ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ : ਜਿ਼ਲ੍ਹਾ ਚੋਣ ਅਫਸਰ
– ਚੋਣ ਪ੍ਰਕ੍ਰਿਆ ਦੀ ਕਰਵਾਈ ਜਾਵੇ ਵੀਡੀਓਗ੍ਰਾਫੀ
– ਜਿ਼ਲ੍ਹਾ ਚੋਣ ਅਫਸਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਸੈਕਟਰ ਅਫਸਰਾਂ ਨਾਲ ਕੀਤੀ ਮੀਟਿੰਗ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 16 ਫਰਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ 20 ਫਰਵਰੀ ਨੂੰ ਪਾਇਆਂ ਜਾਣ ਵਾਲੀਆਂ ਵੋਟਾਂ ਲਈ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਦੇ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਬੱਚਤ ਭਵਨ ਵਿਖੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਜਿ਼ਲ੍ਹੇ ਦੇ ਸਮੂਹ ਸੈਕਟਰ ਅਫਸਰਾਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਵੋਟਾਂ ਪੈਣ ਵਾਲੇ ਦਿਨਾਂ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਤਾਂ ਜੋ ਨਿਰਪੱਖ ਤੇ ਆਜ਼ਾਦਾਨਾਂ ਮਾਹੌਲ ਵਿੱਚ ਚੋਣ ਪ੍ਰਕ੍ਰਿਆ ਮੁਕੰਮਲ ਕੀਤੀ ਜਾ ਸਕੇ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਸੈਕਟਰ ਅਫਸਰਾਂ ਨੂੰ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਲਈ ਪੋਲਿੰਗ ਬੂਥਾਂ ’ਤੇ ਵੱਖਰੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਰੈਂਪ, ਵੀਲ੍ਹ ਚੇਅਰ ਅਤੇ ਹੋਰ ਲੋੜੀਂਦੀਆਂ ਵਸਤਾਂ ਵੀ ਪੋਲਿੰਗ ਸਟੇਸ਼ਨਾਂ ’ਤੇ ਹੋਣੀਆਂ ਯਕੀਨੀ ਬਣਾਈਆ ਜਾਣ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜਿਆ ਜਾ ਸਕੇ।
ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿ਼ਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 054-ਬਸੀ ਪਠਾਣਾ, 055-ਫ਼ਤਹਿਗੜ੍ਹ ਸਾਹਿਬ ਅਤੇ 056-ਅਮਲੋਹ ਵਿੱਚ 21 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ ਕਿ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਹਰੇਕ ਹਲਕੇ ਵਿੱਚ 7 ਮਾਡਲ ਪੋਲਿੰਗ ਸਟੇਸਨ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿ਼ਲ੍ਹੇ ਵਿੱਚ ਵੋਟਾਂ ਵਾਲੀ ਭੈਣ ਅਤੇ ਚੋਣ ਮਿੱਤਰ ਵੀ ਬਣਾਏ ਗਏ ਹਨ ਜੋ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰ ਰਹੇ ਹਨ ਤਾਂ ਜੋ ਵਿਧਾਨ ਸਭਾ ਚੋਣਾਂ ਵਿੱਚ ਸਮੂਹ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰ ਜਾਗਰੂਕਤਾ ਤਹਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਯਸ਼ਪਲ ਸ਼ਰਮਾ, ਐਸ.ਡੀ.ਐਮ. ਅਮਲੋਹ ਸ਼੍ਰੀਮਤੀ ਜੀਵਨਜੋਤ ਕੌਰ ਅਤੇ ਕੋਆਰਡੀਨੇਟਰ ਜਸਪ੍ਰੀਤ ਸਿੰਘ ਬੇਦੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਸੈਕਟਰ ਅਫਸਰ ਮੌਜੂਦ ਸਨ।