ਰਾਸ਼ਨ ਕਾਰਡਾਂ ਚੋਂ ਕੱਟੇ ਗਏ ਨਾਮਾਂ ਨੂੰ ਬਹਾਲ ਕਰਾਉਣ ਨੂੰ ਲੈ ਕੇ ਕੀਤੀ ਰੋਸ ਰੈਲੀ
ਪ੍ਰਦੀਪ ਕਸਬਾ, ਸੰਗਰੂਰ , 4 ਮਾਰਚ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਉੱਪਲੀ ਵਿਖੇ ਰਾਸ਼ਨ ਕਾਰਡ ਚੋਂ ਕੱਟੇ ਨਾਮ ਬਹਾਲ ਕਰਵਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਲੰਬੇ ਸਮੇਂ ਤੋਂ ਬਣਾ ਕੇ ਦਿੱਤੀ ਲਿਸਟਾਂ ਵਿੱਚ ਨਾਮ ਨਾ ਆਣ ਖ਼ਿਲਾਫ਼ ਅਤੇ ਹੋਰ ਮੰਗਾਂ ਸਬੰਧੀ ਰੈਲੀ ਕੀਤੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਭਾਖੜਾ- ਬਿਆਸ- -ਮੈਨਜਮੈਂਟ- ਬੋਰਡ, ਵਿੱਚੋਂ ਪੰਜਾਬ ਨੂੰ ਬਾਹਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ।
ਪਿੰਡ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾਂ ਰਾਸ਼ਨ ਕਾਰਡ ਚੋਂ ਕੱਟੇ ਨਾਂ ਬਹਾਲ ਕਰਨ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਹੇਠਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਪਰ ਹੁਣ ਜੋ ਪਿੰਡ ਉੱਪਲੀ ਵਿਖੇ ਡਿਪੂ ਹੋਲਡਰਾਂ ਕੋਲ ਕਣਕ ਆਈ ਹੈ,ਉਸ ਵਿੱਚ ਨਾ ਤਾਂ ਜਿਨ੍ਹਾਂ ਦੀ ਕਣਕ ਕੱਟੀ ਗਈ ਸੀ ਉਹ ਆਈ ਹੈ ਅਤੇ ਨਾ ਹੀ ਨਵੇਂ ਰਾਸ਼ਨ ਕਾਰਡ ਬਣ ਕੇ ਆਏ ਹਨ।
ਪਿੰਡ ਵਾਸੀਆਂ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਾਰੇ ਲੱਪਿਆਂ ਤੋਂ ਤੰਗ ਆ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਅਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਰਾਸ਼ਨ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਸਬਸਿਡੀਆਂ ਤਹਿਤ ਡਿੱਪੂਆਂ ਤੇ ਮਿਲਣੀ ਯਕੀਨੀ ਬਣਾਈ ਜਾਵੇ।
ਆਗੂਆਂ ਨੇ ਕਿਹਾ ਪਰ ਅਫ਼ਸੋਸ ਕਿ ਆਟਾ ਦਾਲ ਵੀ ਨਹੀਂ ਮਿਲ ਰਹੀ ਜਿਨ੍ਹਾਂ ਜਿਨ੍ਹਾਂ ਨੂੰ ਮਿਲ ਰਹੀ ਹੈ ਉਹ ਸਿਰਫ਼ ਤੇ ਸਿਰਫ਼ ਕਣਕ ਹੀ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੀ ਲਾਰੇ ਲੱਪੇ ਦੀ ਨੀਤੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਰੈਲੀ ਦੀ ਸਮਾਪਤੀ ਕੀਤੀ ।