ਮਾਵਾਂ ਧੀਆਂ ਸਮੇਤ 9 ਜਣਿਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ਼
ਲੋਕੇਸ਼ ਕੌਸ਼ਲ , ਬਠਿੰਡਾ 12 ਦਸੰਬਰ 2021
ਕਿਸੇ ਨੇ ਸੱਚ ਹੀ ਕਿਹਾ ਹੈ, ਦੋਸ਼ੀ ਕਿਨ੍ਹਾਂ ਵੀ ਚਲਾਕ ਕਿਉਂ ਨਾ ਹੋਵੇ, ਦੇਰ ਸਵੇਰ ਪੁਲਿਸ ਦੇ ਸ਼ਿਕੰਜੇ ਵਿੱਚ ਫਸ ਹੀ ਜਾਂਦਾ ਹੈ । ਇੱਕ ਨੌਜਵਾਨ ਕਿਸਾਨ ਦੀ ਆਤਮ ਹੱਤਿਆ ਦੀ ਘਟਨਾ ਤੋਂ ਕਰੀਬ 9 ਮਹੀਨੇ ਬਾਅਦ ਅਜਿਹਾ ਹੀ ਵਾਪਰਿਆ ਹੈ ਕਿ ਖੁਦ ਨੂੰ ਕਾਨੂੰਨੀ ਸ਼ਿਕੰਜੇ ‘ਚੋਂ ਬਚਾਉਣ ਲਈ ਮ੍ਰਿਤਕ ਦਾ ਸੁਸਾਈਡ ਨੋਟ ਲੁਕਾਉਣ ਵਾਲੇ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਹੀ ਗਏ ਹਨ। ਪੁਲਿਸ ਨੇ ਆਤਮ ਹੱਤਿਆ ਦੀ ਘਟਨਾ ਤੋਂ 8 ਮਹੀਨੇ 25 ਦਿਨ ਬਾਅਦ 9 ਨਾਮਜ਼ਦ ਦੋਸ਼ੀਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਥਾਣਾ ਨੇਹੀਆਵਾਲਾ,ਜਿਲ੍ਹਾ ਬਠਿੰਡਾ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਵਿੱਢ ਦਿੱਤੀ ਹੈ। ਪੁਲਿਸ ਨੇ ਇਹ ਕੇਸ ਮ੍ਰਿਤਕ ਦੀ ਵਿਧਵਾ ਵੱਲੋਂ ਦਿੱਤੀ ਸ਼ਕਾਇਤ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤਾ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮਨਦੀਪ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਕੋਕਰੀ ਕਲਾਂ ਜਿਲ੍ਹਾ ਮੋਗਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਹਰਜੀਤ ਸਿੰਘ ਉਮਰ ਕਰੀਬ 35 / 36 ਸਾਲ ਵਾਸੀ ਪਿੰਡ ਭੋਖੜਾ ਮਿਤੀ 17.03. 2021 ਨੂੰ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਆਤਮ ਹੱਤਿਆ ਦੀ ਵਜ੍ਹਾ ਇਹ ਰਹੀ ਕਿ ਦੋਸ਼ੀ ਅਜੈਬ ਸਿੰਘ ਵਗੈਰਾ ਨਾਲ ਉਸ ਦਾ ਜਮੀਨ ਸਬੰਧੀ ਝਗੜਾ ਚੱਲਦਾ ਸੀ। ਜਿੰਨਾਂ ਤੋਂ ਤੰਗ ਆ ਕੇ ਹਰਜੀਤ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ। ਪਰੰਤੂ ਉਸ ਸਮੇਂ ਰਾਮ ਸਿੰਘ ਪੁੱਤਰ ਗੁਰਨਾਮ ਸਿੰਘ ਭੋਖੜਾ ਨੇ ਦੋਸ਼ੀਆਂ ਨੂੰ ਬਚਾਉਣ ਲਈ ਮ੍ਰਿਤਕ ਦਾ ਲਿਖਿਆ ਸੁਸਾਇਡ ਨੋਟ ਬਦਨੀਤੀ ਕਾਰਣ ਲੁਕੋ ਲਿਆ ਸੀ ।
ਪੁਲਿਸ ਨੇ ਮ੍ਰਿਤਕ ਦੀ ਪਤਨੀ ਮਨਦੀਪ ਕੌਰ ਦੀ ਸ਼ਕਾਇਤ ਤੇ ਲੰਬੀ ਪੜਤਾਲ ਦੌਰਾਨ ਲਾਏ ਗਏ ਦੋਸ਼ਾਂ ਅਤੇ ਸਾਹਮਣੇ ਆਏ ਤੱਥਾਂ ਦੇ ਅਧਾਰ ਪਰ ਨਾਮਜ਼ਦ ਦੋਸ਼ੀ ਅਜੈਬ ਸਿੰਘ ਪੁੱਤਰ ਗੁਰਨਾਮ ਸਿੰਘ, ਸਵਰਨਜੀਤ ਕੋਰ ਪਤਨੀ ਅਜੈਬ ਸਿੰਘ, ਅਮਨਦੀਪ ਕੌਰ ਪੁੱਤਰੀ ਅਜੈਬ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਦੋਵੇਂ ਪੁੱਤਰ ਅਜੈਬ ਸਿੰਘ ਵਾਸੀਆਨ ਕੋਰਟ ਰੋਡ ਬਠਿੰਡਾ, ਵੀਰਪਾਲ ਕੌਰ ਵਿਧਵਾ ਦਵਿੰਦਰ ਸਿੰਘ, ਬੂਟਾ ਸਿੰਘ ਤੇ ਸੋਨੂੰ ਸਿੰਘ ਦੋਵੇਂ ਪੁੱਤਰ ਬਸੰਤ ਸਿੰਘ ਵਾਸੀਆਨ ਗਿੱਦੜਬਾਹਾ ਅਤੇ ਰਾਮ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਭੋਖੜਾ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਨਾਮਜ਼ਦ 9 ਦੋਸ਼ੀਆਂ ਖਿਲਾਫ 11 ਦਸੰਬਰ ਨੂੰ ਅਧੀਨ ਜ਼ੁਰਮ 306/202/204 ਆਈਪੀਸੀ ਤਹਿਤ ਥਾਣਾ ਨੇਹੀਆਵਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਫਿਲਹਾਲ ਕਿਸੇ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ,ਪਰੰਤੂ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਪੁਲਿਸ ਮੁਸਤੈਦੀ ਨਾਲ ਤਲਾਸ਼ ਵੀ ਜੁਟੀ ਹੋਈ ਹੈ। ਛੇਤੀ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।