ਇਨਕਲਾਬੀ ਬਦਲ ਉਸਾਰੋ ਮੁਹਿੰਮ ਤਹਿਤ ਸਰਕਾਰ ਨਹੀਂ ਰਾਜ ਬਦਲਣ ਦਾ ਦਿੱਤਾ ਹੋਕਾ

Advertisement
Spread information

ਇਨਕਲਾਬੀ ਬਦਲ ਉਸਾਰੋ ਮੁਹਿੰਮ ਤਹਿਤ ਸਰਕਾਰ ਨਹੀਂ ਰਾਜ ਬਦਲਣ ਦਾ ਦਿੱਤਾ ਹੋਕਾ

ਜਗੀਰੂ ਤੇ ਸਾਮਰਾਜੀ ਲੁੱਟ ਦਾ ਖਾਤਮਾ ਕਰਕੇ ਹੋਣਗੀਆਂ ਲੋਕ ਸਮੱਸਿਆਵਾਂ ਹੱਲ: ਲੋਕ ਮੋਰਚਾ

ਪਰਦੀਪ ਕਸਬਾ , ਫਰੀਦਕੋਟ,9ਫਰਵਰੀ 2022

ਅੱਜ ਪੰਜਾਬ ਦੇ ਲੋਕਾਂ ਨੂੰ ਚਿੰਬੜੀਆਂ ਗਰੀਬੀ ਬੇਰੁਜ਼ਗਾਰੀ ਕਰਜ਼ੇ, ਖੁਦਕੁਸ਼ੀਆਂ ਤੇ ਵਾਤਾਵਰਨ ਪਲੀਤ ਵਰਗੀਆਂ ਸਮੱਸਿਆਵਾਂ ਦਾ ਹੱਲ ਜਗੀਰਦਾਰੀ, ਸੂਦਖੋਰੀ ਤੇ ਸਾਮਰਾਜੀ ਲੁੱਟ ਦਾ ਖਾਤਮਾ ਕਰਕੇ ਹੀ ਹੋ ਸਕਦਾ ਹੈ ਪਰ ਇਹ ਕਾਰਜ ਵਿਧਾਨ ਸਭਾਵਾਂ ਰਾਹੀਂ ਨਹੀਂ ਵਿਸ਼ਾਲ, ਸਾਂਝੇ ਤੇ ਸਿਰੜੀ ਘੋਲਾਂ ਦੇ ਜ਼ੋਰ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜ਼ਿਲੇ ਦੇ ਪਿੰਡ ਨੰਗਲ ਵਿਖੇ ਇਨਕਲਾਬੀ ਬਦਲ ਉਸਾਰੋ ਮੁਹਿੰਮ ਤਹਿਤ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੀ ਚੋਣ ਸਰਗਰਮੀ ਰਾਜ-ਭਾਗ ‘ਤੇ ਕਾਬਜ਼ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ‘ਚ ਕੁਰਸੀ ਦੀ ਆਪਸੀ ਵੰਡ ਲਈ ਹੈ ।

Advertisement

ਜਿਸਦਾ ਲੋਕਾਂ ਦੀਆਂ ਸਮੱਸਿਆਂਵਾਂ ਨਾਲ਼ ਕੋਈ ਸਬੰਧ ਨਹੀਂ। ਉਹਨਾਂ ਕਿਹਾ ਕਿ ਹਾਕਮ ਜਮਾਤਾਂ ਦੀ ਮੌਜੂਦਾ ਚੋਣ ਖੇਡ ਆਏ ਦਿਨ ਨਿਘਾਰ ਦੀਆਂ ਨਿਵਾਣਾਂ ਛੋਹ ਰਹੀ ਹੈ ਅਤੇ ਟਿਕਟ ਨਾ ਮਿਲਣ ਕਰਕੇ ਉਮੀਦਵਾਰ ਰਾਤੋ ਰਾਤ ਪਾਰਟੀਆਂ ਬਦਲ ਰਹੇ ਹਨ।ਉਹਨਾਂ ਲੋਕਾਂ ਨੂੰ ਹਾਕਮ ਜਮਾਤੀ ਪਾਰਲੀਮਾਨੀ ਸੰਸਥਾਵਾਂ ਤੋਂ ਝਾਕ ਛੱਡ ਕੇ ਵਿਸ਼ਾਲ, ਸਾਂਝੇ ਤੇ ਜਾਨ ਹੂਲਵੇਂ ਘੋਲਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।ਉਹਨਾਂ ਲੋਕਾਂ ਨੂੰ ਚੋਣਾਂ ਵਿਚ ਉਲਝ ਕੇ ਸਮਾਂ ਸ਼ਕਤੀ ਵਿਅਰਥ ਗੁਆਉਣ ਦੀ ਥਾਂ ਆਪਣਾ ਧਿਆਨ ਆਪਣੇ ਸੰਘਰਸ਼ਾਂ ਰਾਹੀਂ ਇਨਕਲਾਬੀ ਬਦਲ ਉਸਾਰਨ ‘ਤੇ ਕੇਂਦਰਤ ਕਰਨ ਦਾ ਸੱਦਾ ਦਿੱਤਾ।

ਉਹਨਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਬੇਰੁਜ਼ਗਾਰੀ, ਕਰਜ਼ੇ ਖੁਦਕੁਸ਼ੀਆਂ, ਮਹਿੰਗਾਈ ਆਦਿ ਸਮੱਸਿਆਵਾਂ ਤੋਂ ਮੁਕਤੀ ਲਈ ਸਰਕਾਰ ਨਹੀਂ ਰਾਜ਼ ਬਦਲਣ ਲਈ ਜੂਝਣ ਦੀ ਲੋੜ ਹੈ।ਇਸ ਲੁਟੇਰੇ ਰਾਜ ਦੇ ਢਾਂਚੇ ਨੂੰ ਮੁੱਢੋਂ ਸੁੱਢੋਂ ਬਦਲਣ ਨਾਲ ਹੈ ਮਿਲਣੀ ਹੈ ਪਰ ਅਜਿਹਾ ਲੋਕ ਪੱਖੀ ਬਦਲ ਉਸਾਰਨ ਲਈ ਇਹ ਵਿਧਾਨ ਸਭਾਵਾਂ ਤੇ ਪਾਰਲੀਮਾਨੀ ਸੰਸਥਾਵਾਂ ਕੋਈ ਸਾਧਨ ਨਹੀਂ ਹਨ। ਉਹਨਾਂ ਕਿਹਾ ਕਿ ਇਨਕਲਾਬੀ ਬਦਲ ਉਸਰਾਨ ਦਾ ਅਰਥ ਲੋਕਾਂ ਨੂੰ ਸਾਮਰਾਜ ਵਿਰੋਧੀ ਤੇ ਜਗੀਰਦਾਰੀ ਵਿਰੋਧੀ ਪ੍ਰੋਗ੍ਰਾਮ ਦੁਆਲ਼ੇ ਜਥੇਬੰਦ ਹੋਣ, ਸੰਘਰਸ਼ ਕਰਨ ਤੇ ਉਸ ਨੂੰ ਦੇਸ਼ ਅੰਦਰ ਲਾਗੂ ਕਰਨ ਲਈ ਦੇਸ਼ ਦੇ ਰਾਜ ਭਾਗ ਦਾ ਸੰਚਾਲਨ ਆਪਣੇ ਹੱਥ ਲੈਣ ਤੱਕ ਪੁੱਜਣਾ ਹੈ । ਉਹਨਾਂ ਕਿਹਾ ਕਿ ਲੋਕਾਂ ਦੀ ਪੁੱਗਤ ਦੇ ਅਦਾਰੇ ਤਾਂ ਲੁਟੇਰੇ ਹਾਕਮਾਂ ਦੀਆਂ ਵਿਧਾਨ ਸਭਾਵਾਂ ਤੇ ਹੋਰਨਾਂ ਅਦਾਰਿਆਂ ਦੇ ਮੁਕਾਬਲੇ ਵਿਸ਼ਾਲ, ਸਾਂਝੇ ਤੇ ਸਿਰੜੀ ਘੋਲਾਂ ਦੇ ਰਾਹੀਂ ਹੀ ਸਿਰਜੇ ਜਾਣਗੇ।

ਉਹਨਾਂ ਕਿਹਾ ਕਿ ਅੱਜ ਦੀ ਘੜੀ ਲੋਕਾਂ ਨੂੰ ਲੁਟੇਰੀਆਂ ਜਮਾਤਾਂ ਦੀਆਂ ਇਨ੍ਹਾਂ ਸੰਸਥਾਵਾਂ ਤੋਂ ਝਾਕ ਛੱਡ ਕੇ , ਆਪਣੇ ਹੱਕੀ ਸੰਘਰਸ਼ਾਂ ਨੂੰ ਨੀਤੀਆਂ ਮੁੱਦਿਆਂ ਦੁਆਲੇ ਕੇਂਦਰਿਤ ਕਰਦੇ ਹੋਏ ਭਾਰਤੀ ਹਾਕਮਾਂ ਨੂੰ ਸੰਸਾਰ ਵਪਾਰ ਸੰਸਥਾ ‘ਚੋਂ ਬਾਹਰ ਆਉਣ ਤੇ ਬਿਜਲੀ ਕਾਨੂੰਨ 2003 ਰੱਦ ਕਰਨ ਵਰਗੀਆਂ ਮੰਗਾਂ ਮੰਨਵਾਉਣ ਲਈ ਮੋਰਚੇ ਲਾਉਣ ਤੇ ਜੂਝਣ ਦੀ ਲੋੜ ਹੈ।

ਲੋਕ ਮੋਰਚਾ ਪੰਜਾਬ ਦੀ ਮੁਹਿੰਮ ਕਮੇਟੀ ਦੇ ਮੈਂਬਰ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਅੱਜ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਉਹ ਵਿਕਾਸ ਦੇ ਨਾਅਰਿਆਂ ਦੀ ਥਾਂ ਪੰਜਾਬ ਨੂੰ ਬਚਾਉਣ ਦੇ ਹੋਕਰੇ ਮਾਰਨ ਲੱਗੀਆਂ ਹੋਈਆਂ ਹਨ। ਇਹ ਆਪਣੇ ਆਪ ‘ਚ ਹੀ ਪਿਛਲੇ ਸੱਤਰ ਸਾਲਾਂ ‘ਚ ਇਨ੍ਹਾਂ ਪਾਰਟੀਆਂ ਦੇ ਰਾਜ ਦੀ ਨਾਕਾਮੀ ਦਾ ਇਕਬਾਲ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਸਮੂਹ ਲੋਕਾਂ ਦੀ ਖੁਸ਼ਹਾਲੀ ਤੇ ਵਿਕਾਸ ਦੇ ਲਈ ਦੇਸ਼ ਭਰ ‘ਚੋਂ ਸਾਮਰਾਜੀ , ਜਾਗੀਰੂ ਤੇ ਸੂਦਖੋਰੀ ਲੁੱਟ ਦਾ ਖਾਤਮਾ ਕਰਕੇ ਜ਼ਮੀਨ ਤੇ ਖੇਤੀ ਸੰਦ ਸਾਧਨਾਂ ਦੀ ਮੁੜ ਵੰਡ ਕਰਕੇ ਹਰ ਤਰ੍ਹਾਂ ਦੇ ਕਰਜ਼ੇ ਮਨਸੂਖ ਕਰਨ , ਫ਼ਸਲਾਂ ਦੇ ਮੰਡੀਕਰਨ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਨਾਲ ਜੁੜਿਆ ਹੋਇਆ ਹੈ।

ਉਹਨਾਂ ਕਿਹਾ ਕਿ ਇੱਥੇ ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅਤ ਦੀ ਉਸਾਰੀ ਕਰਕੇ ਅਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਰਕਾਰੀ ਕਰਨ ਦੀ ਨੀਤੀ ਲਾਗੂ ਕਰਕੇ ਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ ਪਰ ਪਾਰਲੀਮੈਂਟ ਜਾਂ ਅਸੈਂਬਲੀਆਂ ਵੱਲੋਂ ਇਨ੍ਹਾਂ ਮੁੱਦਿਆਂ ਦੇ ਹੱਲ ਦਾ ਸਾਧਨ ਬਣਨਾ ਤਾਂ ਦੂਰ ਇਨ੍ਹਾਂ ਨੂੰ ਉਠਾਉਣ ਦੀ ਇਜਾਜ਼ਤ ਵੀ ਨਹੀਂ ਦਿੰਦੀਆਂ। ਉਹਨਾਂ ਕਿਹਾ ਕਿ ਲੋਕਾਂ ਦੇ ਹਕੀਕੀ ਵਿਕਾਸ ਦਾ ਮਾਡਲ ਹਾਕਮਾਂ ਦੀਆਂ ਸੰਸਥਾਵਾਂ ਤੋਂ ਮੂਲੋਂ ਵੱਖਰਾ ਰਾਹ ਹੈ।

ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਨੰਗਲ, ਖੇਤ ਮਜ਼ਦੂਰ ਆਗੂ ਗੁਰਪਾਲ ਸਿੰਘ ਨੰਗਲ ਤੇ ਬੂਟਾ ਸਿੰਘ, ਲੋਕ ਗਾਇਕ ਜਗਸੀਰ ਜੀਦਾ, ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਆਦਿ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!