ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਪਾਇਆ ਕਾਬੂ, 2 ਵਾਰ ਬੁਝਾਉਣੀ ਪਈ ਅੱਗ
ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 22 ਅਪ੍ਰੈਲ 2020
ਬਰਨਾਲਾ ਦੇ ਪੱਕਾ ਕਾਲਜ ਰੋਡ ਤੇ ਸਥਿਤ ਟੇਸਟ ਬਡਜ਼ ਤੇ ਰਾਤ ਕਰੀਬ 2 ਵਜੇ ਅਚਾਨਕ ਲੱਗੀ ਅੱਗ ਨੇ ਪ੍ਰਸ਼ਾਸ਼ਨ ਨੂੰ ਵਖਤ ਪਾ ਦਿੱਤਾ। ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਖਤ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਟੀਮ ਹਾਲੇ ਅੱਗ ਬੁਝਾ ਕੇ ਦਫਤਰ ਪਹੁੰਚੀ ਹੀ ਹੋਵੇਗੀ ਕਿ ਨਿਗਰਾਨੀ ਤੇ ਖੜ੍ਹੇ ਵਿਅਕਤੀ ਨੇ ਫਿਰ ਅੱਗ ਭੜਕ ਜਾਣ ਦੀ ਸੂਚਨਾ ਦੇ ਦਿੱਤੀ। ਬੁੱਧਵਾਰ ਤੜਕੇ ਕਰੀਬ 5 ਵਜੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਬੁਝਾਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਲੀਡਿੰਗ ਫਾਇਰਮੈਨ ਸਤਿੰਦਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪੱਕਾ ਕਾਲਜ ਰੋਡ ਤੇ ਇੱਕ ਨਿੱਜੀ ਬੈਂਕ ਦੇ ਸਾਹਮਣੇ ਫੂਡ ਆਊਟਲੈਟ , ਟੇਸਟ ਬਡਜ਼ ਨੂੰ ਅੱਗ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਕਾਬੂ ਪਾਉਣ ਲਈ ਤੁਰੰਤ ਹੀ ਮੌਕੇ ਤੇ ਪਹੁੰਚ ਗਈ। ਅੱਗ ਕਾਫੀ ਵਧ ਚੁੱਕੀ ਸੀ। ਫੂਡ ਆਉਟ ਲੈਟ ਦਾ ਇੱਕ ਸ਼ਟਰ ਅੰਦਰੋਂ ਲੱਗਿਆ ਹੋਣ ਕਰਕੇ ਸ਼ਟਰ ਤੋੜਨਾ ਪਿਆ, ਜਦੋਂ ਕਿ ਦੂਸਰੇ ਪਾਸੇ ਸ਼ਟਰ ਨੂੰ ਲੱਗਿਆ ਜਿੰਦਾ ਤੋੜ ਕੇ ਅੱਗ ਬੁਝਾੳਣ ਦੇ ਯਤਨ ਸ਼ੁਰੂ ਕੀਤੇ ਗਏ। ਮੌਕੇ ਤੇ ਫੋਨ ਕਰਕੇ ਫੂਡ ਆਉਟ ਲੈਟ ਦੇ ਇੰਚਾਰਜ ਵਿਕਰਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਚ, ਸ਼ਾਮਿਲ ਫਾਇਰਮੈਨ ਹਰਮਨਦੀਪ ਸਿੰਘ, ਜਸਵੀਰ ਸਿੰਘ, ਸੁਖਮਿੰਦਰ ਸਿੰਘ, ਸਤਿੰਦਰਪਾਲ ਸਿਘ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਡਰਾਈਵਰ ਪ੍ਰੇਮ ਸਿੰਘ ਤੇ ਜਗਤਾਰ ਸਿੰਘ ਨੇ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਇੱਕ ਵਿਅਕਤੀ ਨੂੰ ਉੱਥੇ ਨਿਗ੍ਹਾ ਰੱਖਣ ਲਈ ਖੜਾ ਕੇ ਆ ਗਈ। ਸਵੇਰੇ ਫਿਰ ਮੌਕੇ ਤੇ ਖੜ੍ਹੇ ਵਿਅਕਤੀ ਨੇ ਫੋਨ ਤੇ ਦੱਸਿਆ ਕਿ ਅੱਗ ਇੱਕ ਵਾਰ ਫਿਰ ਭੜਕ ਉੱਠੀ ਹੈ। ਝੱਟਪੱਟ ਫਿਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਦਾ ਅਸਲ ਕਾਰਣ ਤਾਂ ਗਹਿਰਾਈ ਨਾਲ ਕੀਤੀ ਜਾਂਚ ਤੋਂ ਬਾਅਦ ਹੀ ਲੱਗੇਗਾ, ਪਰੰਤੂ ਮੌਕੇ ਤੋਂ ਇੱਕ ਵਾਰ ਇਹ ਮਹਿਸੂਸ ਹੋਇਆ ਕਿ ਅੱਗ ਫਰਿੱਜ ਤੋਂ ਹੋਈ ਸਪਾਰਕਿੰਗ ਤੋਂ ਹੀ ਲੱਗੀ ਹੋਵੇਗੀ।
-ਲੱਖਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਆਉਟਲੈਟ ਦੀ ਕਿਚਨ ਅਤੇ ਰਿਸੈਪਸ਼ਨ ਦਾ ਪੂਰਾ ਸਮਾਨ, ਕੰਪਿਊਟਰ ਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਇੱਕ ਅਨੁਮਾਨ ਮੁਤਾਬਿਕ ਅੱਗ ਨਾਲ ਕਰੀਬ 5/6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੋਵੇਗਾ। ਉਧਰ ਟੇਸਟ ਬਡਜ਼ ਦੇ ਇੰਚਾਰਜ ਵਿਕਰਮ ਅਨੁਸਾਰ ਹਾਲੇ ਅੱਗ ਦੇ ਕਾਰਣ ਅਤੇ ਹੋਏ ਨੁਕਸਾਨ ਦਾ ਵੇਰਵਾ ਇਕੱਤਰ ਕੀਤਾ ਜਾ ਰਿਹਾ ਹੈ। ਇੱਕ ਰਾਤ ਦਾ ਸਮਾਂ ਤੇ ਸੰਘਣੀ ਆਬਾਦੀ ਚ, ਲੱਗੀ ਅੱਗ ਦੀ ਘਟਨਾ ਕਾਫੀ ਵੱਡੀ ਤੇ ਭਿਆਨਕ ਸਾਬਿਤ ਹੋ ਸਕਦੀ ਸੀ, ਪਰੰਤੂ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾ ਕੇ ਇੱਕ ਵੱਡੇ ਨੁਕਸਾਨ ਨੂੰ ਟਾਲ ਦਿੱਤਾ।