ਪ੍ਰੋ. ਕਰਮਜੀਤ ਸਿੰਘ ਦੀ ਕੌਫੀ ਟੇਬਲ ਬੁਕ ‘ਤੇਗ ਬਹਾਦਰ ਧਰਮ ਧੁਜ’ ਲੋਕ ਅਰਪਿਤ
ਰਿਚਾ ਨਾਗਪਾਲ,ਪਟਿਆਲਾ, 15 ਫਰਵਰੀ 2022
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਕਰਮਜੀਤ ਸਿੰਘ ਦੀ ਕੌਫੀ ਟੇਬਲ ਬੁਕ ‘ਤੇਗ ਬਹਾਦਰ ਧਰਮ ਧੁਜ’ ਦਾ ਲੋਕ ਅਰਪਨ ਸਮਾਗਮ ਇੱਥੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਦਮਸ੍ਰੀ ਸੁਰਜੀਤ ਪਾਤਰ ਨੇ ਕੀਤੀ। ਕਿਤਾਬ ਸਬੰਧੀ ਆਰੰਭਿਕ ਸ਼ਬਦ ਬੋਲਦਿਆਂ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਿੱਖ ਇਤਿਹਾਸ ਦੇ ਉਨ੍ਹਾਂ ਤੱਥਾਂ ਨੂੰ ਪੇਸ਼ ਕਰਦੀ ਹੈ ਕਿ ਜਿਹੜੇ ਤੱਥ ਸਾਡੇ ਸਾਹਮਣੇ ਪਹਿਲਾਂ ਨਹੀਂ ਸਨ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਪੁਸਤਕ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, ‘ਇਹ ਪੁਸਤਕ ਉਨ੍ਹਾਂ ਦੇ ਮਾਤਾ ਜੀ ਦੇ ਸੁਪਨੇ ਨੂੰ ਪੂਰਨ ਕਰਦੀ ਹੈ, ਜਿਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਗੁਰੂ ਸਾਹਿਬ ਉਪਰ ਕੋਈ ਅਕਾਦਮਿਕ ਕਾਰਜ ਕਰੇ।’ ਵੀ.ਸੀ. ਨੇ ਕਿਹਾ ਕਿ ਉਹਨਾਂ ਦੀ ਅਸੀਸ ਸਦਕਾ ਹੀ ਅੱਜ ਉਹ ਇਸ ਪੁਸਤਕ ਨੂੰ ਰੀਲੀਜ਼ ਕਰਵਾ ਰਹੇ ਹਨ।ਇਸ ਪੁਸਤਕ ਦਾ ਦੂਸਰਾ ਸਬੰਧ ਉਨ੍ਹਾਂ ਦਾ ਸਿੱਖ ਪਰਿਵਾਰ ਅਤੇ ਗੁਰਬਾਣੀ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੇ ਹੋਣਾ ਹੈ।
ਸ. ਅਮਰਜੀਤ ਸਿੰਘ ਗਰੇਵਾਲ ਨੇ ਪੁਸਤਕ ਸਬੰਧੀ ਕਿਹਾ ਕਿ ਡਾ. ਕਰਮਜੀਤ ਸਿੰਘ ਨੇ ਆਪਣੀ ਸੂਖ਼ਮ ਦ੍ਰਿਸ਼ਟੀ ਤੇ ਮਿਹਨਤ ਰਾਹੀਂ ਯੂਨੀਵਰਸਿਟੀ ਨੂੰ ਵਿਦਿਆ ਤੇ ਖੋਜ ਦੇ ਖੇਤਰ ‘ਚ ਲਗਾਤਾਰ ਅਗਾਂਹ ਵੱਲ ਲਿਜਾਣ ਦੇ ਨਾਲ-ਨਾਲ ਸਿੱਖ ਧਰਮ ਦੀ ਖੋਜ ਅਤੇ ਵਿਰਾਸਤ ਨੂੰ ਸਾਂਭਣ ਲਈ ਕਈ ਅਹਿਮ ਉਪਰਾਲੇ ਕੀਤੇ ਹਨ। ਇਨ੍ਹਾਂ ਉਪਰਾਲਿਆਂ ‘ਚ ਹੀ ਉਨ੍ਹਾਂ ਦੁਆਰਾ ਰਚਿਤ ਪੁਸਤਕ ‘ਤੇਗ ਬਹਾਦਰ ਧਰਮ ਧੁਜ’ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਤ ਪ੍ਰੇਮ ਸਿੰਘ ਮੁਰਾਰੇ ਵਾਲੇ ਚੇਅਰ ਪ੍ਰੋਫੈਸਰ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਪ੍ਰਬੰਧਕੀ ਕਾਰਜਾਂ ਰਾਹੀਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਵੱਖਰੀ ਨੁਹਾਰ ਪ੍ਰਦਾਨ ਕੀਤੀ ਹੈ। ਸਮਾਗਮ ਦੇ ਸੰਚਾਲਕ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਡਾ. ਕਰਮਜੀਤ ਸਿੰਘ ਦੀ ਇਹ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਨੂੰ ਬਹੁਤ ਸਰਲ ਤਰੀਕੇ ਨਾਲ ਸਾਡੇ ਨਾਲ ਸਾਝਾਂ ਕਰਦੀ ਹੈ ਤੇ ਇਹ ਸਾਂਝ ਸਾਨੂੰ ਸਿੱਖ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੋੜੇਗੀ।
ਡੀਨ ਅਕਾਦਮਿਕ ਮਾਮਲੇ ਡਾ. ਅਨੀਤਾ ਗਿੱਲ ਨੇ ਧੰਨਵਾਦ ਕੀਤਾ।ਇਸ ਤੋਂ ਪਹਿਲਾਂ ਡਾ. ਧਰਮ ਸਿੰਘ ਸੰਧੂ ਨੇ ਮਹਿਮਾਨਾਂ ਕੀਤਾ। ਇਸ ਮੌਕੇ ਬੰਦਾ ਸਿੰਘ ਬਹਾਦਰ ਸੰਪਰਦਾਇ ਤੋਂ ਸ੍ਰੀ ਪਾਹਵਾ, ਪ੍ਰਬੰਧਕੀ ਅਫ਼ਸਰ ਦੇ ਪੰਜਾਬੀ ਯੂਨੀਵਰਸਿਟੀ ਡਾ. ਪ੍ਰਭਲੀਨ ਸਿੰਘ ਤੇ ਡਾ. ਜਸਵਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।