤੀਆਂ ਨਾਲ ਭੋਜਨ ਦਾ ਆਨੰਦ ਲੈ ਸਕਦੇ ਹਨ।
ਗੈਂਗਸਟਰ ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਉੱਚ ਜੋਖਮ ਸ਼੍ਰੇਣੀ ਵਿੱਚ ਸ਼ਾਮਲ ਕੈਦੀ ਅਤੇ ਹਵਾਲਾਤੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ।
ਸ. ਬੈਂਸ ਨੇ ਬਾਅਦ ਵਿੱਚ, ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਨੂੰ ਅਸਲ ‘ਸੁਧਾਰ ਘਰ’ ਬਣਾ ਰਹੀ ਹੈ ਜਿੱਥੋਂ ਕੈਦੀਆਂ ਨੂੰ ਹਕੀਕੀ ਤੌਰ ‘ਤੇ ਸੁਧਾਰਿਆ ਜਾ ਸਕਦਾ ਹੈ ਅਤੇ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਮ ਜੀਵਨ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮੁਲਾਕਾਤਾਂ ਸੂਬੇ ਦੀਆਂ 23 ਜੇਲ੍ਹਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਹ ਮੁਲਾਕਾਤਾਂ ਸਿਰਫ਼ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨਾਲ ਹੋਣਗੀਆਂ, ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਚੰਗੇ ਆਚਰਣ ਲਈ ਚੁਣਿਆ ਗਿਆ ਹੋਵੇ।