ਵਿਧਾਨ ਸਭਾ ਚੋਣਾਂ ਦੌਰਾਨ ਰਿਸ਼ਵਤ ਦੇਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ: ਜੌਹਲ
– ਰੋਜ਼ਾਨਾਂ ਵੇਚੀ ਜਾਣ ਵਾਲੀ ਸ਼ਰਾਬ ਦੀ ਮੁਕੰਮਲ ਰਿਪੋਰਟ ਭੇਜਣੀ ਯਕੀਨੀ ਬਣਾਉਣ ਦੀ ਹਦਾਇਤਾਂ
– ਸਟਾਕ ਰਜਿਸਟਰ ਤੋਂ ਵੱਧ ਜਾਂ ਘੱਟ ਸ਼ਰਾਬ ਹੋਣ ’ਤੇ ਹੋਵੇਗੀ ਕਾਰਵਾਈ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 14 ਜਨਵਰੀ:2022
ਵਿਧਾਨ ਸਭਾ ਚੋਣਾਂ ਦੌਰਾਨ ਟੋਕਨ ਜਾਂ ਕਿਸੇ ਹੋਰ ਨਿਸ਼ਾਨੀ ਨਾਲ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਲਈ ਜਿ਼ਲ੍ਹੇ ਦੇ ਸ਼ਰਾਬ ਦੇ ਠੇਕੇਦਾਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਟਾਕ ਰਜਿਸਟਰ ਤੋਂ ਵੱਧ ਜਾਂ ਘੱਟ ਸ਼ਰਾਬ ਠੇਕੇ ਅੰਦਰ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਨਾਲ ਵਿਧਾਨ ਸਭਾ ਚੋਣਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਸਹਾਇਕ ਕਮਿਸ਼ਨਰ ਆਬਕਾਰੀ ਇੰਦਰਜੀਤ ਸਿੰਘ ਨਾਗਪਾਲ ਨੂੰ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਜਿ਼ਲ੍ਹੇ ਦੇ ਸ਼ਰਾਬ ਦੇ ਠੇਕਿਆਂ ਦੀ ਰੋਜ਼ਾਨਾਂ ਚੈਕਿੰਗ ਕੀਤੀ ਜਾਵੇ ਅਤੇ ਠੇਕਿਆਂ ਵਿੱਚ ਮੌਜੂਦ ਸ਼ਰਾਬ ਸਬੰਧੀ ਰੋਜ਼ਾਨਾਂ ਰਿਪੋਰਟ ਭੇਜੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ 4 ਸਰਕਲ ਅਤੇ 20 ਜ਼ੋਨ ਹਨ ਜਿਨ੍ਹਾਂ ਵਿੱਚ ਦੇਸੀ ਸ਼ਰਾਬ ਦੇ 125, ਅੰਗਰੇਜ਼ੀ ਸ਼ਰਾਬ ਦੇ 84 ਅਤੇ 23 ਅਜਿਹੇ ਠੇਕੇ ਹਨ ਜਿਥੇ ਦੇਸੀ ਤੇ ਅੰਗਰੇਜੀ ਦੋਵੇਂ ਕਿਸਮ ਦੀ ਸ਼ਰਾਬ ਮਿਲਦੀ ਹੈ। ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਠੇਕਿਆਂ ਦੇ ਸਟਾਕ ਰਜਿਸਟਰ ਨੂੰ ਰੋ਼ਜਾਨਾਂ ਭਰਿਆ ਜਾਵੇ ਅਤੇ ਸਟਾਕ ਅਨੁਸਾਰ ਸ਼ਰਾਬ ਹੋਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿ਼ਲ੍ਹੇ ਅੰਦਰ ਸਲੱਮ ਏਰੀਏ ਤੇ ਦਿਹਾਤੀ ਖੇਤਰ ਦੇ ਠੇਕਿਆਂ ਦੀ ਸੂਚੀ ਭੇਜੀ ਜਾਵੇ ਅਤੇ ਇਨ੍ਹਾਂ ਠੇਕਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ ਤਾਂਜੋ ਕੋਈ ਸਿਆਸੀ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਨਾ ਵੰਡ ਸਕੇ।
ਏ.ਡੀ.ਸੀ. ਨੇ ਠੇਕੇਦਾਰਾਂ ਨੂੰ ਕਿਹਾ ਕਿ ਸ਼ਰਾਬ ਕਿਸੇ ਥਾਂ ਭੇਜਣ ਜਾਂ ਮੰਗਵਾਉਣ ਮੌਕੇ ਭੇਜਣ ਵਾਲੇ ਅਤੇ ਰਸੀਵ ਕਰਨ ਵਾਲੇ ਦੀ ਮੁਕੰਮਲ ਜਾਣਕਾਰੀ ਹੋਣੀ ਲਾਜ਼ਮੀ ਹੈ ਅਤੇ ਬਿਨਾਂ ਜਾਣਕਾਰੀ ਤੋਂ ਸ਼ਰਾਬ ਭੇਜਣ ਜਾਂ ਰਸੀਵ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਠੇਕੇ ਦੀ ਰੋਜ਼ਾਨਾਂ ਦੀ ਆਮਦਨ 30 ਫੀਸਦੀ ਤੋਂ ਵੱਧ ਹੁੰਦੀ ਹੈ ਤਾਂ ਉਸ ਸਬੰਧੀ ਮੁਕੰਮਲ ਜਾਣਕਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਵਿੱਚ ਹਰੇਕ ਨਾਗਰਿਕ ਦਾ ਸਹਿਯੋਗ ਜਰੂਰੀ ਹੈ ਇਸ ਲਈ ਇਨ੍ਹਾਂ ਚੋਣਾਂ ਵਿੱਚ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਮਜਬੂਤ ਲੋਕਤੰਤਰ ਲਈ ਅਤਿ ਜਰੂਰੀ ਚੋਣ ਪ੍ਰਕ੍ਰਿਆ ਨੂੰ ਨਿਰਪੱਖ ਤੌਰ ’ਤੇ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਸ਼ਰਾਬ ਦੇ ਠੇਕੇਦਾਰ ਸ਼੍ਰੀ ਸ਼ੇਰ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਬਰਜਿੰਦਰ ਸਿੰਘ ਕੰਗ, ਰਾਜ ਕੁਮਾਰ, ਜਗਵਿੰਦਰ ਸਿੰਘ, ਕੁਲਬੀਰ ਸਿੰਘ ਅਤੇ ਇੰਕਸਪੈਕਟਰ ਵਿਜੈ ਕੁਮਾਰ ਮੌਜੂਦ ਸਨ।