ਗਹਿਲਾਂ ਵਿਖੇ ਆਯੋਜਿਤ ਮੁਫ਼ਤ ਮੈਡੀਕਲ ਕੈਂਪ ਦੌਰਾਨ 350 ਲੋੜਵੰਦਾਂ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ
ਪਰਦੀਪ ਕਸਬਾ, ਸੰਗਰੂਰ, 20 ਦਸੰਬਰ 2021
ਸਵ. ਸ਼੍ਰੀ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਅੱਜ ਗਹਿਲਾਂ ਧਰਮਸ਼ਾਲਾ ਵਿਖੇ ਲੱਗੇ ਕੈਂਪ ਨੂੰ ਲੋੜਵੰਦਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ 350 ਲੋੜਵੰਦਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਦਾ ਜਾਇਜ਼ਾ ਲੈਂਦਿਆਂ ਯੂਥ ਆਗੂ ਸ੍ਰੀ ਮੋਹਿਲ ਸਿੰਗਲਾ ਨੇ ਕਿਹਾ ਕਿ ਮੈਡੀਸਨ ਮਾਹਿਰ, ਚਮੜੀ ਰੋਗਾਂ ਦੇ ਮਾਹਿਰ ਅਤੇ ਅੱਖ ਰੋਗਾਂ ਦੇ ਮਾਹਿਰ ਲਗਾਤਾਰ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਲੋੜਵੰਦਾਂ ਨੂੰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਨਜ਼ਦੀਕ ਮੁਹੱਈਆ ਕਰਵਾਉਣ ਲਈ ਨਿਯਮਤ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਮੈਡੀਕਲ ਕੈਂਪ ਉਨ੍ਹਾਂ ਲੋੜਵੰਦਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ ਜੋ ਘਰੇਲੂ ਜਾਂ ਹੋਰ ਕਾਰਨਾਂ ਕਰਕੇ ਆਪਣੇ ਘਰਾਂ ਤੋਂ ਦੂਰ ਜਾ ਕੇ ਇਲਾਜ ਕਰਵਾਉਣ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਅਸੁਵਿਧਾ ਮਹਿਸੂਸ ਕਰਦੇ ਹਨ। ਸ਼੍ਰੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਇਲਾਜ ਸੁਵਿਧਾਵਾਂ ਹਾਸਲ ਕਰਨ ਲਈ ਪੁੱਜੇ ਲੋਕਾਂ ਲਈ ਰਿਫਰੈਸ਼ਮੈਂਟ ਅਤੇ ਆਵਾਜਾਈ ਸੁਵਿਧਾ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਲੋੜਵੰਦਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਇਆ ਜਾ ਸਕੇ। ਅੱਜ ਦੇ ਕੈਂਪ ਦੌਰਾਨ 350 ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਜਿਨਾਂ ਵਿਚੋਂ 20 ਲੋੜਵੰਦ ਲੋਕਾਂ ਦਾ ਨਾਮ ਅੱਖਾਂ ਦੇ ਆਪ੍ਰੇਸ਼ਨ ਲਈ ਦਰਜ ਕੀਤਾ ਗਿਆ।