ਵੋਟਰ ਜਾਗਰੂਕਤਾ ਵੈਨ ਰਾਹੀਂ ਕਵਰ ਕੀਤੇ 1784 ਪੋਲਿੰਗ ਬੂਥ- ਪ੍ਰੋ. ਅੰਟਾਲ
- ਵੋਟਰ ਹੈਲਪ ਲਾਈਨ ਐਪ ਪੀ ਡਬਲਿਊ ਡੀ ਵੋਟਰ ਅਤੇ ਸੀ ਵੀਜ਼ਲ ਮੋਬਾਇਲ ਐਪ ਸਬੰਧੀ ਕੀਤਾ ਜਾਗਰੂਕ
ਰਿਚਾ ਨਾਗਪਾਲ,ਪਟਿਆਲਾ 10 ਜਨਵਰੀ:2022
ਜ਼ਿਲ੍ਹਾ ਪਟਿਆਲਾ ਵਿੱਚ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਵੋਟਰ ਜਾਗਰੂਕਤਾ ਤਹਿਤ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ‘ਚ ਵੋਟਰ ਜਾਗਰੂਕਤਾ ਮੁਹਿੰਮ ਲਈ ਵੱਡੇ ਪੱਧਰ ‘ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਲ 1784 ਬੂਥ, 915 ਪਿੰਡ ਪਟਿਆਲਾ ਸ਼ਹਿਰ, ਸਮਾਣਾ, ਰਾਜਪੁਰਾ, ਨਾਭਾ ਤੇ ਪਾਤੜਾਂ ਆਦਿ ਹਰ ਜਗ੍ਹਾ ਉੱਪਰ ਵੋਟਰ ਜਾਗਰੂਕਤਾ ਵੈਨਾਂ ਰਾਹੀਂ ਵੋਟਰ ਮਸ਼ੀਨਾਂ, ਵੀ ਵੀ ਪੈਟ, ਮੋਬਾਇਲ ਵੋਟਰ ਹੈਲਪ ਲਾਈਨ ਐਪ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਵੈਨਾਂ 13 ਦਸੰਬਰ ਤੋਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸੀ ਵੀਜ਼ਲ ਐਪ ਰਾਹੀਂ ਜਾਗਰੂਕ ਵੋਟਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਵੀਡੀਓ ਜਾਂ ਫ਼ੋਟੋ ਪਾ ਸਕਦੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪ੍ਰੋ. ਅੰਟਾਲ ਨੇ ਦੱਸਿਆ ਕਿ ਉਕਤ ਵੈਨਾਂ ‘ਚ ਡਿਜੀਟਲ ਸਕਰੀਨਾਂ ਫਿੱਟ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੁਆਰਾ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵੈਨ ਦਾ ਸਭ ਤੋਂ ਵੱਡਾ ਟੀਚਾ ਸੌ ਫ਼ੀਸਦੀ ਮਤਦਾਨ ਕਰਨ ਲਈ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਖਾਸ ਤੌਰ ‘ਤੇ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਦਿਵਿਆਂਗ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣਾ ਵੀ ਉਕਤ ਵੈਨ ਦਾ ਟੀਚਾ ਹੈ। ਇਸ ਤੋਂ ਇਲਾਵਾ ਟਰਾਂਸਜੈਡਰਾਂ ਵੋਟਰਾਂ ਨੂੰ ਵੀ ਮਤਦਾਨ ਕਰਨ ਲਈ ਉਤਸ਼ਾਹਤ ਕੀਤਾ ਗਿਆ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਵੈਨ ‘ਤੇ ਲੱਗੀ ਡਿਜੀਟਲ ਸਕਰੀਨ ਰਾਹੀਂ ਵੀਡੀਓ ਫਿਲਮਾਂ ਰਾਹੀਂ ਵੱਖ-ਵੱਖ ਵਰਗਾਂ ਦੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਧੀਆ ਤੇ ਮਿਆਰੀ ਵੀਡੀਓਜ਼ ਰਾਹੀਂ ਚੋਣ ਕਮਿਸ਼ਨ ਦੇ ਪੰਜਾਬ ਪੱਧਰ ਦੇ ਆਈਕਾਨਜ਼ ਵੱਲੋਂ ਆਪਣੇ-ਆਪਣੇ ਅੰਦਾਜ਼ ‘ਚ ਵੋਟਰਾਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਵੈਨਜ਼ ਪਿੰਡਾਂ. ਸ਼ਹਿਰਾਂ ਤੇ ਕਸਬਿਆਂ ‘ਚ ਭੀੜ ਵਾਲੇ ਸਥਾਨਾਂ ‘ਤੇ ਖੜਦੀਆਂ ਸਨ ਤੇ ਵੀਡੀਓਜ਼ ਚਲਾਈਆਂ ਜਾਂਦੀਆਂ ਹਨ। ਜਿੱਥੇ ਵੱਡੀ ਗਿਣਤੀ ‘ਚ ਲੋਕ ਆਕਰਸ਼ਕ ਤਰੀਕੇ ਨਾਲ ਕੀਤੀਆਂ ਗਈਆਂ ਅਪੀਲਾਂ ਨੂੰ ਧਿਆਨ ਨਾਲ ਸੁਣਦੇ ਹਨ।
ਸ. ਟਿਵਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਆਈਕਾਨ ਜਗਵਿੰਦਰ ਸਿੰਘ ਤੇ ਉਜਾਗਰ ਸਿੰਘ ਅੰਟਾਲ ਵੀ ਵੱਖ-ਵੱਖ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਦੇ ਨਾਲ ਹੀ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਨਿਰੇਦਸ਼ਨਾ ‘ਚ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਵੀ ਵੱਡੇ ਪੱਧਰ ‘ਤੇ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਜਾਰੀ ਉਪਰੋਕਤ ਸਰਗਰਮੀਆਂ ਦੇ ਵਧੀਆ ਨਤੀਜੇ ਮਿਲਣ ਦੀ ਉਮੀਦ ਹੈ।