ਕੇਜਰੀਵਾਲ ਰੂਪੀ ਕੋਰੋਨਾ ਨੂੰ ਬਰਨਾਲਾ ਦੇ ਲੋਕ ਐਤਕੀਂ ਭਜਾ ਦੇਣਗੇ – ਕੇਵਲ ਸਿੰਘ ਢਿੱਲੋਂ
ਜਗਸੀਰ ਸਿੰਘ ਚਹਿਲ / ਰਘਵੀਰ ਹੈਪੀ, ਬਰਨਾਲਾ 6 ਜਨਵਰੀ 2022
ਸ਼ਹਿਰ ਦੀ ਦਾਣਾ ਮੰਡੀ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਾਜਸੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੀਆਂ ਬਰਨਾਲੇ ਸਬੰਧੀ ਪ੍ਰਾਪਤੀਆਂ ਗਿਣਾਈਆਂ। ਢਿੱਲੋਂ ਨੇ ਕਿਹਾ ਕਿ ਉਹਨਾਂ ਨੇ 2006 ਵਿੱਚ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਬਰਨਾਲਾ ਨੂੰ ਜਿਲ੍ਹਾ ਬਣਾਇਆ। ਸ਼ਹਿਰ ਵਿੱਚ ਅੰਡਰਬ੍ਰਿਜ, ਓਵਰਬ੍ਰਿਜ, ਬਿਜਲੀ ਗਰਿੱਡ, ਸੜਕਾਂ ਬਣਾ ਕੇ ਬਰਨਾਲੇ ਦਾ ਪੱਛੜਾਪਣ ਦੂਰ ਕੀਤਾ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਦੀ ਵੱਡੀ ਸਮੱਸਿਆ ਸੀ।
ਉਨਾਂ ਕਿਹਾ ਕਿ ਸੀਵਰੇਜ ਦੇ ਹੱਲ ਲਈ ਨਵਜੋਤ ਸਿੱਧੂ ਦੇ ਕੈਬਨਿਟ ਮੰਤਰੀ ਹੁੰਦਿਆਂ 20 ਕਰੋੜ ਦੀ ਮੰਗ ਕੀਤੀ, ਪਰ ਇਹਨਾਂ 100 ਕਰੋੜ ਦਿੱਤਾ। ਜਿਸ ਨਾਲ ਬਰਨਾਲਾ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾ ਕੇ ਸ਼ਹਿਰ ਦੀ ਗੰਦਗੀ ਦੂਰ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਹੈ । ਇਸਦੇ ਨਾਲ ਹੀ ਬਰਨਾਲਾ ਦੇ ਲੋਕਾਂ ਲਈ ਇੱਕ ਸੁਪਰਮਲਟੀਸਪੈਸਲਿਟੀ ਹਸਪਤਾਲ ਲਿਆਂਦਾ। ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਦੇ ਰੂਪ ਵਿੱਚ ਕੋਰੋਨਾ ਵੜਿਆ ਹੋਇਆ ਹੈ। ਇਸ ਕੋਰੋਨਾ ਨੇ ਬਰਨਾਲਾ ਦੇ ਲੋਕਾਂ ਨੂੰ ਤਿੰਨ ਵਾਰ ਆਪਣੀ ਲਪੇਟ ਵਿੱਚ ਲਿਆ ਹੈ। ਪਰ ਐਤਕੀਂ ਬਰਨਾਲਾ ਦੇ ਲੋਕ ਇਸ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਵਾ ਚੁੱਕੇ ਹਨ। ਇਸ ਵਾਰ ਇਸ ਕੋਰੋਨਾ ਨੂੰ ਭਜਾ ਕੇ ਹੀ ਦਮ ਲੈਣਗੇ। ਉਹਨਾਂ ਕਿਹਾ ਕਿ ਬਰਨਾਲਾ ਦੇ ਆਪ ਦੇ ਐਮਐਲਏ ਨੇ ਨਾ ਤਾਂ ਕਦੇ ਖੇਤੀ ਕੀਤੀ ਹੈ, ਨਾ ਨੌਕਰੀ ਕੀਤੀ, ਨਾ ਮਜ਼ਦੂਰੀ ਕੀਤੀ ਅਤੇ ਨਾ ਹੀ ਵਪਾਰ ਕੀਤਾ ਹੈ। ਜਿਸ ਕਰਕੇ ਇਸਨੂੰ ਕਿਸੇ ਦੀ ਮੁਸ਼ਕਿਲ ਦਾ ਕੁੱਝ ਵੀ ਪਤਾ ਨਹੀਂ ਅਤੇ ਇਸ ਕਰਕੇ ਇਹ ਕਿਸੇ ਦਾ ਕੁੱਝ ਨਹੀਂ ਸੰਵਾਰ ਸਕਦਾ।
ਉਹਨਾਂ ਕਿਹਾ ਕਿ ਮੈਨੂੰ ਬਰਨਾਲੇ ਨਾਲ ਪਿਆਰ ਹੈ। ਜਿਸ ਕਰਕੇ ਆਪਣੇ ਹਲਕੇ ਦੇ ਲੋਕਾਂ ਦਾ ਹਾਰ ਹੋਣ ਦੇ ਬਾਵਜੂਦ ਸਾਥ ਨਹੀਂ ਛੱਡਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਲੈ ਕੇ ਚੱਲ ਰਹੇ ਹਨ, ਉਸ ਤਰ੍ਹਾਂ ਅਸੀਂ ਬਰਨਾਲੇ ਦਾ ਇੱਕ ਮਾਡਲ ਲੈ ਕੇ ਕੰਮ ਕਰ ਰਹੇ ਹਾਂ। ਜਿਸ ਲਈ ਬਰਨਾਲਾ ਨੂੰ ਸੂਬੇ ਦਾ ਇੱਕ ਨੰਬਰ ਜਿਲ੍ਹਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸੱਚ ਤੇ ਪਹਿਰਾ ਦੇਣ ਵਾਲੇ ਇਮਾਨਦਾਰ ਨੇਤਾ ਹਨ। ਜਿਹਨਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਕੇ ਸਰਕਾਰ ਬਣਾਵੇਗੀ। ਕੇਵਲ ਢਿੱਲੋਂ ਨੇ ਪ੍ਰਧਾਨ ਨਵਜੋਤ ਸਿੱਧੂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ 2007 ਤੇ 2012 ਵਾਂਗ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਦੀਆਂ ਤਿੰਨੇ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ। ਕੇਵਲ ਸਿੰਘ ਢਿੱਲੋਂ ਨੇ ਰੈਲੀ ਵਿੱਚ ਪੁੱਜਣ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਨਵਜੋਤ ਸਿੱਧੂ ਨੂੰ ਕ੍ਰਿਕਟ ਬੈਟ ਭੇਂਟ ਕਰਕੇ ਕੇਵਲ ਢਿੱਲੋਂ ਨੇ ਲਾਏ ਛੱਕੇ
ਰੈਲੀ ਵਿੱਚ ਪਾਰਟੀ ਪ੍ਰਧਾਨ ਦਾ ਕੇਵਲ ਸਿੰਘ ਢਿੱਲੋਂ ਨੇ ਕ੍ਰਿਕਟ ਬੈਟ ਭੇਂਟ ਕਰਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ। ਨਵਜੋਤ ਸਿੰਘ ਸਿੱਧੂ ਅਤੇ ਕੇਵਲ ਸਿੰਘ ਢਿੱਲੋਂ ਵੱਲੋਂ ਬੈਟ ਨਾਲ ਹਵਾਈ ਛੱਕੇ ਲਗਾ ਕੇ ਰੈਲੀ ਵਿੱਚ ਪੁੱਜੇ ਲੋਕਾਂ ਦਾ ਪਿਆਰ ਕਬੂਲ ਕੀਤਾ ਗਿਆ। ਇਸ ਰੈਲੀ ਵਿੱਚੋਂ ਹੋਏ ਹਜ਼ਾਰਾਂ ਦੇ ਇਕੱਠ ਨੇ ਕੇਵਲ ਸਿੰਘ ਢਿੱਲੋਂ ਦੀ ਮੁੜ ਬਰਨਾਲਾ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ। ਇਸ ਦੌਰਾਨ ਉਹਨਾਂ ਨਾਲ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ, ਕੰਵਰਇੰਦਰ ਸਿੰਘ ਢਿੱਲੋਂ, ਸ੍ਰੀਮਤੀ ਮਨਜੀਤ ਕੌਰ ਢਿੱਲੋਂ, ਜਿਲ੍ਹਾ ਆਬਜਰਵਰ ਸੀਤਾ ਰਾਮ ਲਾਂਬਾ, ਚੇਅਰਮੈਨ ਮੱਖਣ ਸ਼ਰਮਾ, ਦਲਜੀਤ ਸਿੰਘ ਸਹੋਰਾ ਕਾਂਗਰਸ ਐਨਆਰਆਈ ਸੈਲ, ਚੇਅਰਮੈਨ ਜੀਵਨ ਬਾਂਸਲ, ਚੇਅਰਮੈਨ ਅਸ਼ੋਕ ਕੁਮਾਰ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋ, ਕਾਰਜਕਾਰੀ ਜਿਲ੍ਹਾ ਪ੍ਰਧਾਨ ਰਾਜੀਵ ਗੁਪਤਾ ਲੂਬੀ, ਜੱਗਾ ਸਿੰਘ ਮਾਨ, ਜਗਤਾਰ ਸਿੰਘ ਧਨੌਲਾ , ਬੀਬੀ ਸੁਰਿੰਦਰ ਕੌਰ ਬਾਲੀਆ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਰਜਨੀਸ ਬਾਂਸਲ, ਨਰਿੰਦਰ ਸ਼ਰਮਾ, ਚੇਅਰਮੈਨ ਸਰਬਜੀਤ ਕੌਰ ਖੁੱਡੀ, ਜਿਲ੍ਹਾ ਪ੍ਰੀਸ਼ਦ ਮੈਂਬਰ ਲੱਕੀ ਸਟਾਰ, ਭੁਪਿੰਦਰ ਝਲੂਰ, ਕੁਲਦੀਪ ਧਾਲੀਵਾਲ, ਦੀਪ ਸੰਘੇੜਾ, ਵਰੁਣ ਗੋਇਲ, ਹਰਦੀਪ ਜਾਗਲ, ਗੁਰਰਿੰਦਰ ਸਿੰਘ ਪੱਪੀ, ਅਜੇ ਕੁਮਾਰ ਭਦੌੜ, ਮੁਨੀਸ਼ ਭਦੌੜ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।