ਗ੍ਰਾਹਕਾਂ ਨੂੰ ਅੰਦਰ ਵਾੜ ਕੇ ਦੁਕਾਨ ਦਾ ਅੱਧਾ ਖੁੱਲਾ ਰੱਖਦੇ ਸ਼ਟਰ
-ਪਟਿਆਲਾ ਚ, ਵੀ ਚੋਰੀ ਛਿੱਪੇ ਕਿਤਾਬਾਂ ਵੇਚਣ ਵਾਲੇ ਤੋਂ ਫੈਲਿਆ ਕੋਰੋਨਾ
ਕੁਲਵੰਤ ਰਾਏ ਗੋਇਲ ਬਰਨਾਲਾ 30 ਅਪ੍ਰੈਲ 2020
ਜਿਲ੍ਹੇ ਦੇ ਧਨੌਲਾ ਕਸਬੇ ਚ, ਇੱਕ ਕਿਤਾਬਾਂ ਦੀ ਦੁਕਾਨ ਵਾਲੇ ਵੱਲੋਂ ਕਰਫਿਊ ਦੀ ਪਾਬੰਦੀਆਂ ਅਤੇ ਪ੍ਰਸ਼ਾਸ਼ਨ ਨੂੰ ਟਿੱਚ ਸਮਝ ਕੇ ਚਲਾਕੀ ਨਾਲ ਕੀਤੀ ਜਾ ਰਹੀ ਕਿਤਾਬਾਂ ਦੀ ਵਿਕਰੀ ਬਰਨਾਲਾ ਟੂਡੇ ਦੀ ਟੀਮ ਦੇ ਕੈਮਰੇ ਚ, ਕੈਦ ਹੋ ਗਈ। ਦੁਕਾਨਦਾਰ ਆਪਣੀ ਦੁਕਾਨ ਦਾ ਅੱਧਾ ਸ਼ਟਰ ਖੋਹਲ ਕੇ ਰੱਖਦਾ ਹੈ, ਇੱਕ ਵਿਅਕਤੀ ਦੁਕਾਨ ਦੇ ਬਾਹਰ ਤੇ ਦੂਸਰੇ ਦੁਕਾਨ ਦੇ ਅੰਦਰ ਹੀ ਰਹਿੰਦੇ ਹਨ। ਇਹ ਸਾਰੀ ਖੇਡ ਦਿਨ ਦਿਹਾੜੇ ਗੁਰੂਦੁਆਰਾ ਰਾਮਸਰ ਰੋਡ ਤੇ ਖੇਡੀ ਜਾ ਰਹੀ ਹੈ। ਜਦੋਂ ਕਿ ਇਹ ਬਾਜ਼ਾਰ ਚ, ਪੁਲਿਸ ਦੀ ਗਸ਼ਤ ਵੀ ਆਮ ਰਹਿੰਦੀ ਹੈ। ਇਸ ਤਰਾਂ ਹੋਰ ਕਿੰਨੇ ਦੁਕਾਨਦਾਰ ਵੀ ਪੁਲਿਸ ਦੀ ਲਾਪਰਵਾਹੀ ਜਾਂ ਕਥਿਤ ਮਿਲੀਭੁਗਤ ਦਾ ਫਾਇਦਾ ਉਠਾ ਕੇ ਕਰਫਿਊ ਦੀਆਂ ਧੱਜੀਆਂ ਉਡਾਉਂਦੇ ਹੋਏ ਲਾਲਚ ਵੱਸ ਖੁਦ ਦੀ ਅਤੇ ਹੋਰ ਲੋਕਾਂ ਦੀ ਜਿੰਦਗੀ ਨੂੰ ਜਾਣੇ-ਅਣਜਾਣੇ ਕੋਰੋਨਾ ਵਾਇਰਸ ਦਾ ਸ਼ਿਕਾਰ ਬਣਾਉਣ ਚ, ਲੱਗੇ ਹੋਣਗੇ। ਵਰਨਯੋਗ ਹੈ ਕਿ ਪੁਲਿਸ ਨੇ ਕਰਫਿਊ ਲਾਗੂ ਹੋਣ ਤੋਂ ਬਾਅਦ ਸੈਂਕੜੇ ਹੀ ਘਰੋਂ ਬਾਹਰ ਨਿੱਕਲੇ ਲੋਕਾਂ ਨੂੰ ਫੜ ਫੜ ਕੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕੀਤੇ ਹਨ। ਪਰੰਤੂ ਅਜਿਹੇ ਦੁਕਾਨਦਾਰ ਪੁਲਿਸ ਦੀ ਪਕੜ ਤੋਂ ਦੂਰ ਹੀ ਹਨ, ਜਾਂ ਪੁਲਿਸ ਇੱਨਾਂ ਦੇ ਖਿਲਾਫ ਕੋਈ ਕਾਰਵਾਈ ਕਰਨਾ ਹੀ ਨਹੀਂ ਚਾਹੁੰਦੀ। ਅੰਕੜੇ ਬੋਲਦੇ ਹਨ ਕਿ ਪਟਿਆਲਾ ਜਿਲ੍ਹੇ ਅੰਦਰ ਕੋਰੋਨਾ ਦੇ ਫੈਲਣ ਚ, ਸਭ ਤੋਂ ਵਧੇਰੇ ਰੋਲ ਵੀ ਇੱਕ ਪੁਸਤਕ ਵਿਕਰੇਤਾ ਦਾ ਹੀ ਰਿਹਾ ਹੈ। ਜਿਸ ਨੇ ਕਰਫਿਊ ਪਾਸ ਦੀ ਆੜ ਚ, ਪਟਿਆਲਾ ਸ਼ਹਿਰ ਹੀ ਨਹੀਂ ਰਾਜਪੁਰਾ ਆਦਿ ਦੂਰ ਦੁਰਾਡੇ ਖੇਤਰਾਂ ਚ, ਚੋਰੀ ਛਿੱਪੇ ਪੁਸਤਕਾਂ ਦੀ ਵਿਕਰੀ ਕੀਤੀ ਸੀ। ਜੋ ਖੁਦ ਵੀ ਅਤੇ ਉਸ ਦੇ ਪਰਿਵਾਰ ਦੇ ਕਈ ਮੈਂਬਰ ਵੀ ਕੋਰੋਨਾ ਪੌਜੇਟਿਵ ਆ ਗਏ ਸਨ। ਉਸ ਪੁਸਤਕ ਵਿਕਰੇਤਾ ਨੇ ਪਟਿਆਲਾ ਪ੍ਰਸ਼ਾਸ਼ਨ ਨੂੰ ਮੁਸੀਬਤ ਖੜੀ ਕਰ ਦਿੱਤੀ ਹੈ ਅਤੇ ਉਸ ਦੇ ਸੰਪਰਕ ਚ, ਆਏ ਸ਼ਾਹੀ ਸ਼ਹਿਰ ਅਤੇ ਜਿਲ੍ਹੇ ਦੇ ਹੋਰਨਾਂ ਲੋਕਾਂ ਨੂੰ ਵੀ ਸ਼ੱਕੀ ਮਰੀਜ਼ ਹੋਣ ਦੀ ਵਜਾਂ ਨਾਲ 14/14 ਦਿਨ ਦੇ ਇਕਾਂਤਵਾਸ ਚ, ਰਹਿਣ ਨੂੰ ਮਜਬੂਰ ਕਰ ਦਿੱਤਾ ਸੀ।