ਦਵਿੰਦਰ ਡੀ.ਕੇ. ਲੁਧਿਆਣਾ 12 ਜੁਲਾਈ 2022
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।
ਉਪਰੋਕਤ ਸਤਰਾਂ ਦੀ ਰਚਨਾ ਕਰਨ ਵਾਲੇ ਏਸ਼ੀਅਨ ਖਿੱਤੇ ਦੇ ਮਹਾਨ ਪੰਜਾਬੀ ਲੋਕ ਕਵੀ ਬਾਬਾ ਨਜਮੀ ਲਾਹੌਰੋਂ ਟੋਰੰਟੋ (ਕੈਨੇਡਾ) ਪਹੁੰਚ ਗਏ ਹਨ। ਹਵਾਈ ਅੱਡੇ ਤੇ ਉੱਘੇ ਪੰਜਾਬੀ ਲੇਖਕਾਂ ਇਕਬਾਲ ਮਾਹਲ, ਦਲਜੀਤ ਸਿੰਘ ਗੈਡੂ ਤੇ ਜਰਨੈਲ ਸਿੰਘ ਮਠਾਰੂ ਨੇ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ। ਅਗਲੇ ਦਿਨੀਂ ਉਹ ਕੈਨੇਡਾ ਵਿੱਚ ਹੋਣ ਵਾਲੀਆਂ ਸਾਹਿੱਤਕ ਸਰਗਰਮੀਆਂ ਵਿੱਚ ਭਾਗ ਲੈਣਗੇ ਜਿੰਨ੍ਹਾਂ ਵਿੱਚੋਂ ਸਰਬ ਸਾਂਝਾ ਕਵੀ ਦਰਬਾਰ ਪ੍ਰਮੁੱਖ ਹੈ।
ਟੋਰੰਟੋ ਤੋਂ ਇਕਬਾਲ ਮਾਹਲ ਜੀ ਨੇ ਇਹ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਫੇਰੀ ਦੌਰਾਨ ਹੀ ਉਨ੍ਹਾਂ ਦੀ ਸਮੁੱਚੀ ਰਚਨਾ ਦਾ ਸੰਗ੍ਰਹਿ ਮੈਂ ਇਕਬਾਲ ਪੰਜਾਬੀ ਦਾ ਵੀ ਰਾਮਗੜੀਆ ਭਵਨ ਵਿਖੇ ਲੱਗੀ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਚ ਵਿਸ਼ੇਸ਼ ਤੌਰ ਤੇ ਲੋਕ ਅਰਪਨ ਕੀਤਾ ਜਾਵੇਗਾ ਜਿਸਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਸੰਪਾਦਕ ਮੰਡਲ ਵਿੱਚ ਇਕਬਾਲ ਮਾਹਲ, ਜਸਪਾਲ ਘਈ, ਸਤੀਸ਼ ਗੁਲਾਟੀ ਤੇ ਗੁਰਭਜਨ ਗਿੱਲ ਸ਼ਾਮਿਲ ਹਨ।
ਬਾਬਾ ਨਜਮੀ ਬਾਰੇ ਜਾਣਕਾਰੀ ਦੇਂਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਤੋਂ ਉੱਜੜ ਕੇ ਲਾਹੌਰ ਜਾ ਵੱਸਿਆ ਸੀ। ਇਹ ਪਿੰਡ ਯੁਗ ਕਵੀ ਹਾਸ਼ਮ ਸ਼ਾਹ ਦੀ ਜਨਮ ਭੂਮੀ ਵੀ ਹੈ। ਬਾਬਾ ਨਜਮੀ ਦਾ ਜਨਮ ਲਾਹੌਰ (ਪਾਕਿਸਤਾਨ) ਵਿਚ 1948 ਵਿੱਚ ਹੋਇਆ । ਉਨ੍ਹਾਂ ਦਾ ਅਸਲ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਸਿਰਜਣਾ ਕਰਦੇ ਹਨ । ਬਾਬਾ ਨਜਮੀ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ ਅਤੇ ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।
ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ ਪੰਜਾਬੀ ਮਾਂ ਬੋਲੀ ਬਾਰੇ ਚਿੰਤਾ ਵਾਲੇ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਲੋਕਾਂ ਦੀ ਗਫ਼ਲਤ ਨੂੰ ਦੋਸ਼ੀ ਮੰਨਦੇ ਹਨ।
ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਅੱਖਰਾਂ ਵਿੱਚ ਸਮੁੰਦਰ ,ਸੋਚਾਂ ਵਿੱਚ ਜਹਾਨ,ਮੇਰਾ ਨਾਂ ਇਨਸਾਨ ਅਤੇ ਮੈਂ ਇਕਬਾਲ ਪੰਜਾਬੀ ਦਾ ਹਨ।
ਬਾਬਾ ਨਜਮੀ ਸਾਰੀ ਉਮਰ ਕਿਰਤ ਕਮਾਈ ਤੇ ਹੀ ਨਿਰਭਰ ਰਹੇ ਹਨ। ਇਮਾਰਤਾਂ ਕਲੀ ਕਰਨ, ਸੜਕਾਂ ਤੇ ਰੋੜੀ ਕੁੱਟਣ ਵਰਗੇ ਕੰਮਾਂ ਚ ਰੁੱਝੇ ਰਹੇ ਬਾਬਾ ਨਜਮੀ 75 ਸਾਲ ਦੀ ਉਮਰ ਵਿੱਚ ਵੀ ਕਲਮ ਅਤੇ ਅਮਲ ਦੇ ਸੂਰਮੇ ਕਵੀ ਹਨ ਜੋ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਦਿਨ ਰਾਤ ਲੱਗੇ ਹੋਏ ਹਨ। ਵਰਨਣ ਯੋਗ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਮੈਂਬਰ ਪਾਰਲੀਮੈਂਟ ਵਜੋਂ ਅਤੇ ਹੁਣ ਮੁੱਖ ਮੰਤਰੀ ਵਜੋਂ ਅਕਸਰ ਆਪਣੇ ਭਾਸ਼ਨਾਂ ਵਿੱਚ ਬਾਬਾ ਨਜਮੀ ਦੀ ਸ਼ਾਇਰੀ ਸੁਣਾਂਉਂਦੇ ਹਨ।
ਪਿਛਲੇ ਮਾਰਚ ਮਹੀਨੇ ਲਾਹੌਰ ਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਬਾਬਾ ਨਜਮੀ ਨੇ ਇਹ ਇੱਛਾ ਪ੍ਰਗਟਾਈ ਸੀ ਕਿ ਉਹ ਆਪਣੇ ਵੱਡਿਆਂ ਦੀ ਜਨਮ ਭੂਮੀ ਜਗਦੇਵ ਕਲਾਂ ਆਉਣਾ ਚਾਹੁੰਦੇ ਹਨ ਅਤੇ ਆਪਣੇ ਵੱਡੇ ਪੰਜਾਬ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਾਵਿ ਮਨੋਰਥ ਸਪਸ਼ਟ ਹੈ।