ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਸਮਾਜ ਸੇਵੀ ਸੰਸਥਾ ਨੇ ਕੀਤਾ ਰੋਸ ਪ੍ਰਦਰਸ਼ਨ
ਪਰਦੀਪ ਕਸਬਾ ਸੰਗਰੂਰ, 6 ਜੁਲਾਈ 2022
ਸੰਗਰੂਰ ਚੋਂ ਬੇਸਹਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਅੱਜ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਜ਼ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਅਗਰਸੈਨ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ।
ਇਸ ਮੌਕੇ ਫਾਊਂਡੇਸ਼ਨ ਦੇ ਆਗੂ ਸਤਿੰਦਰ ਸਾਹਨੀ ਰਸ਼ਪਾਲ ਸਿੰਘ ਟੀਪੂ ਐਡਵੋਕੇਟ ਡੀ ਐੱਸ ਸਿੰਘ, ਜੇ ਪੀ ਗਰਗ, ਰਾਜ ਕੁਮਾਰ ਸ਼ਰਮਾ, ਕੁਲਵੰਤ ਰਾਏ ਬਾਂਸਲ, ਮਿੱਠੂ ਸਿੰਘ ਅਕੋਈ ਸਾਹਿਬ, ਰਾਜਿੰਦਰਪਾਲ ਭੱਲਾ, ਸੋਨੂੰ ਸਾਹਨੀ ਨੇ ਕਿਹਾ ਕਿ ਸੰਗਰੂਰ ਵਿੱਚ ਨਿੱਤ ਦਿਨ ਬੇਸਹਾਰਾ ਪਸ਼ੂਆਂ ਦੀਆਂ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ । ਜਿਸ ਕਾਰਨ ਮਜਬੂਰ ਹੋ ਕੇ ਅੱਜ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਆਗੂਆਂ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਨੂੰ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਇਸ ਸਮੱਸਿਆ ਦਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਆਗੂਆਂ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੇ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਪਰ ਸੰਗਰੂਰ ਦਾ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਗੂਆਂ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਦੇਖ ਭਾਲ ਕਰਨਾ ਸਰਕਾਰ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਮ ਤੇ ਟੈਕਸ ਵਸੂਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਦੇ ਨਾਮ ‘ਤੇ ਇਕੱਠੇ ਕੀਤੇ ਟੈਕਸ ਦੀ ਵਰਤੋਂ ਨਹੀਂ ਕੀਤੀ ਹੈ।
ਇਸ ਮੌਕੇ ਸੰਦੀਪ ਸਿੰਘ ਗਾਂਧੀ , ਯਾਦਵਿੰਦਰ ਸਿੰਘ ਹਨੀ, ਦੁਰਗਾ ਦਾਸ ਗੋਇਲ , ਗਗਨਦੀਪ ਸਿੰਘ ਅਤੇ ਮੇਵਾ ਸਿੰਘ ਨੇ ਕਿਹਾ ਕਿ ਸਰਕਾਰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ ।