ਕਰਫਿਊ ਚ, ਦਿਹਾੜੀ ਨਹੀਂ ਚੱਲੀ , ਪਰ ਫਿਰ ਵੀ ਘਰਾਂ ਚ, ਸ਼ਰਾਬ ਨਾ ਆਉਣ ਦੀ ਰਹੀ ਤਸੱਲੀ
ਅਸ਼ੋਕ ਵਰਮਾ ਬਠਿੰਡਾ ,5ਮਈ2020
ਮੁਲਕ ’ਚ ਤਾਲਾਬੰਦੀ ਅਤੇ ਪੰੰਜਾਬ ’ਚ ਕਰਫਿੳ ਕਾਰਣ ਬੰਦ ਠੇਕਿਆਂ ਦੇ ਸਿੱਟੇ ਵਜੋਂ ਦਰਜਨਾਂ ਘਰਾਂ ਵਿੱਚ ਹੁਣ ਜ਼ਿੰਦਗੀ ਮਹਿਕਦੀ ਹੈ। ਸ਼ਰਾਬ ਨਾਂ ਮਿਲਣ ਕਰਕੇ ਕਿਸਾਨ ਤੇ ਦਲਿਤ ਘਰਾਂ ਵਿੱਚ ਹੁਣ ਹਾਸੇ ਰੁਮਕੇ ਹਨ। ਪਾਬੰਦੀਆਂ ਕਰਕੇ ਆਰਥਿਕ ਹਾਲਾਤਾਂ ’ਚ ਆਇਆ ਤਾਂ ਲੋਕਾਂ ਦੇ ਮਨਾਂ ਵਿੱਚੋਂ ਨਹੀਂ ਨਿਕਲਿਆ , ਫਿਰ ਵੀ ਲੋਕ ਖਾਸ ਤੌਰ ਤੇ ਔਰਤਾਂ ਖੁਸ਼ ਸਨ ਕਿ ਚਲੋ ਘਰੇ ਸ਼ਰਾਬ ਤਾਂ ਆਉਣੋ ਹਟੀ ਹੈ। ਹੁਣ ਪੰੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਸ਼ਰਾਬ ਦੇ ਠੇਕੇ ਖੋਹਲ ਦਿੱਤੇ ਹਨ ਅਤੇ ਪੰਜਾਬ ’ਚ ਵੀ ਸ਼ਰਾਬ ਦੀ ਹੋਮ ਡਲਿਵਰੀ ਦੇ ਚਰਚੇ ਹਨ। ਹਾਲਾਂਕਿ ਸਰਕਾਰ ਦਾ ਤਾਜਾ ਫੈਸਲਾ ਸਮਾਜਿਕ ਅਤੇ ਘਰੇਲੂ ਹਾਲਾਤਾਂ ਤੇ ਕੀ ਅਸਰ ਪਾਉਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਦੋ ਮਹੀਨੇ ਤੋਂ ਵੱਧ ਸ਼ਰਾਬ ਦੇ ਠੇਕੇ ਬੰਦ ਰਹਿਣ ਕਰਕੇ ਘਰਾਂ ਦੇ ਹਾਲਾਤ ਜ਼ਰੂਰ ਬਦਲੇ ਹਨ।
ਸ਼ਰਾਬ ਦਾ ਠੇਕਾ 2 ਮਹੀਨੇ ਬੰਦ ਰਹਿਣ ’ਤੇ ਜਦੋਂ ਪ੍ਰਤੀਕਰਮ ਜਾਣੇ ਤਾਂ ਇਸ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਔਰਤਾਂ ਨੇ ਆਪਣੇ ਨਾਮ ਨਾਂ ਛਾਪਣ ਦੀ ਸ਼ਰਤ ਤਾਂ ਰੱਖੀ ਪਰ ਸ਼ਰਾਬਬੰੰਦੀ ਨੂੰ ਵਰਦਾਨ ਦੱਸਿਆ ਹੈ। ਰਾਮਪੁਰਾ ਹਲਕੇ ਦੇ ਇੱਕ ਪਿੰਡ ਦੇ ਮਜ਼ਦੂਰ ਨੇ ਦੱਸਿਆ ਕਿ ਉਹ ਹਾੜੀ ਦੇ ਸੀਜ਼ਨ ਵਿੱਚ ਆਪਣੇ ਸਾਥੀਆਂ ਨਾਲ ਤੂੜੀ ਦਾ ਕੰਮ ਕਰਦਾ ਹੈ। ਪਿਛਲੀ ਹਾੜੀ ਸਮੇਂ ਉਹ ਸੀਜ਼ਨ ਵਿੱਚ 15 ਹਜ਼ਾਰ ਦੀ ਸ਼ਰਾਬ ਪੀ ਗਏ ਸਨ। ਐਤਕੀਂ ਜਦੋਂ ਠੇਕਾ ਬੰਦ ਹੋ ਗਿਆ ਤਾਂ ਉਨ੍ਹਾਂ ਦਾ ਸ਼ਰਾਬ ਦਾ ਖਰਚਾ ਖਤਮ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਉਦੋਂ ਤੋਂ ਖੁਸ਼ ਰਹਿਣ ਲੱਗੇ ਹਨ ਅਤੇ ਘਰ ਵਿੱਚ ਕਲੇਸ਼ ਵੀ ਘੱਟ ਗਿਆ ਹੈ।
ਗੋਨਿਆਣਾ ਦੀ ਇੱਕ ਔਰਤ ਨੇ ਦੱਸਿਆ ਕਿ ਠੇਕੇ ਨਾ ਖੁੱਲ੍ਹਣ ਕਰਕੇ ਉਨ੍ਹਾਂ ਦੇ ਘਰ ਵਿੱਚ ਲੜਾਈ ਝਗੜਾ ਹੀ ਖ਼ਤਮ ਹੋ ਗਿਆ ਹੈ। ਘਰ ਵਿੱਚ ਸ਼ਰਾਬ ਹੋਣ ਕਰਕੇ ਕੁੱਟ ਕੁਟਾਪਾ ਰਹਿੰਦਾ ਸੀ ਪਰ ਹੁਣ ਦੋ ਮਹੀਨੇ ਤੋਂ ਸਭ ਠੀਕ ਚੱਲ ਰਿਹਾ ਹੈ। ਬੱਚੇ ਵੀ ਆਪਣੇ ਬਾਪ ਨਾਲ ਮਿਲ ਕੇ ਬੈਠਦੇ ਹਨ, ਜਿਸ ਕਰਕੇ ਪਿਆਰ ਵੀ ਵਧਿਆ ਹੈ। ਉਸਨੇ ਦੱਸਿਆ ਕਿ ਭਾਵੇਂ ਕਰਫਿਊ ਕਾਰਨ ਦਿਹਾੜੀ ਨਹੀਂ ਚੱਲੀ ਫਿਰ ਵੀ ਤਸੱਲੀ ਹੈ ਕਿਉਂਕਿ ਪਹਿਲਾਂ ਸਾਰਾ ਪੈਸਾ ਸ਼ਰਾਬ ਵਿੱਚ ਹੀ ਚਲਾ ਜਾਂਦਾ ਸੀ।
ਬਠਿੰੰਡਾ ਨੇੜਲੇ ਪਿੰਡ ਦੀ ਇਕ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਏਨੀ ਸ਼ਰਾਬ ਪੀਂਦਾ ਸੀ ਕਿ ਉਸ ਨੂੰ ਬੱਚਿਆਂ ਦਾ ਵੀ ਕੋਈ ਖਿਆਲ ਨਹੀਂ ਸੀ। ਜਦੋਂ ਠੇਕੇ ਬੰਦ ਹੋ ਗਏ ਤਾਂ ਉਸ ਦਾ ਪਤੀ ਸ਼ਰਾਬ ਪੀਣੋਂ ਹਟ ਗਿਆ ਹੈ। ਉਸ ਨੇ ਆਖਿਆ ਸੀ ਕਿ ਸ਼ਰਾਬ ਕਾਰਨ ਵੀ ਨਿੱਤ ਘਰੇ ਉਸ ਦੀ ਕੁੱਟਮਾਰ ਹੁੰਦੀ ਸੀ ਪਰ ਹੁਣ ਪਤੀ ਪਿਆਰ ਨਾਲ ਗੱਲ ਕਰਦਾ ਹੈ ਅਤੇ ਸ਼ਰਾਬ ਤੋਂ ਵੀ ਤੋਬਾ ਕਰ ਲਈ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਹਿਲੀ ਦਫਾ ਆਪਣੇ ਬੱਚਿਆਂ ਤੋਂ ਉਨ੍ਹਾਂ ਦੀ ਪੜ੍ਹਾਈ ਬਾਰੇ ਪੁੱਛਿਆ ਹੈ। ਉਸ ਦਾ ਕਹਿਣਾ ਸੀ ਕਿ ਦੋ ਮਹੀਨੇ ਠੇਕਾ ਬੰਦ ਹੋਣ ਕਰਕੇ ਉਨ੍ਹਾਂ ਦੇ ਘਰ ਦੇ ਕਲੇਸ਼ ਮੁੱਕ ਗਏ ਹਨ।
ਮਜ਼ਦੂਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ 50 ਰੁਪਏ ਦੀ ਸ਼ਰਾਬ ਪੀਂਦਾ ਸੀ ਅਤੇ ਕਰੀਬ ਡੇਢ ਹਜ਼ਾਰ ਰੁਪਏ ਸ਼ਰਾਬ ਵਿੱਚ ਚਲੇ ਜਾਂਦੇ ਸਨ। ਹੁਣ ਉਸ ਨੇ ਪੀਣੀ ਹੀ ਛੱਡ ਦਿੱਤੀ ਹੈ, ਜਿਸ ਕਰਕੇ ਘਰ ਵਾਲੇ ਵੀ ਖ਼ੁਸ਼ ਹਨ। ਇਕ ਹੋਰ ਮਹਿਲਾ ਦਾ ਕਹਿਣਾ ਸੀ ਕਿ ਉਸ ਨੇ ਤਾਂ ਡੇਢ ਦੋ ਮਹੀਨੇ ਤੋਂ ਹੀ ਜ਼ਿੰਦਗੀ ਦੇਖੀ ਹੈ। ਪਹਿਲਾਂ ਤਾਂ ਸ਼ਰਾਬ ਨੇ ਜੀਵਨ ਨੂੰ ਨਰਕ ਹੀ ਬਣਾ ਰੱਖਿਆ ਸੀ। ਸ਼ਰਾਬ ਕਰਕੇ ਨਿੱਤ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਹੁਣ ਜਦੋਂ ਤੋਂ ਠੇਕੇ ਬੰੰਦ ਹੋ ਗਏ ਹਨ, ਉਦੋਂ ਤੋਂ ਘਰ ਦਾ ਚਿਹਰਾ ਮੋਹਰਾ ਹੀ ਬਦਲ ਗਿਆ ਅਤੇ ਘਰ ਵਿੱਚ ਬਰਕਤ ਆ ਗਈ ਹੈ।
ਦੱਸਣਯੋਗ ਹੈ ਕਿ ਵਿਸ਼ਵ ਪੱਧਰ ਤੇ ਫੈਲੇ ਕਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਲੰਘੀ 23 ਮਾਰਚ ਨੂੰ ਪੰਜਾਬ ਭਰ ’ਚ ਕਰਫਿਊ ਲਾ ਦਿੱਤਾ ਸੀ। ਹੁਣ ਸਰਕਾਰ ਨੇ 4 ਘੰਟੇ ਲਈ ਹੋਰ ਦੁਕਾਨਾਂ ਖੋਹਲਣ ਦੀ ਇਜਾਜਤ ਦਿੱਤੀ ਹੈ ਪਰ ਠੇਕੇ ਨਹੀਂ ਖੋਹਲੇ ਹਨ। ਇਸ ਕਰਕੇ ਸਰਕਾਰ ਨੂੰ ਰੋਜਾਨਾਂ ਕਰੋੜਾਂ ਰੁਪਏ ਮਾਲੀਏ ਵਜੋਂ ਆਉਣਾ ਬੰਦ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਠੇਕੇ ਚਾਲੂ ਕਰਨ ਦੀ ਪ੍ਰਵਾਨਗੀ ਮੰਗੀ ਸੀ ਜੋ ਨਹੀਂ ਮਿਲੀ ਹੈ। ਪਤਾ ਲੱਗਿਆ ਹੈ ਕਿ ਹੁਣ ਸਰਕਾਰ ਸ਼ਰਬ ਦੀ ਹੋਮ ਡਲਿਵੀਰੀ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਸ਼ਰਾਬਬੰਦੀ ਨੇ ਹਾਲਾਤ ਬਦਲੇ: ਮਹਿਰਾਜ
ਮਜਦੂਰ ਆਗੂ ਗੁਰਤੇਜ ਮਹਿਰਾਜ ਦਾ ਦਾ ਕਹਿਣਾ ਸੀ ਕਿ ਕਈ ਲੋਕ ਤਾਂ ਸ਼ਰਾਬ ਪੀਣ ਲਈ ਘਰ ਦਾ ਸਾਮਾਨ ਵੀ ਵੇਚ ਦਿੰਦੇ ਹਨ, ਜੋ ਹੁਣ ਰੁਕ ਗਿਆ ਹੈ। ਉਨ੍ਹਾਂ ਆਖਿਆ ਕਿ ਜਿੱਥੇ ਔਰਤਾਂ ਨੂੰ ਠੇਕੇ ਖੁੱਲ੍ਹਣ ਤੇ ਸਥਿਤੀ ਖਰਾਬ ਹੋਣ ਦੀ ਚਿੰਤਾ ਹੈ, ੳੱੁਥੇ ਇਸ ਗੱਲੋਂ ਤਸੱਲੀ ਵਿੱਚ ਹਨ ਕਿ ਦੋ ਮਹੀਨੇ ਵਿੱਚ ਘਰਾਂ ਦੇ ਹਾਲਾਤ ਹੀ ਬਦਲ ਗਏ ਹਨ।
ਘਰੇਲੂ ਝਗੜਿਆਂ ਦਾ ਕਾਰਣ ਸ਼ਰਾਬ:ਬਹਿਲ
ਲਾਅ ਫੋਰਮ ਦੇ ਆਗੂ,ਐਡਵੋਕੇਟ ਐਮਐਮ ਬਹਿਲ ਦਾ ਕਹਿਣਾ ਸੀ ਕਿ ਸਰਕਾਰ ਦੀ ਤਰਜੀਹ ਮਾਲੀਆ ਹੋ ਸਕਦੀ ਹੈ ਪਰ ਸ਼ਰਾਬ ਨਾਂ ਮਿਲਣ ਕਰਕੇ ਸਥਿਤੀ ਨੇ ਮੋੜਾ ਕੱਟਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਘਰੇਲੂ ਝਗੜਿਆਂ ਦੇ ਜੋ ਮਾਮਲੇ ਆਉਂਦੇ ਹਨ,ਉਨ੍ਹਾਂ ਚੋਂ ਜਿਅਦਾਤਰ ਦਾ ਕਾਰਨ ਸ਼ਰਾਬ ਹੀ ਹੁੰਦੀ ਹੈ।