ਆਧੁਨਿਕ ਤੇ ਪਰੰਪਰਾਗਤ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦੀ ਸਜਾਵਟ’ ਦੀ ਸਿਖਲਾਈ
ਰਿਚਾ ਨਾਗਪਾਲ , ਪਟਿਆਲਾ, 29 ਜੂਨ:2022
ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਕੱਪੜਿਆਂ ਦੇ ਸਜਾਵਟ ਦੀ ਸਿਖਲਾਈ ਲਈ ‘ਆਧੁਨਿਕ ਅਤੇ ਪਰੰਪਰਾਗਤ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦੀ ਸਜਾਵਟ’ ਵਿਸ਼ੇ ‘ਤੇ 22 ਤੋਂ 28 ਜੂਨ ਤੱਕ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ‘ਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪਿੰਡਾਂ, ਖੇੜੀ ਮਾਨੀਆ, ਦੁਘਾਟ, ਕੱਲਰ ਮਾਜਰੀ ਅਤੇ ਦੇਵੀਗੜ੍ਹ ਦੀਆਂ 30 ਕਿਸਾਨ ਔਰਤਾਂ ਨੇ ਭਾਗ ਲਿਆ।
ਇਸ ਦੌਰਾਨ ਗ੍ਰਹਿ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਕੱਪੜਿਆਂ ਦੀ ਸਜਾਵਟ ਲਈ ਵੱਖ-ਵੱਖ ਤਰ੍ਹਾਂ ਦੀ ਹੱਥਾਂ ਦੀ ਕਢਾਈ ਦੇ ਟਾਂਕੇ, ਫੈਬਰਿਕ ਪੇਂਟਿੰਗ ਅਤੇ ਬਲਾਕ ਪ੍ਰਿੰਟਿੰਗ ਦਾ ਪ੍ਰਦਰਸ਼ਨ ਕੀਤਾ। ਪੂਜਾ ਸ਼ਾਰਦਾ ਨੇ ਗਲਾਸ ਪੇਂਟਿੰਗ ਅਤੇ ਮੂਰਲ ਆਰਟ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਸਜਾਵਟੀ ਵਸਤੂਆਂ ਦੀ ਤਿਆਰੀ ਨੂੰ ਦਰਸਾਇਆ।
ਕਾਲਜ ਆਫ਼ ਕਮਿਊਨਿਟੀ ਸਾਇੰਸ ਦੀ ਸਾਬਕਾ ਵਿਦਿਆਰਥਣ ਤੇ ਸਾਬਕਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੀਤਾਪ੍ਰੀਤ ਕੌਰ ਨੇ ਦਿਹਾਤੀ ਖੇਤਰਾਂ ਦੀਆਂ ਔਰਤਾਂ ਨੂੰ ਗਾਰਮੈਂਟਸ ਦਾ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਫੈਸ਼ਨ ਅਤੇ ਜਿਊਲਰੀ ਡਿਜ਼ਾਈਨਰ ਕਿਰਨ ਸੰਘਾ ਨੇ ਸਿਖਿਆਰਥੀਆਂ ਨੂੰ ਵਿੱਤੀ ਲਾਭ ਲਈ ਹੁਨਰ ਵਿਕਾਸ ਦੀ ਸਿਖਲਾਈ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਰਚਨਾ ਸਿੰਗਲਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਤੇ ਭਾਗੀਦਾਰਾਂ ਨੂੰ ਫਲਦਾਰ ਬੂਟੇ ਲਗਾਉਣ ਦੀ ਸਲਾਹ ਦਿੱਤੀ।