ਇੰਪਰੂਵਮੈਂਟ ਟਰੱਸਟ ਨੂੰ ਮੂੰਹ ਚਿੜਾ ਰਹੇ, ਨਿਯਮਾਂ ਨੂੰ ਛਿੱਕੇ ਟੰਗ ਕੇ ਬਣੇ ਐਸ.ਸੀ.ਐਫ
ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ SCF ਮਾਲਿਕਾਂ ਨੂੰ ਕੱਢਿਆ ਨੋਟਿਸ
ਲੋੜ ਪਈ ਤਾਂ ਢਾਹੁਣ ਤੋਂ ਵੀ ਪਿੱਛੇ ਨਹੀਂ ਹਟਾਂਗੇ- ਮੱਖਣ ਸ਼ਰਮਾਂ
ਹਰਿੰਦਰ ਨਿੱਕਾ , ਬਰਨਾਲਾ 14 ਜਨਵਰੀ 2022
ਸ਼ਹਿਰ ਦੇ ਬੱਸ ਸਟੈਂਡ ਦੀ ਬੱਖੀ ਵਾਲੇ ਪਾਸੇ ਨਗਰ ਸੁਧਾਰ ਟਰੱਸਟ ਦੀ ਕੈਪਟਨ ਕਰਮ ਸਿੰਘ ਨਗਰ ਸਕੀਮ (16 ਏਕੜ ) ‘ਚ SCF ਮਾਲਿਕਾਂ ਦੁਆਰਾ ਕਥਿਤ ਤੌਰ ਤੇ ਨਿਯਮਾਂ ਅਤੇ ਸ਼ਰਤਾਂ ਨੂੰ ਛਿੱਕੇ ਟੰਗ ਕੇ ਤਿਆਰ ਕੀਤੇ SCF , ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਮੂੰਹ ਚਿੜਾ ਰਹੇ ਹਨ। ਪਰੰਤੂ ਪਤਾ ਨਹੀਂ ਕਿਉਂ ਟਰੱਸਟ ਪ੍ਰਬੰਧਕ ਗੈਰਕਾਨੂੰਨੀ ਢੰਗ ਨਾਲ ਹੋਈ ਉਸਾਰੀ ਨੂੰ ਅੱਖਾਂ ਮੀਚ ਕੇ ਤੱਕ ਰਹੇ ਹਨ। ਉੱਧਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਨਿਯਮਾਂ ਨੂੰ ਨਜਰਅੰਦਾਜ ਕਰਕੇ, ਤਿਆਰ SCF ਮਾਲਿਕਾਂ ਨੂੰ ਬਕਾਇਦਾ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਟਰੱਸਟ ਵੱਲੋਂ ਨਜਾਇਜ ਉਸਾਰੀ ਹਟਾਉਣ ਲਈ SCF ਮਾਲਿਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਪਰੂਵਮੈਂਟ ਟਰੱਸਟ ਦੀ 16 ਏਕੜ ਸਕੀਮ ਵਿੱਚ ਟਰੱਸਟ ਵੱਲੋਂ ਸ਼ੌਪ ਕਮ ਫਲੈਟ SCF ਕੱਟੇ ਗਏ ਸਨ। ਜਿੰਨ੍ਹਾਂ ਨੂੰ ਜ਼ਾਰੀ ਅਲਾਟਮੈਂਟ ਸਮੇਂ ਸਾਫ ਕਿਹਾ ਗਿਆ ਸੀ, ਕਿ ਉਹ SCF ਦੇ ਗਰਾਉਂਡ ਫਲੌਰ ਤੇ ਦੁਕਾਨ ਅਤੇ ਉੱਪਰ ਫਸਟ ਅਤੇ ਸੈਕਿੰਡ ਫਲੋਰ ਨੂੰ ਰਿਹਾਇਸ਼ੀ ਤੌਰ ਤੇ ਫਲੈਟ ਦੇ ਤੌਰ ਤੇ ਇਸਤੇਮਾਲ ਕਰਨਗੇ। ਪਰੰਤੂ SCF ਮਾਲਿਕਾਂ ਨੇ SCF ਦੀ ਤਿੰਨ ਮੰਜਿਲਾ ਉਸਾਰੀ ਨੂੰ ਵਪਾਰਿਕ ਤੌਰ ਤੇ ਹੀ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹਾਲਤ ਇਹ ਹੈ ਕਿ ਇੱਨ੍ਹਾਂ SCF ਵਿੱਚੋਂ ਜਿਆਦਾ ਵਿੱਚ ਆਈਲੈਟਸ ਸੈਂਟਰ ਅਤੇ ਇੰਮੀਗ੍ਰੇਸ਼ਨ ਸੈਂਟਰ ਹੀ ਚਲਾਏ ਜਾ ਰਹੇ ਹਨ। ਪਤਾ ਇਹ ਵੀ ਲੱਗਿਆ ਹੈ ਕਿ ਬਹੁਤੇ SCF ਆਈਲੈਟਸ ਅਤੇ ਇੰਮੀਗ੍ਰੇਸ਼ਨ ਸੈਂਟਰ ਵਾਲਿਆਂ ਨੂੰ ਲੱਖਾਂ ਰੁਪਏ ਮਹੀਨੇ ਕਿਰਾਏ ਤੇ ਹੀ ਚਾੜ੍ਹ ਦਿੱਤੇ ਹਨ। ਇਹ ਇਲਾਕਾ ਹੁਣ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਹੱਬ ਦੇ ਤੌਰ ਤੇ ਹੀ ਪਹਿਚਾਣ ਬਣਾ ਚੁੱਕਿਆ ਹੈ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ ਨੇ ਕਿਹਾ ਕਿ ਅੱਜ ਜ਼ਾਰੀ ਨੋਟਿਸ ਵਿੱਚ SCF ਮਾਲਿਕਾਂ ਨੂੰ ਲਿਖਿਆ ਗਿਆ ਹੈ ਕਿ ਆਪ ਵੱਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਵਿਕਾਸ ਸਕੀਮ 16 ਏਕੜ ਵਿੱਚ ਐਸ.ਸੀ.ਐਫ ਖ੍ਰੀਦ ਕੀਤਾ ਗਿਆ ਸੀ । ਸਰਕਾਰ ਦੀਆਂ ਹਦਾਇਤਾਂ ਅਤੇ ਟਰੱਸਟ ਦੇ ਬਿਲਡਿੰਗ ਬਾਈ-ਲਾਜ ਅਨੁਸਾਰ ਇਸ ਐਸ.ਸੀ.ਐਫ. ਦੀ ਧਰਾਤਲ ਮੰਜਿਲ ਵਪਾਰਕ ਅਤੇ ਪਹਿਲੀ/ਦੂਜੀ ਮੰਜਿਲ ਰਿਹਾਇਸ਼ੀ ਮੰਤਵ ਵਜੋਂ ਵਰਤੀ ਜਾਣੀ ਸੀ ਅਤੇ ਆਪ ਦੇ ਇਸ ਐਸ.ਸੀ.ਐਫ ਦਾ ਨਕਸ਼ਾ ਵੀ ਇਸੇ ਅਨੁਸਾਰ ਧਰਤਾਲ ਮੰਜਿਲ ਵਪਾਰਕ ਅਤੇ ਪਹਿਲੀ ਦੂਜੀ ਮੰਜਿਲ ਰਿਹਾਇਸ਼ੀ ਵਰਤੋਂ ਲਈ ਪ੍ਰਵਾਨ ਕੀਤਾ ਗਿਆ ਸੀ। ਹੁਣ ਇਸ ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਆਪ ਵੱਲੋਂ ਇਸ ਐਸ.ਸੀ.ਐਫ.ਵਿਚ ਨਿਯਮਾਂ ਦੇ ਵਿਰੁੱਧ ਉਸਾਰੀ ਵੀ ਕੀਤੀ ਗਈ ਹੈ । ਜੋ ਕਿ ਸਰਕਾਰ ਟਰੱਸਟ ਰੂਲਾਂ/ਬਿਲਡਿੰਗ ਥਾਈ-ਲਾਜ ਦੀ ਉਲੰਘਣਾ ਹੈ।
ਇਸ ਤੋਂ ਇਲਾਵਾ ਆਪ ਵੱਲੋਂ ਐਸ.ਸੀ.ਐਫ.ਦੇ ਪਿਛਲੇ ਪਾਸੇ ਏ.ਸੀ. ਆਦਿ ਲਗਵਾਏ ਹੋਏ ਹਨ । ਜਿਸ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਸ਼ਿਕਾਇਤ ਆਉਂਦੀ ਹੈ ਕਿ ਇਹਨਾਂ ਆਈਲੈਟਸ ਸੈਂਟਰਾਂ ਵਾਲਿਆਂ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਕਾਰਨ ਲੋਕਾਂ ਨੂੰ ਰਹਿਣ ਵਿੱਚ ਬਹੁਤ ਦਿੱਕਤ ਪੇਸ਼ ਆ ਰਹੀ ਹੈ ।
ਸਖਤ ਹਦਾਇਤ – ਜ਼ਾਰੀ ਨੋਟਿਸ ਵਿੱਚ ਸਖਤ ਹਦਾਇਤ ਕੀਤੀ ਗਈ ਹੈ ਕਿ ਨਿਯਮਾਂ ਦੇ ਵਿਰੁੱਧ ਕੀਤੀ ਨਜਾਇਜ ਉਸਾਰੀ ਨੂੰ ਤੁਰੰਤ ਰਿਮੂਵ ਕਰਵਾ ਕਿ ਦਫਤਰ ਨੂੰ ਸੂਚਿਤ ਕਰੋ। ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਜਿਸ ਤੋਂ ਹੋਣ ਵਾਲੇ ਹਰਜੇ ਦਾ ਖਰਚੇ ਦੇ ਤੁਸੀਂ ਖੁਦ ਜਿੰਮੇਵਾਰ ਆਪ ਹੋਵੋਗੇ।