ਸੂਰ ਪਾਲਕ ਬਿਮਾਰ ਸੂਰਾਂ ਨੂੰ ਬਾਹਰ ਨਾ ਛੱਡਣ, ਕੱਲਿੰਗ ਦਾ ਮੁਆਵਜ਼ਾ ਦੇਵੇਗੀ ਸਰਕਾਰ-ਡਿਪਟੀ ਕਮਿਸ਼ਨਰ
ਪਟਿਆਲਾ, 31 ਅਗਸਤ (ਰਾਜੇਸ਼ ਗੋਤਮ)
ਪਟਿਆਲਾ ਜ਼ਿਲ੍ਹੇ ਅੰਦਰ ਚਾਰ ਖੇਤਰਾਂ ਵਿੱਚ ਫੈਲੀ ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਕ ਹੰਗਾਮੀ ਬੈਠਕ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਇਸ ਬੈਠਕ ਮੌਕੇ ਡਿਪਟੀ ਕਮਿਸ਼ਨਰ ਨੇ ਪੁਲਿਸ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਰਾਂ ਜਾਂ ਸੂਰਾਂ ਦੇ ਮੀਟ ਜਾਂ ਸੂਰ ਫਾਰਮਾਂ ਨਾਲ ਸਬੰਧਤ ਕਿਸੇ ਵੀ ਸਮੱਗਰੀ ਦੀ ਜ਼ਿਲ੍ਹੇ ਵਿੱਚੋਂ ਬਾਹਰ ਆਵਾਜਾਈ ‘ਤੇ ਪੂਰਨ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਜ਼ਿਲ੍ਹੇ ‘ਚ ਵਿਸ਼ੇਸ਼ ਨਾਕਾਬੰਦੀ ਕਰਨ ਸਮੇਤ ਮੀਟ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾ, ਗੰਗਰੋਲਾ, ਬਾਬੂ ਸਿੰਘ ਕਲੋਨੀ ਅਬਲੋਵਾਲ ਤੇ ਪਾਸੀ ਰੋਡ ਦੀ ਬਾਬਾ ਜੀਵਨ ਸਿੰਘ ਬਸਤੀ ਸੂਰਾਂ ਦੀ ਬਿਮਾਰੀ ਦੇ ਕੇਂਦਰ ਵਜੋਂ ਨੋਟੀਫਾਈ ਕੀਤੇ ਗਏ ਹਨ, ਇਸ ਲਈ ਇਹ ਬਿਮਾਰੀ ਅੱਗੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ, ਉਨ੍ਹਾਂ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਸੂਰ ਪਾਲਕ ਫਾਰਮਾਂ ਨੂੰ ਕੰਟੇਨਮੈਂਟ ਜ਼ੋਨ ਪਹਿਲਾਂ ਹੀ ਐਲਾਨਿਆ ਹੋਇਆ ਹੈ।
ਸਾਕਸ਼ੀ ਸਾਹਨੀ ਨੇ ਸੂਰ ਪਾਲਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਕਟ ਦੀ ਇਸ ਘੜੀ ‘ਚ ਉਨ੍ਹਾਂ ਦੇ ਨਾਲ ਖੜ੍ਹਾ ਹੈ, ਇਸ ਲਈ ਉਹ ਆਪਣੇ ਸੂਰਾਂ ਨੂੰ ਆਪਣੇ ਫਾਰਮਾਂ ‘ਚ ਹੀ ਰੱਖਣ ਨਾ ਕਿ ਇਨ੍ਹਾਂ ਨੂੰ ਕਿਸੇ ਖੁੱਲ੍ਹੀ ਜਗ੍ਹਾ ਜਾਂ ਬੀੜ ਆਦਿ ‘ਚ ਬਾਹਰ ਨਾ ਛੱਡਣ। ਉਨ੍ਹਾਂ ਨੇ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਨੂੰ ਕਿਹਾ ਕਿ ਬੀੜਾਂ ਦੁਆਲੇ ਵਿਸ਼ੇਸ਼ ਨਾਕਾਬੰਦੀ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਪੀੜਤ ਸੂਰ ਦੀ ਮੌਤ ਹੋਣੀ ਤੈਅ ਹੈ, ਇਸ ਲਈ ਇਨ੍ਹਾਂ ਦੀ ਕੱਲਿੰਗ ਦਾ ਪੰਜਾਬ ਸਰਕਾਰ ਸੂਰ ਪਾਲਕਾਂ ਨੂੰ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਕਿਸਾਨ ਤੇ ਸੂਰ ਪਾਲਕ ਜ਼ਿਲ੍ਹਾ ਪ੍ਰਸ਼ਾਸਨ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਤਾਂ ਕਿ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਜ਼ਿਲ੍ਹੇ ਵਿੱਚ ਕੋਈ ਪਸ਼ੂ ਮੇਲਾ ਨਹੀਂ ਲੱਗੇਗਾ ਅਤੇ ਪ੍ਰਭਾਵਤ ਇਲਾਕਿਆਂ ‘ਚ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ।