ਮਨੀਸ਼ ਬਾਂਸਲ ਦੀਆਂ ਬੇੜੀਆਂ ‘ਚ ਵੱਟੇ ਪਾ ਰਹੀ ਸਾਬਕਾ ਵਿਧਾਇਕ ਕੇਵਲ ਢਿੱਲੋਂ ਦੀ ਨਰਾਜਗੀ
ਰਵੀ ਸੈਣ/ ਸੋਨੀ ਪਨੇਸਰ, ਬਰਨਾਲਾ 7 ਫਰਵਰੀ 2022
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪੈਰਾਸ਼ੂਟਰ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੀ ਮੁਹਿੰਮ ਨੂੰ ਹੁਲਾਰਾ ਦੇਣ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਫੇਰੀ ਤੋਂ ਵੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਦੂਰੀ ਬਣਾਈ ਰੱਖੀ। ਨਤੀਜੇ ਵਜੋਂ ਹਰੀਸ਼ ਚੌਧਰੀ ਵੀ ਕੇਵਲ ਸਿੰਘ ਢਿੱਲੋਂ ਦੀ ਨਰਾਜਗੀ ਨੂੰ ਦੂਰ ਕਰਨ ਵਿੱਚ ਪੂਰੀ ਤਰਾਂ ਅਸਫਲ ਰਹੇ। ਰਾਜਸੀ ਪੰਡਿਤਾਂ ਅਨੁਸਾਰ ਕੇਵਲ ਸਿੰਘ ਢਿੱਲੋਂ ਦੀ ਮੁਨੀਸ਼ ਬਾਂਸਲ ਦੀ ਚੋਣ ਮੁਹਿੰਮ ਤੋਂ ਬਣਾਈ ਦੂਰੀ ਮਨੀਸ਼ ਬਾਂਸਲ ਦੀਆਂ ਬੇੜੀਆਂ ਵਿੱਚ ਯਕੀਨਨ ਵੱਟੇ ਜਰੂਰ ਪਾ ਦੇਵੇਗੀ। ਕੇਵਲ ਢਿੱਲੋਂ ਦੀ ਬਰਨਾਲਾ ਹਲਕੇ ਅੰਦਰ ਬਣੀ ਪਕੜ ਤੋਂ ਹਰ ਕੋਈ ਵਾਕਿਫ ਹੈ। ਜਿੰਨਾਂ ਬਰਨਾਲਾ ਜਿਲ੍ਹੇ ਅੰਦਰ ਦਮ ਤੋੜ ਰਹੀ, ਕਾਂਗਰਸ ਨੂੰ ਫਿਰ ਤੋਂ ਜਿੰਦਾ ਹੀ ਨਹੀਂ ਕੀਤਾ ਸੀ,ਬਲਿਕ ਜਿਲ੍ਹੇ ਨੂੰ ਕਾਂਗਰਸ ਦਾ ਕਿਲਾ ਬਣਾ ਦਿੱਤਾ ਸੀ। ਅਕਾਲੀ ਭਾਜਪਾ ਗੱਠਜੋੜ ਦੀ ਹਨ੍ਹੇਰੀ ਦੇ ਵਿੱਚ ਵੀ ਪਹਿਲੀ ਵਾਰ ਜਿਲ੍ਹੇ ਦੀਆਂ ਤਿੰਨ ਸੀਟਾਂ ਚੋਂ ਬਰਨਾਲਾ ਅਤੇ ਸ਼ੇਰਪੁਰ ਸੀਟਾਂ ਤੇ ਜਿੱਤ ਦਰਜ ਕੀਤੀ ਸੀ ਅਤੇ ਜਦੋਂਕਿ ਭਦੌੜ ਸੀਟ ਸਿਰਫ 150 ਦੇ ਕਰੀਬ ਵੋਟਾਂ ਕਾਂਗਰਸੀ ਉਮੀਦਵਾਰ ਹਾਰ ਗਈ ਸੀ। ਉਸ ਤੋਂ ਅਗਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਜਿਲੇ ਦੀਆਂ ਤਿੰਨੋਂ ਸੀਟਾਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਤੋਂ ਇਤਹਾਸਿਕ ਜਿੱਤ ਦਰਜ਼ ਕਰ ਦਿੱਤੀ ਸੀ। ਹੁਣ ਅਜਿਹੇ ਕੱਦਾਵਰ ਕਾਂਗਰਸੀ ਆਗੂ ਢਿੱਲੋਂ ਦੀ ਚੋਣ ਮੁਹਿੰਮ ਤੋਂ ਦੂਰੀ, ਮਨੀਸ਼ ਬਾਂਸਲ ਲਈ ਖਤਰੇ ਦੀ ਘੰਟੀ ਬਣ ਚੁੱਕੀ ਹੈ। ਮਨੀਸ਼ ਬਾਂਸਲ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਮਵਾਰ ਨੂੰ ਕੈਸਲ ਪੈਲੇਸ ਵਿੱਚ ਦਿੱਲੀ ਦੇ ਸੀਨੀਅਰ ਕਾਂਗਰਸੀ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਇਕ ਸਭਾ ਰੱਖੀ ਗਈ ਸੀ।
ਬਾਂਸਲ ਦੇ ਸਮਰਥਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਦਿੱਲੀ ਤੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੇ ਆਉਣ ਨਾਲ ਕੇਵਲ ਸਿੰਘ ਢਿੱਲੋਂ ਨੂੰ ਹਰ ਹਾਲਤ ਵਿੱਚ ਸਭਾ ਵਿੱਚ ਸ਼ਾਮਲ ਹੋਣਾ ਪਵੇਗਾ ਨਹੀਂ ਤਾਂ ਕੇਵਲ ਢਿੱਲੋਂ ਅਤੇ ਉਸ ਦੇ ਸਮਰਥਕਾਂ ਤੇ ਪਾਰਟੀ ਪੱਧਰ ਤੇ ਕਾਰਵਾਈ ਹੋਵੇਗੀ। ਲੇਕਿਨ ਉਨ੍ਹਾਂ ਦੇ ਸਾਰੇ ਦਾਅਵੇ ਉਸ ਸਮੇਂ ਠੁੱਸ ਨਜ਼ਰ ਆਏ। ਜਦੋਂ ਕੇਵਲ ਢਿੱਲੋਂ ਅਤੇ ਉਨ੍ਹਾਂ ਦੇ ਇੱਕਾ ਦੁੱਕਾ ਕੁੱਝ ਨਜ਼ਦੀਕੀਆਂ ਨੂੰ ਛੱਡ ਕੇ ਕੋਈ ਵੀ ਉਥੇ ਨਾ ਪਹੁੰਚਿਆ।
ਸੀਨੀਅਰ ਬਾਂਸਲ ਅਤੇ ਜੂਨੀਅਰ ਬਾਂਸਲ ਦੇ ਚਿਹਰੇ ਤੇ ਇਸ ਦੀ ਸ਼ੰਕਾ ਸਾਫ ਦੇਖੀ ਜਾ ਸਕਦੀ ਸੀ। ਦੱਸ ਦੇਈਏ ਕਾਂਗਰਸੀ ਸੂਤਰਾਂ ਦੇ ਅਨੁਸਾਰ ਲਗਾਤਾਰ ਪਿਛਲੇ ਅੱਠ ਦਿਨਾਂ ਤੋਂ ਮਨੀਸ਼ ਬਾਂਸਲ ਕੇਵਲ ਢਿੱਲੋਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ ਫਿਲਹਾਲ ਸਫਲ ਨਹੀਂ ਹੋ ਸਕੇ। ਜਿਸ ਤਰ੍ਹਾਂ ਦੇ ਹਾਲਾਤ ਹਨ ਉਸ ਤੋਂ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਲਾਕਾਤ ਸੰਭਵ ਨਹੀਂ ਹੋ ਸਕਦੀ। ਜਿਸ ਕਰਕੇ ਮਨੀਸ਼ ਬਾਂਸਲ ਦੀ ਚੋਣ ਮੁਹਿੰਮ ਵਧਣ ਦੀ ਬਜਾਏ ਲਗਾਤਾਰ ਗਿਰਾਵਟ ਵੱਲ ਆ ਰਹੀ ਹੈ।