ਐਨਐਚਐਮ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਰੋਸ ਮੁਜ਼ਾਹਰਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਪੁਲਿਸ ਵੱਲੋਂ ਕੱਚੇ ਮੁਲਾਜ਼ਮਾਂ ਦੀ ਖਿੱਚਧੂਹ ਗੈਰਜਮਹੂਰੀ ਕਰਾਰ
ਰਵੀ ਸੈਣ,ਬਰਨਾਲਾ,29 ਨਵੰਬਰ :2021
ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ।ਅੱਜ ਸਿਹਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਜਿੱਥੇ ਸਮੂਹ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਉੱਥੇ ਹੀ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਪੁਲਿਸ ਵੱਲੋਂ ਕੱਚੇ ਤੇ ਬੇਰੁਜ਼ਗਾਰਾਂ ਦੀ ਕੀਤੀ ਖਿੱਚਧੂਹ ਖਿਲਾਫ ਵੀ ਰੋਸ ਦਾ ਪ੍ਰਗਟਾਵਾ ਕੀਤਾ।ਐਨਐਚਐਮ ਮੁਲਾਜ਼ਮਾਂ ਵੱਲੋਂ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਬਰਨਾਲਾ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਤੇ ਇਸ ਦੌਰਾਨ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕੱਚੇ ਕਾਮਿਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ।
ਐਨਐਚਐਮ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਐਨਐਚਐਮ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਕੌਰ ਪੱਤੀ,ਸੰਦੀਪ ਕੌਰ ਸੀਐਚਓ,ਮਨਦੀਪ ਕੌਰ,ਵੀਰਪਾਲ ਕੌਰ,ਹਰਜੀਤ ਸਿੰਘ,ਗੁਰਜੀਤ ਸਿੰਘ,ਨਵਦੀਪ ਸਿੰਘ,ਨਰਿੰਦਰ ਸਿੰਘ,ਵਿਪਨ ਕੁਮਾਰ,ਸੁਖਪਾਲ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਕੱਚੇ ਕਾਮੇ ਪੱਕੇ ਕਰਨ ਦੀ ਥਾਂ ਜਬਰ ਦਾ ਰਾਹ ਅਪਣਾਇਆ ਜਾ ਰਿਹਾ ਹੈ ਜਿਸ ਖਿਲਾਫ ਲੋਕ ਇੱਕਜੁਟਤਾ ਨਾਲ ਸੰਘਰਸ਼ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਰਨਾਲਾ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੱਚੇ ਮੁਲਾਜ਼ਮਾਂ ਦੀ ਗੱਲ ਸੁਨਣੀ ਚਾਹੀਦੀ ਸੀ ਪਰ ਉਸ ਵੱਲੋਂ ਗੱਲ ਕਰਨ ਦੀ ਥਾਂ ਉਲਟਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆ ਗਈਆਂ ਜਿਸਦੇ ਸਿੱਟੇ ਵਜ਼ੋਂ ਕੱਚੇ ਕਾਮਿਆਂ ਨੇ ਮੁੱਖ ਮੰਤਰੀ ਖਿਲਾਫ ਰੋਸ ਪ੍ਰਗਟ ਕਰਨ ਦਾ ਰਾਹ ਉਲੀਕਿਆ।ਉਨ੍ਹਾਂ ਕਿਹਾ ਕਿ ਜੇਕਰ ਕੱਚੇ ਕਾਮੇ ਪੱਕੇ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ/ਮੰਤਰੀਆਂ ਦੇ ਰਾਹ ਰੋੋਕ ਕੇ ਸਵਾਲ ਪੁੱਛੇ ਜਾਣਗੇ।
ਐਨਐਚਐਮ ਮੁਲਾਜ਼ਮਾਂ ਦੇ ਰੋਸ ਮਾਰਚ ਦੌਰਾਨ ਜਿਲ੍ਹੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂਇੱਕਜੁਟਤਾ ਦਾ ਪ੍ਰਗਟਾਵਾ ਕਰਨ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਐਨਐਚਐਮ ਮੁਲਾਜ਼ਮਾਂ ਦੀ ਮੰਗ ਬਿਲਕੁੱਲ ਹੱਕੀ ਹੈ ਤੇ ਪੰਜਾਬ ਸਰਕਾਰ ਨੂੰ ਫੌਰੀ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਕੱਚੇ ਕਾਮੇ ਪੱਕੇ ਕਰਨੇ ਚਾਹੀਦੇ ਹਨ ਤੇ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਮੂਹ ਜਥੇਬੰਦੀਆਂ ਇਹਨਾਂ ਕੱਚੇ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਘਰਸ਼ ਕਰਨਗੀਆਂ।ਉਨ੍ਹਾਂ ਬਰਨਾਲਾ ਪ੍ਰਸ਼ਾਸ਼ਨ ਵੱਲੋਂ ਕੱਚੇ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੀ ਖਿੱਚਧੂਹ ਕਰਨ ਅਤੇ ਹਿਰਾਸਤ ਵਿੱਚ ਲੈਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਝ ਸੂਬੇ ਐਨਐਚਐਮ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਅਤੇ ਭੱਤੇ ਦੇ ਰਹੇ ਹਨ ਪਰ ਪੰਜਾਬ ਦੀ ਆਮ ਆਦਮੀ ਸਰਕਾਰ ਕਹਾਉਣ ਵਾਲੀ ਸਰਕਾਰ ਅਜਿਹਾ ਨਹੀਂ ਕਰ ਰਹੀ ਤੇ ਇਹੋ ਸਰਕਾਰ ਮੰਤਰੀਆਂਵਿਧਾਇਕਾਂ/ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਦੇ ਖਜ਼ਾਨਾਂ ਲੁਟਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਐਕਟ ਮੁਲਾਜ਼ਮ ਵਿਰੋਧੀ ਐਕਟ ਹੈ ਤੇ ਉਸ ਐਕਟ ਅਨੁਸਾਰ 10 ਸਾਲ ਤੋਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਅੱਗੇ ਤਿੰਨ ਸਾਲ ਲਈ ਮੁੜ ਨਿਗੂਣੀ ਤਣਖਾਹ ਤਹਿਤ ਰੱਖਿਆ ਜਾਵੇਗਾ ਤੇ ਇਹ ਐਕਟ 10 ਸਾਲ ਤੋਂ ਘੱਟ ਸਰਵਿਸ ਵਾਲੇ ਕੱਚੇ ਮੁਲਾਜ਼ਮਾਂ ਲਈ ਬਿੱਲਕੁਲ ਚੁੱਪ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਨਰੇਸ਼ ਕੁਮਾਰੀ,ਸਰਬਜੀਤ ਕੌਰ,ਨੀਲੂ, ਡਾ. ਕੁਲਜੀਤ ਸਿੰਘ,ਵਰਿੰਦਰ ਕੌਰ,ਵਿੱਕੀ,ਸੁਖਵਿੰਦਰ ਸਿੰਘ,ਨਰਿੰਦਰ ਪਾਲ,ਨੀਰਜ ਕੁਮਾਰੀ,ਸੁਰਜੀਤ ਸਿੰਘ,ਸੰਜੀਵ ਕੁਮਾਰ,ਜਸਵਿੰਦਰ ਸਿੰਘ,ਸੀਮਾ,ਸਿਮਰਜੀਤ ਕੌਰ,ਸਰਬਜੀਤ ਕੌਰ,ਸੁਖਪਾਲ ਕੌਰ ਆਦਿ ਨੇ ਚੰਨੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸਮੂਹ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ।
ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਉਹ ਭਲਕੇ ਮੁੱਖ ਮੰਤਰੀ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰੀ ਰੈਲੀ ਕਰਨਗੇ।