‘ਆਪ’ ਪੰਜਾਬ ਨੂੰ ਕਰਜ਼ਾਈ ਬਣਾਉਣ ‘ਚ ਲੱਗੀ ਹੋਈ ਹੈ: ਰਾਣਾ ਸੋਢੀ
- ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਦੇ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 10 ਫਰਵਰੀ 2022
ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਲਿਜਾ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਸਿੱਖਾਂ ਲਈ ਵੱਡਾ ਐਲਾਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਬਿਹਤਰੀ ਲਈ ਕਈ ਕੰਮ ਕੀਤੇ ਗਏ ਹਨ। ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ ਦਰਸ਼ਨ ਯੋਜਨਾ, ਪ੍ਰਸਾਦ ਯੋਜਨਾ ਤੋਂ ਇਲਾਵਾ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅਰਬਾਂ ਰੁਪਏ ਦੀ ਲਾਗਤ ਨਾਲ ਪੰਜਾਬ ਦੀ ਤਰੱਕੀ ਵਿੱਚ ਅਹਿਮ ਕੰਮ ਕੀਤੇ ਹਨ। ਜਿਸ ਕਾਰਨ ਪੰਜਾਬ ਦੇ ਲੋਕ ਇਸ ਵਾਰ ਭਾਜਪਾ ਦੀ ਸਰਕਾਰ ਬਣਾਉਣ ਦੇ ਮੂਡ ਵਿੱਚ ਹਨ।
ਸੋਢੀ ਵੱਲੋਂ ਪਿੰਡ ਮਸਤੇਕੇ, ਬਸਤੀ ਭਾਨੇਵਾਲੀ, ਕਮਾਲਵਾਲਾ, ਪਸਾਰੀਆਨ, ਜਖਰਾਵਾ, ਪ੍ਰੀਤਮ ਸਿੰਘ ਵਾਲਾ, ਦਰਵੇਸ਼ਕੇ, ਦੁਲਚੀਕੇ, ਅਲੀਕੇ, ਕੁਮਹਾਰ ਮੰਡੀ, ਸੁੰਦਰ ਨਗਰ, ਮੱਲਵਾਲ ਰੋਡ ਦਾ ਦੌਰਾ ਕਰਕੇ ਕਈ ਕਾਂਗਰਸੀ ਤੇ ਅਕਾਲੀ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਜਿਸ ਪਾਰਟੀ ਦੀ ਸਰਕਾਰ ਹੈ, ਜੇਕਰ ਉਸੇ ਪਾਰਟੀ ਨੂੰ ਸੂਬੇ ਵਿੱਚ ਲਿਆਂਦਾ ਜਾਵੇ ਤਾਂ ਸੂਬਾ ਤਰੱਕੀ ਵੱਲ ਵਧਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨੂੰ ਮਾਡਲ ਬਣਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਇਸ ਲਈ ਹੁਣ ਪੰਜਾਬ ਵਿੱਚ ਲੋਕਾਂ ਨੂੰ ਮੁਫ਼ਤ ਦੇ ਸੁਪਨੇ ਦਿਖਾ ਕੇ ਗੁੰਮਰਾਹ ਕਰਕੇ ਸੂਬੇ ਨੂੰ ਕਰਜ਼ਈ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਜਪਾ ਹੀ ਪੰਜਾਬ ਦਾ ਭਵਿੱਖ ਹੈ ਅਤੇ ਸਾਰਿਆਂ ਨੂੰ ਪੰਜਾਬ ਦੀਆਂ 117 ਸੀਟਾਂ ‘ਤੇ ਭਾਜਪਾ ਅਤੇ ਇਸ ਦੇ ਸਹਿਯੋਗੀ ਦਲਾਂ ਨੂੰ ਵੋਟ ਦੇ ਕੇ ਸੂਬੇ ‘ਚ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਾਉਣੀ ਚਾਹੀਦੀ ਹੈ।