ਆਤਮਹੱਤਿਆ ਤੋਂ 34 ਦਿਨ ਬਾਅਦ NRI ਬੇਅੰਤ ਕੌਰ ਖਿਲਾਫ ਦਰਜ਼ ਹੋਇਆ ਸੀ ਕੇਸ ਤੇ ਹੁਣ ਸਿਟ ਨੇ ‘ਚ ਬੇਅੰਤ ਕੌਰ ਦੀ ਮਾਂ ਨੂੰ ਨਾਮਜ਼ਦ ਤੇ ਪੁਲਿਸ ਨੇ ਝੱਟਪੱਟ ਕਰ ਲਿਆ ਗਿਰਫਤਾਰ
ਹਰਿੰਦਰ ਨਿੱਕਾ , ਬਰਨਾਲਾ 4 ਸਤੰਬਰ 2022
14 ਮਹੀਨੇ ਪਹਿਲਾਂ ਐਨ.ਆਰ.ਆਈ. ਪਤਨੀ ਬੇਅੰਤ ਕੌਰ ਬਾਜਵਾ ਦੇ ਰਵੱਈਏ ਤੋਂ ਖਫਾ ਹੋ ਕੇ ਆਤਮ ਹੱਤਿਆ ਕਰਨ ਵਾਲੇ ਲਵਪ੍ਰੀਤ ਸਿੰਘ ਕੇਠੇ ਗੋਬਿੰਦਪੁਰਾ, ਧਨੌਲਾ ਦੀ ਸੱਸ ਸੁਖਵਿੰਦਰ ਕੌਰ ਵਾਸੀ ਖੁੱਡੀ ਕਲਾਂ ਨੂੰ ਧਨੌਲਾ ਪੁਲਿਸ ਨੇ ਗਿਰਫਤਾਰ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਥਾਣਾ ਧਨੌਲਾ ਦੇ ਐਸ.ਐਚ.ੳ ਲਖਵਿੰਦਰ ਸਿੰਘ ਨੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਲਈ ਤਤਕਾਲੀ ਐਸ.ਐਸ.ਪੀ. ਸੰਦੀਪ ਗੋਇਲ ਨੇ ਐਸ.ਪੀ. ਪੀਬੀਆਈ ਹਰਬੰਤ ਕੌਰ ਦੀ ਅਗਵਾਈ ਵਿੱਚ ਸਿਟ ਕਾਇਮ ਕੀਤੀ ਸੀ। ਸਿੱਟ ਵਿੱਚ ਡੀਐਸਪੀ ਡੀ, ਡੀਐਸਪੀ ਐਚ ਤੋਂ ਇਲਾਵਾ ਥਾਣਾ ਧਨੌਲਾ ਦੇ ਐਸ.ਐਚ.ੳ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਸਿੱਟ ਦੀ ਰਿਪੋਰਟ , ਐਸ.ਐਸ.ਪੀ. ਸਾਹਿਬ ਦੀ ਪ੍ਰਵਾਨਗੀ ਉਪਰੰਤ ਥਾਣਾ ਧਨੌਲਾ ਵਿਖੇ ਪਹੁੰਚੀ, ਰਿਪੋਰਟ ਵਿੱਚ ਐਨਆਰਆਈ ਬੇਅੰਤ ਕੌਰ ਦੀ ਮਾਂ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਦੀ ਸੱਸ ਨੂੰ ਐਫ.ਆਈ.ਆਰ. ਨੰਬਰ 97/2021 ਵਿੱਚ ਨਾਮਜ਼ਦ ਕਰਨ ਲਈ ਕਿਹਾ ਗਿਆ, ਪੁਲਿਸ ਨੇ ਸਿੱਟ ਦੀ ਰਿਪੋਰਟ ਤੇ ਅਮਲ ਕਰਦਿਆਂ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਵਾਸੀ ਖੁੱਡੀ ਕਲਾਂ ਨੂੰ ਗਿਰਫਤਾਰ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ, ਹੋਰ ਖੁਲਾਸੇ ਹੋਣ ਤੋਂ ਬਾਅਦ, ਅਗਲੀ ਕਾਨੂੰਨੀ ਕਾਰਵਾਈ ਵੀ ਵਿੱਢੀ ਜਾਵੇਗੀ।
ਲੰਬੀ ਜੱਦੋਜਹਿਦ ਦਾ ਨਤੀਜ਼ਾ ਸੀ ਐਫ. ਆਈ .ਆਰ.
ਲਵਪ੍ਰੀਤ ਸਿੰਘ ਦੀ ਆਤਮ ਹੱਤਿਆ ਤੋਂ ਬਾਅਦ, ਕਥਿਤ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ਼ ਕਰਵਾਉਣ ਲਈ ਵੀ ਲੰਬੀ ਜੱਦੋਜਹਿਦ ਕਰਨੀ ਪਈ ਸੀ । ਪਰਿਵਾਰ ਨੂੰ ਇਨਸਾਫ ਦਿਵਾਉਣ ਲਈ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਵੀ ਪਹੁੰਚੀ ਸੀ, ਆਖਿਰ ਲੋਕ ਦਬਾਅ ਅਤੇ ਮਨੀਸ਼ਾ ਗੁਲਾਟੀ ਦੇ ਦਖਲ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਲਵਪ੍ਰੀਤ ਦੀ ਐਨਆਰਆਈ ਪਤਨੀ ਬੇਅੰਤ ਕੌਰ ਕੈਨੇਡਾ ਦੇ ਵਿਰੁੱਧ ਧੋਖਾਧੜੀ ਦਾ ਕੇਸ ਦਰਜ਼ ਕਰ ਦਿੱਤਾ ਸੀ ।
ਬੇਅੰਤ ਕੌਰ ਖਿਲਾਫ ਦਰਜ ਕੇਸ ਦੀ ਇਬਾਰਤ
ਇਹ ਮੁਕੱਦਮਾ ਦਰਖਾਸਤ ਨੰਬਰੀ 15ਵੀ.ਪੀ. ਮਿਤੀ 29-06-2021 ਵੱਲੋਂ ਬਲਵਿੰਦਰ ਸਿੰਘ ਵੱਲੋਂ ਬਰਖਿਲਾਫ ਬੇਅੰਤ ਕੋਰ ਦੇ ਦਰਜ ਰਜਿਸਟਰ ਹੋਇਆ। ਮੁਦੱਈ ਮੁੱਕਦਮਾ ਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਮਿਤੀ 02-08-2019 ਨੂੰ ਹੋਇਆ ਸੀ। ਵਿਆਹ ਸਮੇਂ ਅਤੇ ਬੇਅੰਤ ਕੌਰ ਨੂੰ ਕਨੇਡਾ ਭੇਜਣ ਸਮੇਂ 24/25 ਲੱਖ ਰੂਪੈ ਖਰਚਾ ਮੁਦੱਈ ਮੁਕੱਦਮਾ ਨੇ ਕੀਤਾ ਸੀ । ਵਿਆਹ ਤੋਂ ਬਾਅਦ ਮਿਤੀ 17-08-2019 ਨੂੰ ਬੇਅੰਤ ਕੌਰ ਦੇ ਪੜਾਈ ਪੂਰੀ ਕਰਕੇ ਕਨੇਡਾ ਜਾਣ ਤੋਂ ਬਾਅਦ ਮੁਦੱਈ ਮੁਕੱਦਮਾ ਦਾ ਲੜਕਾ ਕਾਫੀ ਟੈਨਸ਼ਨ ਵਿੱਚ ਰਹਿਣ ਲੱਗ ਪਿਆ । ਲਵਪ੍ਰੀਤ ਸਿੰਘ ਨਾਲ ਬੇਅੰਤ ਕੌਰ ਫੋਨ ਤੇ ਵੀ ਗੱਲ ਕਰਨੋ ਹੱਟ ਗਈ। ਜਿਸ ਕਰਕੇ 3-4 ਮਹੀਨੇ ਤੋਂ ਲਵਪ੍ਰੀਤ ਸਿੰਘ ਜਿਆਦਾ ਟੈਨਸਨ ਵਿੱਚ ਰਹਿਣ ਲੱਗ ਪਿਆ । ਆਖਿਰ ਮਿਤੀ 23/24-06-2021 ਦੀ ਦਰਮਿਆਨੀ ਰਾਤ ਨੂੰ ਮੁਦੱਈ ਮੁਕੱਦਮਾ ਦੇ ਲੜਕੇ ਲਵਪ੍ਰੀਤ ਸਿੰਘ ਦੀ ਮੌਤ ਖੇਤ ਵਿੱਚ ਹੋ ਗਈ ਸੀ। ਜਿਸ ਸਬੰਧੀ ਰਪਟ ਨੰਬਰ 13 ਮਿਤੀ 24-06-2021 ਅਧ 174 CRPC ਤਹਿਤ ਧਨੌਲਾ ਵਿਖੇ ਕਾਰਵਾਈ ਅਮਲ ਵਿੱਚ ਲਿਆਦੀ ਗਈ। ਜਿਕਰਯੋਗ ਹੈ ਕਿ ਮੁਦੱਈ ਮੁਕੱਦਮਾ ਵੱਲੋਂ 24 ਜੂਨ ਨੂੰ ਪੁਲਿਸ ਕੋਲ ਦਰਜ਼ ਕਰਵਾਏ ਬਿਆਨ ਵਿੱਚ ਆਪਣੇ ਬੇਟੇ ਦੀ ਮੋਤ ਸਪਰੇਅ ਚੜਨ ਕਰਕੇ ਹੋਣਾ ਲਿਖਵਾਇਆ ਗਿਆ ਸੀ । ਜਿਸ ਦਾ ਵਿਸਰਾ ਮਿਤੀ 30-06-2021 ਨੂੰ ਦਫਤਰ ਕੈਮੀਕਲ ਐਗਜਾਮੀਨਰ ਖਰੜ ਜਮ੍ਹਾ ਕਰਵਾਇਆ ਗਿਆ ਸੀੇ।