ਜ਼ਬਰ ਜ਼ੁਲਮ ਨੂੰ ਵਿਸ਼ਾਲ ਜਥੇਬੰਦਕ ਲੋਕ ਏਕੇ ਨਾਲ ਹੀ ਰੋਕਿਆ ਜਾ ਸਕਦੈ-ਇਨਕਲਾਬੀ ਕੇਂਦਰ
ਹਰਿੰਦਰ ਨਿੱਕਾ , ਬਰਨਾਲਾ 11 ਜੁਲਾਈ 2022
ਲੁੱਟ,ਜ਼ਬਰ ਤੇ ਦਾਬੇ ਦੇ ਅਧਾਰ ਤੇ ਉੱਸਰਿਆ ਹੋਇਆ ਅਤੇ ਲੋਕਾਂ ਦੀ ਥਾਂ ਮੁਨਾਫ਼ੇ ਨੂੰ ਪਹਿਲ ਦੇਣ ਵਾਲਾ ਇਹ ਸਰਮਾਏਦਾਰਾਨਾ ਸਾਮਰਾਜੀ ਪ੍ਰਬੰਧ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣੇ ਅੰਨ੍ਹੇ ਮੁਨਾਫ਼ੇ ਕਮਾਉਣ ਦੇ ਹੋੜ ਵਜੋਂ ਇੱਕਪਾਸੜ ਤੌਰ ਤੇ ਤਕਨਾਲੋਜੀ ਨੂੰ ਵਿਕਸਿਤ ਕਰਕੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ । ਸਾਡੇ ਜਲ,ਜੰਗਲ ,ਜ਼ਮੀਨ ਨੂੰ ਜ਼ਹਿਰੀਲਾ ਕਰਕੇ,ਲੋਕਾਂ ਨੂੰ ਮੌਤ ਦੇ ਮੂੰਹ ਧੱਕ ਰਹੇ ਹਨ। ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਵੋਟਾਂ ਰਾਹੀਂ ਚੁਣੀਆਂ ਸਾਰੀਆਂ ਸਰਕਾਰਾਂ ਤੱਤ ਰੂਪ ਵਿੱਚ ਇਸੇ ਰਾਜ ਪ੍ਰਬੰਧ ਦੇ ਹਿਤ ਵਿੱਚ ਭੁਗਤਦੀਆਂ ਹਨ।
ਇਸ ਸਾਮਰਾਜੀ ਸੱਪ ਦੀ ਸਿਰੀ ਨੂੰ ਤਾਂ ਕੇਵਲ ਇੱਕੋ- ਇੱਕ ਤਾਕਤ ਹੀ ਨੱਪ ਸਕਦੀ ਹੈ ਤੇ ਉਹ ਹੈ ਵਿਸ਼ਾਲ ਤੇ ਸਹੀ ਦਿਸ਼ਾ ਵਿੱਚ ਉੱਸਰੀ ਜਥੇਬੰਦਕ ਲੋਕ ਤਾਕਤ , ਜਿਸ ਨੇ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਇਤਿਹਾਸਕ ਜੇਤੂ ਘੋਲ ਤੇ ਹੁਣ ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਘੋਲ ਦੀ ਜਿੱਤ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਬਰ ਜ਼ੁਲਮ ਨੂੰ ਵਿਸ਼ਾਲ ਜਥੇਬੰਦਕ ਲੋਕ ਏਕੇ ਨਾਲ ਹੀ ਰੋਕਿਆ ਜਾ ਸਕਦੈ।
ਇਨਕਲਾਬ-ਜਿੰਦਾਬਾਦ ਅਤੇ ਸਾਮਰਾਜਵਾਦ-ਮੁਰਦਾਬਾਦ , ਇਹ ਨਾਹਰਾ ਭਗਤ ਸਿੰਘ ਨੇ ਦਿੱਤਾ ਸੀ,ਜਿਸ ਤੋਂ ਇਹ ਸਾਫ ਪਤਾ ਲਗਦੈ ਕਿ ਸਾਮਰਾਜਵਾਦ-ਮੁਰਦਾਬਾਦ ਤਾਂ ਹੀ ਹੋ ਸਕਦੇ ਦੇਕਰ ਇਨਕਲਾਬ-ਜਿੰਦਾਬਾਦ ਹੋਵੇਗਾ,ਇਸ ਲਈ ਭਗਤ ਸਿੰਘ ਤੇ ਰਾਹ ਤੇ ਚੱਲਣ ਤੇ ਇਨਕਲਾਬ ਦੇ ਅਸਲੀ ਅਰਥਾਂ ਨੂੰ ਸਮਝਣ ਲਈ ਚੇਤੰਨ ਲੋਕਾਂ ਨੂੰ ਲਾਜ਼ਮੀ ਤੌਰ ਜਥੇਬੰਦ ਹੋਣਾ ਪਵੇਗਾ। ਇਸ ਤੋਂ ਵੀ ਅੱਗੇ ਇਨ੍ਹਾਂ ਸੰਘਰਸ਼ਾਂ ਨੂੰ ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਅਤੇ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ਼ ਸੇਧਤ ਕਰਨਾ ਹੋਵੇਗਾ।