ਕਾਂਗਰਸੀਆਂ ਦੀ ਕੁੱਕੜ ਖੇਹ-ਕੇਵਲ ਢਿੱਲੋਂ ਤੇ ਕਾਲਾ ਢਿੱਲੋਂ ਸਮੱਰਥਕ ਭਿੜੇ
ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੂੰ ਪੁਲਿਸ ਨੇ ਮੀਟਿੰਗ ਚੋਂ ਕੱਢਿਆ ਬਾਹਰ, ਨਾਅਰੇਬਾਜੀ ਤੋਂ ਬਾਅਦ ਫਿਰ ਬੁਲਾਇਆ
ਹਰਿੰਦਰ ਨਿੱਕਾ /ਰਘਵੀਰ ਹੈਪੀ, ਬਰਨਾਲਾ 9 ਨਵੰਬਰ 2021
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਅੰਦਰ ਕਾਂਗਰਸ ਦੀ ਹਾਲਤ ਦੀ ਸਮੀਖਿਆ ਕਰਨ ਅਤੇ ਪਾਰਟੀ ਨੂੰ ਮਜਬੂਤ ਕਰਨ ਦੀ ਉਮੀਦ ਨਾਲ ਰੈਸਟ ਹਾਊਸ ਬਰਨਾਲਾ ਵਿਖੇ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜੁਆਇੰਟ ਸੈਕਟਰੀ ਸ੍ਰੀ ਕ੍ਰਿਸ਼ਨਾ ਅਲਾਵਰੂ ਅਤੇ ਕਾਂਗਰਸ ਦੇ ਜਿਲ੍ਹਾ ਇੰਚਾਰਜ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਾਹਮਣੇ ਕਾਂਗਰਸੀਆਂ ਨੇ ਅਜਿਹੀ ਕੁੱਕੜ ਖੇਹ ਉਡਾਈ ਕਿ ਆਬਜਰਬਰ ਬਣ ਕੇ ਪਹੁੰਚੇ ਆਗੂਆਂ ਨੂੰ ਭਾਰੀ ਨਮੌਸ਼ੀ ਦਾ ਸਾਹਮਣਾ ਕਰਨਾ ਪਿਆ। ਤਿੰਨ ਧੜ੍ਹਿਆਂ ਵਿੱਚ ਵੰਡੀ ਕਾਂਗਰਸ ਪਾਰਟੀ ਦੇ ਦੋ ਧੜ੍ਹਿਆਂ ਦੇ ਆਗੂਆਂ ਨੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਤਣਾਅਪੂਰਣ ਮਾਹੌਲ ਵਿੱਚ ਸ਼ੁਰੂ ਹੋਈ ਮੀਟਿੰਗ ਦੌਰਾਨ ਅਜਿਹਾ ਮੌਕਾ ਵੀ ਆਇਆ ਜਦੋਂ, ਮੰਚ ਬਹੁਤੇ ਵਰਕਰ ਮੰਚ ਤੇ ਚੜ੍ਹ ਕੇ ਆਪੋ-ਆਪਣੇ ਆਗੂਆਂ ਦੇ ਹੱਕ ਤੇ ਦੂਜੇ ਦੇ ਵਿਰੋਧ ਵਿੱਚ ਨਾਅਰੇਬਾਜੀ ਕਰਨ ਲੱਗ ਪਏ। ਪਾਰਟੀ ਨੂੰ ਮਜਬੂਤੀ ਲਈ ਸੱਦੀ ਮੀਟਿੰਗ ਜੰਗ ਦੇ ਮੈਦਾਨ ਵਿੱਚ ਬਦਲ ਗਈ। ਆਖਿਰ ਰਾਣਾ ਗੁਰਜੀਤ ਸਿੰਘ ਨੇ ਕੇਵਲ ਢਿੱਲੋਂ ਦੇ ਸਮਰਥੱਕਾਂ ਨੂੰ ਤਾੜਦਿਆਂ ਕਿਹਾ, ਬੰਦ ਹੋ ਜਾਉ, ਕਿਸੇ ਨੇ ਵੀ ਕੇਵਲ ਢਿੱਲੋਂ ਦੇ ਹੱਕ ਵਿੱਚ ਨਾਅਰੇਬਾਜੀ ਨਹੀਂ ਕਰਨੀ। ਫਿਰ ਕਿਤੇ ਜਾ ਕੇ ਮੀਟਿੰਗ ਸ਼ੁਰੂ ਹੋ ਸਕੀ।
ਕੇਵਲ ਢਿੱਲੋਂ ਦੇ ਵਿਰੋਧੀ ਖੇਮੇ ਨੂੰ ਮੀਟਿੰਗ ‘ਚ ਜਾਣ ਤੋਂ ਰੋਕਣ ਤੇ ਲੱਗਿਆ ਧਰਨਾ
ਲੜਾਈ ਦਾ ਮੁੱਢ ਉਦੋਂ ਬੱਝਿਆ, ਜਦੋਂ ਕੇਵਲ ਸਿੰਘ ਢਿੱਲੋਂ ਦੇ ਗਰੁੱਪ ਵੱਲੋਂ ਪ੍ਰਸ਼ਾਸ਼ਨ ਨੂੰ ਸੌਂਪੀ ਲਿਸਟ ਤੋਂ ਬਾਹਰੀ ਹੋਰ ਕਾਂਗਰਸੀ ਆਗੂਆਂ ਨੂੰ ਰੈਸਟ ਹਾਊਸ ਦੇ ਅੰਦਰ ਜਾਣ ਤੋਂ ਹੀ ਗੇਟ ਪਰ ਹੀ ਰੋਕ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ, ਪੁਲਿਸ ਅਧਿਕਾਰੀਆਂ ਨੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮੇਹਸ਼ ਕੁਮਾਰ ਲੋਟਾ ਨੂੰ ਰੈਸਟ ਹਾਊਸ ਤੋਂ ਜਬਰਦਸਤੀ ਬਾਹਰ ਕੱਢ ਦਿੱਤਾ। ਅਜਿਹੇ ਰਵੱਈਏ ਤੋਂ ਭੜ੍ਹਕੇ ਕਾਲਾ ਢਿੱਲੋਂ ਧੜੇ ਅਤੇ ਹੋਰ ਟਕਸਾਲੀ ਆਗੂ ਦਰੀ ਵਿਛਾ ਕੇ ਰੈਸਟ ਹਾਊਸ ਦੇ ਗੇਟ ਅੱਗੇ ਧਰਨਾ ਲਾ ਕੇ ਕੇਵਲ ਸਿੰਘ ਢਿੱਲੋਂ ਖਿਲਾਫ ਨਾਅਰੇਬਾਜੀ ਕਰਨ ਲੱਗ ਪਏ। ਮਾਹੌਲ ਜਿਆਦਾ ਤਣਾਅਪੂਰਨ ਹੁੰਦੇ ਵੇਖ ਕੇਂਦਰੀ ਆਬਜਰਬਰ ਕ੍ਰਿਸ਼ਨਾ ਅਲਾਵਰੂ ਧਰਨਾ ਦੇ ਰਹੇ ਆਗੂਆਂ ਕੋਲ ਪਹੁੰਚੇ ਅਤੇ ਉਨਾਂ ਨੂੰ ਮੀਟਿੰਗ ਵਿੱਚ ਲੈ ਗਏ।
ਕੇਵਲ ਢਿੱਲੋਂ ਦੇ ਖਿਲਾਫ ਮੀਟਿੰਗ ਦੇ ਅੰਦਰ ਤੇ ਬਾਹਰ ਹੁੰਦੀ ਰਹੀ ਨਾਅਰੇਬਾਜੀ
ਬਰਨਾਲਾ ਵਿਧਾਨ ਸਭਾ ਹਲਕੇ ‘ਚੋਂ ਲਗਾਤਾਰ ਦੋ ਵਾਰ ਚੋਣ ਹਾਰ ਚੁੱਕੇ (ਇੱਕ ਵਾਰ ਵਿਧਾਨ ਸਭਾ ਚੋਣ ਦੂਜੀ ਵਾਰ ਲੋਕ ਸਭਾ ਚੋਣ ਦੌਰਾਨ )ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਲਈ ਹਲਕੇ ਵਿੱਚ ਵੱਡੀ ਚੁਣੌਤੀ ਬਣਕੇ ਉੱਭਰ ਰਹੇ ਕੁਲਦੀਪ ਸਿੰਘ ਕਾਲਾ ਢਿੱਲੋਂ ਅਗਵਾਈ ਵਿੱਚ ਜਿੱਥੇ ਕਾਂਗਰਸੀ ਆਗੂ ਕੇਵਲ ਢਿੱਲੋਂ ਦੇ ਖਿਲਾਫ ਮੀਟਿੰਗ ਦੇ ਅੰਦਰ ਨਾਅਰੇਬਾਜੀ ਕਰਦੇ ਰਹੇ, ਉੱਥੇ ਹੀ ਮੀਡੀਆ ਨਾਲ ਬਦਸਲੂਕੀ ਕਰਨ ਤੋਂ ਬਾਅਦ ਸੜਕ ਜਾਮ ਕਰਕੇ ਰੈਸਟ ਹਾਊਸ ਦੇ ਗੇਟ ਤੇ ਧਰਨਾ ਦੇ ਰਹੇ ਪੱਤਰਕਾਰ ਵੀ ਕੇਵਲ ਢਿੱਲੋਂ, ਐਮਐਲਏ ਪਿਰਮਲ ਸਿੰਘ ਧੌਲਾ, ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜੀ ਕਰਦੇ ਰਹੇ। ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੀਸ਼ ਪਾਲਕੋ ,ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਅਜਾਦ ਪ੍ਰੈਸ ਕਲੱਬ ਦੇ ਚੇਅਰਮੈਨ ਜਤਿੰਦਰ ਦੇਵਗਣ ਆਦਿ ਪੱਤਰਕਾਰ ਆਗੂਆਂ ਨੇ ਐਲਾਨ ਕੀਤਾ ਕਿ ਉਹ ਕੇਵਲ ਢਿੱਲੋਂ ਦੇ ਇਸ਼ਾਰੇ ਤੇ ਮੀਡੀਆ ਦੀ ਪੁਲਿਸ ਅਫਸਰ ਤੋਂ ਕਰਵਾਈ ਬੇਇੱਜਤੀ ਦੇ ਕਾਰਣ ਕਾਂਗਰਸ ਪਾਰਟੀ ਦੀ ਕੋਈ ਕਵਰੇਜ ਨਹੀਂ ਕਰਨਗੇ। ਪ੍ਰੈਸ ਦੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੀਡੀਆ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਫਸਰ ਨੇ ਮਾਫੀ ਨਾ ਮੰਗੀ ਅਤੇ ਪੱਤਰਕਾਰ ਯਾਦਵਿੰਦਰ ਭੁੱਲਰ ਤੋਂ ਕਵਰੇਜ ਸਮੇਂ ਮੋਬਾਇਲ ਖੋਹਣ ਵਾਲੇ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਪੀਏ ਖਿਲਾਫ ਕੇਸ ਦਰਜ਼ ਨਾ ਕੀਤਾ ਗਿਆ ਤਾਂ ਪ੍ਰੈਸ ਪ੍ਰਸ਼ਾਸ਼ਨ ਦਾ ਵੀ ਬਾਈਕਾਟ ਕਰਨ ਨੂੰ ਮਜਬੂਰ ਹੋਵੇਗੀ।
ਰਾਣਾ ਗੁਰਜੀਤ, ਕੇਵਲ ਢਿੱਲੋਂ, ਪਿਰਮਲ ਧੌਲਾ ਨੇ ਮੀਡੀਆ ਤੋਂ ਮੰਗੀ ਮਾਫੀ
ਪੱਤਰਕਾਰਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਵਿਧਾਇਕ ਪਿਰਮਲ ਸਿੰਘ ਧੌਲਾ ਨੇ ਧਰਨੇ ਤੇ ਪਹੁੰਚ ਕੇ ਮੀਡੀਆ ਦੀ ਬੇਇੱਜਤੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਹੱਥ ਜੋੜ ਕੇ ਮਾਫੀ ਮੰਗੀ। ਜਿਸ ਤੋਂ ਬਾਅਦ ਹੀ ਪੱਤਰਕਾਰਾਂ ਨੇ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂਆਂ ਨੂੰ ਰੈਸਟ ਹਾਊਸ ਤੋਂ ਬਾਹਰ ਜਾਣ ਦਿੱਤਾ। ਉੱਧਰ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਐਸਐਸਪੀ ਅਲਕਾ ਮੀਨਾ ਨੇ ਵੀ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਦੀ ਘਟਨਾ ਦੀ ਨਿੰਦਿਆਂ ਕਰਦਿਆਂ ਭਰੋਸਾ ਦਿੱਤਾ ਕਿ ਉਹ ਪੱਤਰਕਾਰਾਂ ਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਹਰ ਯਤਨ ਕਰਨਗੇ। ਉਨਾਂ ਪੁਲਿਸ ਅਧਿਕਾਰੀ ਦੀ ਤਰਫੋਂ ਗਲਤੀ ਦਾ ਅਹਿਸਾਸ ਵੀ ਕੀਤਾ। ਜਿਸ ਤੋਂ ਬਾਅਦ ਡੀਸੀ ਨੇ ਖੁਦ ਪੱਤਰਕਾਰ ਭਾਈਚਾਰੇ ਨਾਲ ਮੀਟਿੰਗ ਕਰਕੇ, ਪੱਤਰਕਾਰਾਂ ਦੀ ਮੰਗ ਬਾਰੇ ਫੈਸਲਾ ਕਰਨ ਲਈ, ਭਲ੍ਹਕੇ ਫਿਰ ਬਾਅਦ ਦੁਪਿਹਰ 2 ਵਜੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਨਗੇ ਤਾਂਕਿ ਪ੍ਰੈਸ ਅਤੇ ਪੁਲਿਸ ਦਰਮਿਆਨ ਪੈਦਾ ਹੋਏ ਟਕਰਾਅ ਨੂੰ ਟਾਲਿਆ ਜਾ ਸਕੇ।
ਰੈਸਟ ਹਾਊਸ ’ਚ ਕੇਵਲ ਢਿੱਲੋਂ ਬਨਾਮ ਕਾਲਾ ਢਿੱਲੋਂ ਦੀ ਸ਼ਬਦੀ ਜੰਗ ਦੀ ਜਾਣਕਾਰੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ। ਇਸ ਲਈ ਉਨਾਂ ਰੈਸਟ ਹਾਊਸ ਪਹੁੰਚਣ ਤੋਂ ਪਹਿਲਾਂ ਹੀ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਢਿੱਲੋਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਬੁਲਾਇਆ ਸੀ । ਭਰੋਸੇਯੋਗ ਸੂਤਰਾਂ ਅਨੁਸਾਰ ਇੱਥੇ ਦੋਵਾਂ ਆਗੂਆਂ ਨੂੰ ਮੀਟਿੰਗ ਦੌਰਾਨ ਸਥਿਤੀ ਸਾਂਤਮਈ ਅਤੇ ਆਪਣੇ ਆਪਣੇ ਵਰਕਰਾਂ ਨੂੰ ਕੰਟਰੋਲ ’ਚ ਰੱਖਣ ਦੀ ਹਦਾਇਤ ਵੀ ਕੀਤੀ ਗਈ ਸੀ। ਜਿਸ ਦੀ ਪੁਸ਼ਟੀ ਪੰਡਾਲ ’ਚ ਰੌਲਾ ਪੈਣ ਤੋਂ ਬਾਅਦ ਮੰਤਰੀ ਨੇ ਖੁਦ ਮਾਇਕ ਸੰਭਾਲਦਿਆਂ ਵੀ ਕੀਤੀ। ਪੰਡਾਲ ’ਚ ਕਾਂਗਰਸੀ ਵਰਕਰਾਂ ਦੀ ਮਿਹਣੋ-ਮਿਹਣੀ ਦੌਰਾਨ ਮੰਤਰੀ ਨੇ ਬੜੀ ਢੀਠਤਾਈ ਨਾਲ ਮਾਇਕ ’ਤੇ ਇਹ ਵੀ ਆਖ ਦਿੱਤਾ ਕਿ ‘ਇਹੋ ਜਿਹਾ ਘਮਸਾਣ ਉੱਪਰ (ਹਾਈਕਮਾਨ) ’ਚ ਵੀ ਪਿਆ ਹੋਇਆ ਹੈ।’ ਕੁੱਲ ਮਿਲਾ ਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਮੱਰਥਕਾਂ ਵਿਚਕਾਰ ਸਿਆਸੀ ਤਾਹਨਿਆਂ ਦੀ ਭੇਂਟ ਚੜ ਗਈ ਅਤੇ ਮੰਤਰੀ ਜਿਹੋ ਜਿਹੇ ਆਏ ਸੀ ਉਹੋ ਜਿਹੇ ਹੀ ਮੁੜ ਗਏ ।