ਹਰਿੰਦਰ ਨਿੱਕਾ , 10 ਨਵੰਬਰ 2021
ਪਹਿਲਾਂ ਮਾਪਿਆਂ ਤੋਂ ਬਾਗੀ ਹੋ ਕੇ ਆਪਣੀ ਮਰਜ਼ੀ ਨਾਲ ਨਿਸ਼ਾ ਨੇ ਲਵ ਮੈਰਿਜ ਕਰਵਾਈ। ਪਰੰਤੂ ਕੁੱਝ ਮਹੀਨਿਆਂ ਬਾਅਦ ਹੀ ਸਿਰਫ ਮੈਰਿਜ ਦਾ ਰਿਸ਼ਤਾ ਰਹਿ ਗਿਆ, ਤੇ ਲਵ ਮਨਫੀ ਹੋ ਗਿਆ। ਜਿੰਦਗੀ ਭਰ ਇੱਕ ਦੂਜੇ ਦੇ ਹੋ ਕੇ ਰਹਿਣ ਦੀਆਂ ਖਾਧੀਆਂ ਕਸਮਾਂ ਵੀ ਦੋਵਾਂ ਨੂੰ ਇਕੱਠੇ ਨਾ ਰੱਖ ਸਕੀਆਂ। ਆਖਿਰ ਸਾਰੀ ਉਮਰ ਦਾ ਸਾਥ ਨਿਭਾਉਣ ਦਾ ਵਾਅਦਾ ਕਰਕੇ, ਆਪਣੇ ਘਰ ਲਿਆਂਦੀ ਨਿਸ਼ਾ ਨੂੰ ਉਸ ਦੇ ਪਤੀ ਅਤੇ ਸੱਸ ਨੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਰਦਨਾਕ ਘਟਨਾ ਲੰਘੀ ਕੱਲ੍ਹ ਸ਼ਾਮ ਦੇ ਸਮੇਂ ਸ਼ਹਿਰ ਦੇ ਸੇਖਾ ਰੋਡ ਦੀ ਗਲੀ ਨੰਬਰ 5 ਵਿਖੇ ਵਾਪਰੀ। ਪੁਲਿਸ ਨੇ ਮ੍ਰਿਤਕ ਨਿਸ਼ਾ ਰਾਣੀ ਦੇ ਪਿਤਾ ਤਰਸੇਮ ਸਿੰਘ ਉਰਫ ਰਾਜੇਸ਼ ਕੁਮਾਰ ਪੁੱਤਰ ਪਾਲ ਸਿੰਘ ਵਾਸੀ ਬਰਨਾਲਾ ਦੇ ਬਿਆਨ ਪਰ ਦੋਸ਼ੀ ਮਾਂ-ਪੁੱਤ ਦੇ ਖਿਲਾਫ ਕਤਲ ਦਾ ਕੇਸ ਦਰਜ਼ ਕਰ ਲਿਆ ਹੈ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਕਰੀਬ 23 ਕੁ ਵਰ੍ਹਿਆਂ ਦੀ ਬੇਟੀ ਨਿਸ਼ਾ ਰਾਣੀ ਨੂੰ ਕੁੱਝ ਮਹੀਨੇ ਪਹਿਲਾਂ ਹਰਵੀਰ ਸਿੰਘ ਉਰਫ ਹਨੀ ਬੁੱਗ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਗਿਆ ਸੀ ਅਤੇ ਪਰਿਵਾਰ ਦੀ ਮਰਜੀ ਤੋਂ ਬਿਨਾਂ ਹੀ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ। ਆਖਿਰ ਅਸੀਂ ਆਪਣੀ ਧੀ ਦੀ ਜਿੱਦ ਅੱਗੇ ਝੁਕ ਗਏ ਅਤੇ ਦੋਵਾਂ ਦੀ ਖੁਸ਼ੀ ਲਈ ਵਿਆਹ ਨੂੰ ਮੰਨ ਲਿਆ। ਪਰੰਤੂ ਵਿਆਹ ਤੋਂ ਬਾਅਦ ਹੀ ਨਿਸ਼ਾ ਦੇ ਚਾਲ ਚਲਣ ਤੇ ਉਸ ਦਾ ਪਤੀ ਹਨੀ ਸ਼ੱਕ ਕਰਨ ਲੱਗ ਪਿਆ । ਪਹਿਲਾਂ ਦੋਵਾਂ ਦਰਮਿਆਨ ਤਕਰਾਰ ਹੋਣ ਲੱਗ ਪਈ। ਜਿਸ ਬਾਰੇ, ਉਸ ਦੀ ਬੇਟੀ ਨੇ ਸਾਨੂੰ ਵੀ ਦੱਸਿਆ। ਲੱਖ ਸਫਾਈਆਂ ਦੇਣ ਅਤੇ ਸਮਝਾਉਣ ਦੇ ਬਾਵਜੂਦ ਵੀ ਹਨੀ ਬੁੱਗ ਦੇ ਰਵੱਈਏ ਵਿੱਚ ਕੋਈ ਸੁਧਾਰ ਨਹੀਂ ਹੋਇਆ। ਆਖਿਰ ਮੰਗਲਵਾਰ ਸ਼ਾਮ ਨੂੰ ਹਰਵੀਰ ਸਿੰਘ ਉਰਫ ਹਨੀ ਬੁੱਗ ਅਤੇ ਉਸ ਦੀ ਮਾਂ ਪਰਮਿੰਦਰ ਕੌਰ ਨੇ ਮਿਲੀ ਭੁਗਤ ਕਰਕੇ ਨਿਸ਼ਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਹੱਤਿਆ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਦੋਸ਼ੀ ਨਿਸ਼ਾ ਰਾਣੀ ਦੇ ਚਾਲ ਚਲਣ ਤੇ ਸ਼ੱਕ ਕਰਦੇ ਸਨ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ਦੋਸ਼ੀ ਹਨੀ ਬੁੱਗ ਅਤੇ ਉਸ ਦੀ ਮਾਂ ਪਰਮਿੰਦਰ ਕੌਰ ਦੇ ਖਿਲਾਫ ਅਧੀਨ ਜੁਰਮ 302/34 ਆਈਪੀਸੀ ਤਹਿਤ ਥਾਣਾ ਸਿਟੀ 2 ਵਿਖੇ ਕੇਸ ਦਰਜ਼ ਕਰਕੇ, ਦੋਵਾਂ ਨਾਮਜਦ ਦੋਸ਼ੀਆਂ ਨੂੰ ਗਿਰਫ਼ਤਾਰ ਵੀ ਕਰ ਲਿਆ ਹੈ। ਮਾਮਲੇ ਦੀ ਤਫਤੀਸ਼ ਥਾਣੇ ਦੇ ਐਸਐਚਉ ਜਗਦੇਵ ਸਿੰਘ ਨੂੰ ਸੌਂਪ ਦਿੱਤੀ ਹੈ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ ।