ਪੰਜਾਬ ਦੇ ਉਦਯੋਗ ਹਨ ਸਰਕਾਰ ਦੀ ਰੀੜ੍ਹ ਦੀ ਹੱਡੀ: ਕੋਟਲੀ
ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ(ਫਤਿਹਗੜ੍ਹ ਸਾਹਿਬ), 20 ਦਸੰਬਰ 2021
ਮੰਡੀ ਗੋਬਿੰਦਗੜ੍ਹ ਤੇ ਖੰਨਾ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਉਦਯੋਗ ਮੰਤਰੀ, ਪੰਜਾਬ ਗੁਰਕੀਰਤ ਸਿੰਘ ਕੋਟਲੀ ਨੇ ਮੰਡੀ ਗੋਬਿੰਦਗੜ੍ਹ ਦੇ ਜੀ ਐੱਸ ਐੱਲ ਕਲੱਬ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਖੇਤੀਬਾਡ਼ੀ ਤੇ ਕਿਸਾਨ ਭਲਾਈ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕੀਤੀ।
ਮੀਟਿੰਗ ਵਿਚ ਸਾਰੀਆਂ ਛੋਟੀਆਂ ਅਤੇ ਵੱਡੀਆਂ ਸਨਅਤਾਂ ਦੇ ਸਨਅਤਕਾਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਮੁਸ਼ਕਲਾਂ ਮੰਤਰੀਆਂ ਦੇ ਅੱਗੇ ਰੱਖੀਆਂ।
ਮੀਟਿੰਗ ਦੌਰਾਨ ਆਇਸਰਾ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ, ਗੋਬਿੰਦਗੜ੍ਹ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ, ਲੁਧਿਆਣਾ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹੇਸ਼ ਗੁਪਤਾ, ਉਦਯੋਗਪਤੀ ਕੁਲਦੀਪ ਗੋਇਲ ਨੇ ਸਨਅਤ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਕਿਹਾ ਕਿ ਕਿ ਪ੍ਰਦੂਸ਼ਣ ਵਿਭਾਗ ਵਿਚ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਉਨ੍ਹਾਂ ਦਾ ਬਹੁਤ ਸਮਾਂ ਖ਼ਰਾਬ ਕੀਤਾ ਜਾਂਦਾ ਹੈ, ਜਿਸ ਨੂੰ ਸਰਲ ਬਣਾਇਆ ਜਾਵੇ।
ਸਰਕਾਰ ਵੱਲੋਂ ਆਮ ਹੀ ਸਿੰਗਲ ਵਿੰਡੋ ਸਿਸਟਮ ਦੀ ਗੱਲ ਕੀਤੀ ਜਾਂਦੀ ਹੈ ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਜੀਐੱਸਟੀ ਵਿਭਾਗ ਦੀਆਂ ਮੋਬਾਇਲ ਵਿੰਗ ਦੀਆਂ ਟੀਮਾਂ ਅਕਸਰ ਹੀ ਉਦਯੋਗਪਤੀਆਂ ਨੂੰ ਬੇਵਜ੍ਹਾ ਤੰਗ ਕਰਦੀਆਂ ਹਨ।
ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਜੀਐੱਸਟੀ ਦੀਆਂ ਉਲਝਣਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਗੋਬਿੰਦਗੜ੍ਹ ਵਿੱਚ ਕਰੀਬ ਇੱਕ ਲੱਖ ਮਜ਼ਦੂਰ ਵੱਖ ਵੱਖ ਲੋਹਾ ਸਨਅਤਾਂ ਵਿੱਚ ਕੰਮ ਕਰਦੇ ਹਨ ਪਰ ਉਨ੍ਹਾਂ ਲਈ ਬਣਿਆ ਈ ਐੱਸ ਆਈ ਹਸਪਤਾਲ ਹਮੇਸ਼ਾ ਹੀ ਸਹੂਲਤਾਂ ਤੋਂ ਵਾਂਝਾ ਰਿਹਾ ਹੈ, ਜਿਸ ਵਿੱਚ ਡਾਕਟਰ ਤੋਂ ਲੈ ਕੇ ਸਟਾਫ ਨਰਸਾਂ ਅਤੇ ਦਵਾਈਆਂ ਦਾ ਪ੍ਰਬੰਧ ਪਹਿਲ ਦੇ ਆਧਾਰ ਉੱਤੇ ਹੋਣਾ ਚਾਹੀਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਉਦਯੋਗ ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ। ਉਦਯੋਗਾਂ ਬਿਨਾਂ ਸਰਕਾਰ ਦਾ ਪਹੀਆ ਨਹੀਂ ਚੱਲ ਸਕਦਾ। ਮੀਟਿੰਗ ਵਿੱਚ ਉੱਦਮੀਆਂ ਨੂੰ ਪ੍ਰੋਗਰੈਸਿਵ ਪੰਜਾਬ ਤਹਿਤ ਹੋਰ ਨਿਵੇਸ਼ ਕਰਨ ਦੀ ਅਪੀਲ ਵੀ ਕੀਤੀ ਗਈ। ਉਦਯੋਗਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਰਕਾਰ ਵਚਨਬੱਧ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਸੂਬੇ ਵਿੱਚ ਉਦਯੋਗਾਂ ਨੂੰ ਰਾਹਤ ਦੇਣ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ।
ਜੀਐੱਸਟੀ ਮੋਬਾਇਲ ਵਿੰਗ ਵੱਲੋਂ ਛਾਪੇ ਮਾਰੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਗੁਰਕੀਰਤ ਕੋਟਲੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾ 17 ਮੋਬਾਇਲ ਟੀਮਾਂ ਸਨ ਜਿਨ੍ਹਾਂ ਨੂੰ ਘਟਾ ਕੇ ਪੰਜ ਕਰ ਦਿੱਤਾ ਗਿਆ ਹੈ। ਉਦਯੋਗਪਤੀਆਂ ਨੂੰ ਬੇਵਜ੍ਹਾ ਤੰਗ ਕਰਨ ਵਾਲੇ ਮੋਬਾਇਲ ਟੀਮਾਂ ਦੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਇਹ ਸਮੱਸਿਆ ਮੁੱਖ ਮੰਤਰੀ ਦੇ ਧਿਆਨ ਵਿਚ ਵੀ ਲਿਆਂਦੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਖੇਤੀਬਾਡ਼ੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 71 ਦਿਨਾਂ ਦੌਰਾਨ ਪੰਜਾਬ ਵਾਸੀਆਂ ਨੂੰ ਕਰੀਬ 13 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿੱਤੀ ਹੈ ਜਿਸ ਵਿੱਚ ਬਿਜਲੀ ਅਤੇ ਤੇਲ ਦੀਆਂ ਕੀਮਤਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਐੱਸ ਐੱਸ ਐੱਮ ਈ ਨੂੰ ਵੀ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਵੱਡੀਆਂ ਯੂਨਿਟਾਂ ਨੂੰ ਵੀ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਵਿੰਗ ਦਾ ਵੀ ਇਨਫਰਮੇਸ਼ਨ ਸੈਂਟਰ ਬਣਾਇਆ ਜਾਵੇਗਾ ਜਿੱਥੋਂ ਮਿਲੀ ਸੂਚਨਾ ਉੱਤੇ ਕੰਮ ਕੀਤਾ ਜਾਵੇਗਾ ਤੇ ਬੇਵਜ੍ਹਾ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਗ਼ਲਤ ਕੰਮ ਕਰਨ ਵਾਲੇ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ।
ਇਸ ਮੌਕੇ ਸੰਸਦ ਮੈਂਬਰ ਅਮਰ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿਜ, ਚੀਫ ਇੰਜਨੀਅਰ ਕਰੁਨੇਸ਼ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਜੋਗਿੰਦਰ ਸਿੰਘ ਭਾਟੀਆ ਸੀਜੀਐਮ ਪੀਐਸਆਈਆਈਸੀ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਕਾਰਜਕਾਰੀ ਪ੍ਰਧਾਨ ਰਜਿੰਦਰ ਬਿੱਟੂ, ਜੋਗਿੰਦਰ ਸਿੰਘ ਮੈਣੀ ਉਦਯੋਗਪਤੀ ਵਿਜੇ ਬਾਂਸਲ , ਸੰਜੂ ਬਾਂਸਲ, ਰਾਜ ਗੋਇਲ, ਰਾਜ ਜਿੰਦਲ, ਦਰਸ਼ਨ ਸਿੰਘ , ਪਰਕਾਸ਼ ਚੰਦ ਗਰਗ, ਅਨਿਲ ਸ਼ਰਮਾ, ਕੌਂਸਲਰ ਅਮਿਤ ਜੈ ਚੰਦ, ਅਰਵਿੰਦ ਸਿੰਗਲਾ ਬੌਬੀ, ਵਿਨੀਤ ਬਿੱਟੂ, ਬਲਦੇਵ ਸ਼ਰਮਾ, ਜਗਮੋਹਨ ਸਿੰਘ ਬਿੱਟੂ, ਰੋਹਿਤ ਸ਼ਰਮਾ ਸ਼ੌਕੀ, ਵੱਡੀ ਗਿਣਤੀ ਸਨਅਤਕਾਰ ਮੌਜੂਦ ਸਨ।