ਡੱਬਵਾਲਾ ਕਲਾ ਅਧੀਨ ਪਿੰਡਾਂ ਦੇ 150 ਲੋਕਾਂ ਨੇ ਅੱਖਾਂ ਦਾਨ ਦੇ ਆਨਲਾਈਨ ਫਾਰਮ ਭਰੇ
ਫਾਜ਼ਿਲਕਾ 8 ਸਤੰਬਰ (ਪੀ.ਟੀ.ਨੈਟਵਰਕ)
ਸਿਵਲ ਸਰਜਨ ਫਾਜ਼ਿਲਕਾ ਡਾ: ਰਜਿੰਦਰ ਪਾਲ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤੇ ਨੋਡਲ ਅਫਸਰ ਡਾ: ਬਬੀਤਾ ਸਹਾਇਕ ਸਿਵਲ ਸਰਜਨ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ 37ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੇ ਪ੍ਰੋਗਰਾਮ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਦੀ ਦੇਖ-ਰੇਖ ਹੇਠ ਅੱਜ ਬਲਾਕ ਡੱਬਵਾਲਾ ਕਲਾ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਅੱਖਾਂ ਦਾਨ ਪੰਦਰਵਾੜੇ ਮੌਕੇ ਡਾ: ਪੰਕਜ ਨੇ ਦੱਸਿਆ ਕਿ ਅੱਖਾਂ ਮਰਨ ਤੋਂ ਬਾਅਦ ਹੀ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਮੌਤ ਤੋਂ 4 ਤੋਂ 6 ਘੰਟੇ ਦੇ ਅੰਦਰ ਅੰਦਰ ਦਾਨ ਕਰ ਦੇਣਾ ਚਾਹੀਦਾ ਹੈ। ਭਾਵੇਂ ਕਿਸੇ ਦੇ ਐਨਕ ਲਗੀ ਹੋਵੇ ਜਾਂ ਅੱਖਾਂ ਦਾ ਅਪਰੇਸ਼ਨ ਹੋਇਆ ਹੋਵੇ ਜਾਂ ਲੈਂਜ਼ ਲਗਾਏ ਗਏ ਹੋਣ, ਫਿਰ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਕਿਉਂਕਿ ਇੱਕ ਵਿਅਕਤੀ ਦੀਆਂ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀਆਂ ਦੀ ਜ਼ਿੰਦਗੀ ਰੌਸ਼ਨ ਹੋ ਸਕਦੀ ਹੈ। ਜਦੋਂ ਵੀ ਕਿਸੇ ਨੇ ਅੱਖਾਂ ਦਾਨ ਕਰਨੀਆਂ ਹੋਣ ਤਾਂ ਜਦੋਂ ਤੱਕ ਅੱਖਾਂ ਦੇ ਬੈਂਕ ਦੀ ਟੀਮ ਆ ਨਹੀ ਜਾਂਦੀ ਉਦੋਂ ਤੱਕ ਮ੍ਰਿਤਕ ਸ਼ਰੀਰ ਵਾਲੇ ਕਮਰੇ ਵਿਚ ਪੱਖੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਅੱਖਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅੱਖਾਂ ਦੇ ਉੱਪਰ ਗਿੱਲਾ ਅਤੇ ਸਾਫ਼ ਕੱਪੜਾ ਰੱਖਣਾ ਚਾਹੀਦਾ ਹੈ।
ਡਾ: ਪੰਕਜ ਚੌਹਾਨ ਨੇ ਅੱਖਾਂ ਦਾਨ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਟੀਮ ਵੱਲੋਂ 15 ਤੋਂ 20 ਮਿੰਟਾਂ ਵਿੱਚ ਪੂਰੀ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਨਕਲੀ ਅੱਖਾਂ ਵੀ ਲਗਾਈਆਂ ਜਾਂਦੀਆਂ ਹਨ ਤਾਂ ਜੋ ਸੰਸਕਾਰ ਸਮੇਂ ਦੇਖਣ ਵਾਲਿਆਂ ਨੂੰ ਬੁਰਾ ਨਾ ਲੱਗੇ। ਜੇਕਰ ਕਿਸੇ ਨੂੰ ਏਡਜ਼, ਪੀਲੀਆ, ਬਲੱਡ ਕੈਂਸਰ ਜਾਂ ਮੈਨਿਨਜਾਈਟਿਸ ਵਰਗੀਆਂ ਬਿਮਾਰੀਆਂ ਹਨ ਤਾਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ।
ਬੀਈਈ ਦਿਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 8 ਸਤੰਬਰ ਤੱਕ 37ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਇਸ ਲਿੰਕ ਤੇ https://nhm.punjab.gov.in/Eye_Donation/ ਉਪਲਬਧ ਹੈ। ਇਸ ਮੌਕੇ ਸਾਰਿਆਂ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਡਬ ਵਾਲਾ ਕਲਾਂ ਦੇ 150 ਲੋਕਾਂ ਨੇ ਅੱਖਾਂ ਦਾਨ ਕਰਨ ਲਈ ਸੰਕਲਪ ਪੱਤਰ ਦੇ ਆਨਲਾਈਨ ਫਾਰਮ ਭਰੇ।