ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ,ਟੋਲ ਪਲਾਜੇ ਉੱਪਰ ਪੱਕਾ ਧਰਨਾ
ਰਘਬੀਰ ਹੈਪੀ,ਬਰਨਾਲਾ22 ਦਸੰਬਰ 2021
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਰਨਾਲਾ-ਮੋਗਾ ਨੈਸ਼ਨਲ ਹਾਈਵੇ-703 ‘ਤੇ ਪੱਖੋ ਕੈਚੀਆਂ ਨੇੜੇ ਟੋਲ ਪਲਾਜੇ ਉੱਪਰ ਪੱਕਾ ਧਰਨਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਤੇ ਸ਼ਹਿਣਾ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਟੋਲ ਪਰਚੀ ਦਾ ਰੇਟ ਦੁੱਗਣਾ ਕਰਨ ਸਦਕਾ ਐੱਨਐੱਚਏਆਈ ਦੇ ਪੰਜਾਬ ਅੰਦਰ ਸਾਰੇ ਟੋਲ ਪਲਾਜੇ ਬੰਦ ਕੀਤੇ ਹੋਏ ਹਨ, ਪਰ ਇਹ ਟੋਲ ਹੁਣ ਚਾਲੂ ਕਰਨ ‘ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜਾ ਗਲਤ ਜਗ੍ਹਾਂ ‘ਤੇ ਲਗਾਉਣ ਕਾਰਨ ਭਦੌੜ-ਬਾਜਾਖਾਨਾ ਸਾਈਡ ਸੜਕ ਟੋਲ ਅਧੀਨ ਨਾ ਹੋਣ ਕਾਰਨ ਉਨ੍ਹਾਂ ਵਾਹਨ ਚਾਲਕਾਂ ਦੇ ਮੁਫਤ ਪਾਸ ਨਾਲ ਐਂਟਰੀ ਕਰਨ ਜਾਂ ਫਿਰ ਇਸ ਨੂੰ ਮੋਗਾ ਰੋਡ ਉੱਪਰ ਸਿਫਟ ਕਰਨ ਦੀ ਮੰਗ ਜਿੰਨ੍ਹਾਂ ਸਮਾਂ ਪੂਰੀ ਨਹੀਂ ਹੁੰਦੀ ਉਨ੍ਹਾਂ ਸਮਾਂ ਧਰਨਾ ਜਾਰੀ ਰਹੇਗਾ। ਗੁਰਨਾਮ ਸਿੰਘ, ਗੁਰਮੇਲ ਸਿੰਘ, ਮਾਸਟਰ ਰਵਿੰਦਰ ਸਿੰਘ, ਗੁਰਚਰਨ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਨਿੱਜੀ ਲਾਭ ਦੇਣ ਲਈ ਟੋਲ ਪਲਾਜੇ ਗਲਤ ਢੰਗ ਨਾਲ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਕੋਈ ਵਿਅਕਤੀ ਗੱਡੀ ਦੀ ਖਰੀਦ ਕਰਦਾ ਹੈ ਤਾਂ ਉਸ ਉੱਪਰ ਰੋਡ ਟੈਕਸ ਦਿੱਤਾ ਜਾਂਦਾ ਹੈ ਤਾ ਫਿਰ ਉਸ ਰੋਡ ਟੈਕਸ ਨਾਲ ਹੀ ਸੜਕ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਦੀ ਜਮੀਨ ਨੂੰ ਐਕਵਾਇਰ ਕਰਕੇ ਸਾਡੇ ਤੋਂ ਹੀ ਹੁਣ ਟੋਲ ਟੈਕਸ ਵਸੂਲ ਕੀਤਾ ਜਾ ਰਿਹਾ ਹੈ। ਜੋ ਸਰਾਸਰ ਧੱਕੇਸ਼ਾਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜੇ ਤੋਂ ਕਰੀਬ 20 ਕਿਲੋਮੀਟਰ ਦੇ ਘੇਰੇ ਦੇ ਆਉਂਦੇ ਸਾਰੇ ਪਿੰਡਾਂ ਦੇ ਮੁਫਤ ਪਾਸ ਜਾਰੀ ਕੀਤੇ ਜਾਣ। ਇਹ ਪਾਸ ਜਾਰੀ ਕਰਨ ਲਈ ਸਿਰਫ ਆਧਾਰ ਕਾਰਡ ਹੀ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਸਮਾਂ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਗੁਰਦੀਪ ਸਿੰਘ, ਅਮਰ ਸਿੰਘ, ਭੋਲਾ ਸਿੰਘ, ਰਾਜਵਿੰਦਰ ਸਿੰਘ, ਮੱਘਰ ਸਿੰਘ, ਪ੍ਰੀਤਮ ਸਿੰਘ, ਕਾਲਾ ਸਿੰਘ, ਕੁਲਵੰਤ ਕੌਰ, ਬਲਜਿੰਦਰ ਕੌਰ, ਸੁਰਜੀਤ ਕੌਰ, ਰਣਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।