ਸੰਗਰੂਰ ਜ਼ਿਲ੍ਹੇ ਦੇ ਪੈਂਦੇ 5 ਵਿਧਾਨ ਸਭਾ ਹਲਕਿਆਂ ਵਿੱਚ 74.3 ਫੀਸਦੀ ਪੋਲਿੰਗ
*ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜਿਆ
*ਜ਼ਿਲਾ ਚੋਣ ਅਫ਼ਸਰ ਵੱਲੋਂ ਸਮੂਹ ਵੋਟਰਾਂ, ਚੋਣ ਅਮਲੇ ਤੇ ਰਿਟਰਨਿੰਗ ਅਧਿਕਾਰੀਆਂ ਦਾ ਧੰਨਵਾਦ
ਪਰਦੀਪ ਕਸਬਾ,ਸੰਗਰੂਰ, 20 ਫਰਵਰੀ 2022
ਜ਼ਿਲਾ ਸੰਗਰੂਰ ’ਚ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ। ਜ਼ਿਲੇ ਵਿੱਚ ਪੈਂਦੇ 5 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ ਲਗਭਗ 74.3 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਹਲਕਾ ਲਹਿਰਾ ’ਚ 74.7 ਫੀਸਦੀ, ਦਿੜਬਾ ’ਚ 76.6 ਫੀਸਦੀ, ਸੁਨਾਮ ’ਚ 73.8 ਫੀਸਦੀ, ਧੂਰੀ ’ਚ 74.4 ਫੀਸਦੀ ਅਤੇ ਸੰਗਰੂਰ ’ਚ 72.2 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ ਜੋ ਕਿ ਜ਼ਿਲਾ ਸੰਗਰੂਰ ਵਿੱਚ ਹੁਣ ਤੱਕ ਦੇ ਪ੍ਰਾਪਤ ਹੋਏ ਅੰਕੜਿਆਂ ਦੇ ਮੁਤਾਬਕ ਲਗਭਗ 74.3 ਫੀਸਦੀ ਬਣਦਾ ਹੈ। ਉਨਾਂ ਦੱਸਿਆ ਕਿ ਵੋਟਾਂ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂ ਜੋ ਹਾਲੇ ਕੁਝ ਥਾਵਾਂ ’ਤੇ ਵੋਟਿੰਗ ਪ੍ਰਕਿਰਿਆ ਜਾਰੀ ਹੈ ਅਤੇ ਪੋਲਿੰਗ ਪਾਰਟੀਆਂ ਵੱਲੋਂ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਬਾਅਦ ਹੀ ਵੋਟ ਪ੍ਰਤੀਸ਼ਤਤਾ ਬਾਰੇ ਸਹੀ ਅੰਕੜੇ ਜਾਰੀ ਕੀਤੇ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਜ਼ਿਲਾ ਸੰਗਰੂਰ ’ਚ 5 ਵਿਧਾਨ ਸਭਾ ਹਲਕਿਆਂ ਤੋਂ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਜ਼ਿਲੇ ’ਚ 9 ਲੱਖ 5 ਹਜ਼ਾਰ 831 ਵੋਟਰ ਹਨ ਜਿਨਾਂ ਵਿਚ 4 ਲੱਖ 79 ਹਜ਼ਾਰ 379 ਮਰਦ, 4 ਲੱਖ 26 ਹਜ਼ਾਰ 428 ਔਰਤ ਵੋਟਰ ਅਤੇ 24 ਟਰਾਂਸਜੈਂਡਰ ਵੋਟਰ ਸ਼ਾਮਿਲ ਹਨ।
ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਅਤੇ ਜ਼ਿਲਾ ਪੁਲਿਸ ਮੁਖੀ ਸ਼੍ਰੀ ਸਵਪਨ ਸ਼ਰਮਾ ਨੇ ਜ਼ਿਲੇ ਦੇ ਸਮੁੱਚੇ ਵੋਟਰਾਂ ਦਾ ਸ਼ਾਂਤਮਈ ਵੋਟਿੰਗ ਪ੍ਰਕਿਰਿਆ ਲਈ ਧੰਨਵਾਦ ਕੀਤਾ। ਉਨਾਂ ਚੋਣ ਅਮਲੇ ਤੇ ਰਿਟਰਨਿੰਗ ਅਧਿਕਾਰੀਆਂ ਸਮੇਤ ਸਮੂਹ ਚੌਕਸੀ ਟੀਮਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਸਭ ਦੇ ਸਹਿਯੋਗ ਨਾਲ ਜ਼ਿਲਾ ਸੰਗਰੂਰ ਵਿਖੇ ਸਮੁੱਚਾ ਪੋਲਿੰਗ ਕਾਰਜ ਅਮਨ ਅਮਾਨ ਨਾਲ ਨੇਪਰੇ ਚੜਿਆ।