ਦੋ ਮਿੰਟ ਦਾ ਮੌਨ ਧਾਰ ਕੇ ਲੋਕ-ਕਵੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
* ਉਦਾਸੀ ਦੀ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ; ਹੱਕ-ਸੱਚ ਲਈ ਜੂਝਣ ਵਾਲਿਆਂ ਲਈ ਪ੍ਰੇਰਨਾ-ਸਰੋਤ: ਇਕਬਾਲ ਕੌਰ ਉਦਾਸੀ
* ਕਿਸਾਨਾਂ ਨੂੰ ਵਿਹਲੜ ਤੇ ਸ਼ਰਾਬੀ ਗਰਦਾਨਨ ਵਾਲੇ ਬੀਜੇਪੀ ਨੇਤਾ ਆਪਣੀ ਜ਼ੁਬਾਨ ‘ਤੇ ਲਗਾਮ ਲਾਉਣ: ਕਿਸਾਨ ਆਗੂ।
ਪਰਦੀਪ ਕਸਬਾ , ਬਰਨਾਲਾ: 06 ਨਵੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 402 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਬਹੁਤ ਭਾਵਪੂਰਤ ਤੇ ਜੋਸ਼ੀਲੇ ਅੰਦਾਜ਼ ਵਿੱਚ ਮਨਾਈ ਗਈ। ਸੰਨ 1986 ਵਿੱਚ ਅੱਜ ਦੇ ਦਿਨ ਉਦਾਸੀ ਜੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ( ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਦੇ ਲੇਖੇ ਲਾਈ। ਆਪਣੇ ਗੀਤਾਂ ਰਾਹੀਂ ਲੋਕਾਂ ਦੀਆਂ ਦੁੱਖਾਂ/ਦੁਸ਼ਵਾਰੀਆਂ ਦੀ ਗੱਲ ਕਰਨ ਬਦਲੇ ਉਸ ਨੇ ਸਰਕਾਰੀ ਜਬਰ ਆਪਣੇ ਪਿੰਡੇ ‘ਤੇ ਹੰਢਾਇਆ। ਅੱਜ ਵੀ ਸੰਘਰਸ਼ਾਂ ਦੇ ਪਿੜਾਂ ਵਿੱਚ ਉਦਾਸੀ ਦੇ ਗੀਤ ਅਕਸਰ ਗਾਏ ਜਾਂਦੇ ਹਨ।
ਅੱਜ ਵੀ ਧਰਨੇ ਵਿੱਚ ਉਨ੍ਹਾਂ ਦੇ ਹੀ ਗੀਤ ਗਾਏ ਅਤੇ ਜੀਵਨ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਦਾਸੀ ਦੇ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ ਹੈ ਅਤੇ ਹੱਕ- ਸੱਚ ਲਈ ਜੂਝਣ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਮੇਲਾ ਸਿੰਘ ਕੱਟੂ, ਇਕਬਾਲ ਕੌਰ ਉਦਾਸੀ, ਮੇਘ ਰਾਜ ਮਿੱਤਰ, ਨਰੈਣ ਦੱਤ, ਬਿੱਕਰ ਸਿੰਘ ਔਲਖ, ਗੁਰਪ੍ਰੀਤ ਰੂੜੇਕੇ, ਗੁਰਦੇਵ ਸਿੰਘ ਮਾਂਗੇਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਖੁਸ਼ੀਆ ਸਿੰਘ, ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੱਲ੍ਹ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਕਿਸਾਨਾਂ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਬੀਜੇਪੀ ਦੀ ਬੌਖਲਾਹਟ ਉਦੋਂ ਜੱਗ-ਜਾਹਰ ਹੋ ਗਈ ਜਦੋਂ ਉਸ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਵਿਹਲੜ ਤੇ ਸ਼ਰਾਬੀ ਤੱਕ ਗਰਦਾਨ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨਕਾਰੀਆਂ ਤੋਂ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ ਅਤੇ ਦਬਾਅ ਹੇਠ ਹੈ। ਇਸੇ ਲਈ ਕਿਸਾਨਾਂ ਦੀਆਂ ਦਲੀਲਾਂ ਮੂਹਰੇ ਨਿਰ-ਉੱਤਰ ਹੋਏ ਨੇਤਾ ਗਾਲ੍ਹਾਂ ਅਤੇ ਭੱਦੀ ਸ਼ਬਦਾਵਲੀ ‘ਤੇ ਉਤਰ ਆਏ ਹਨ। ਕੱਲ੍ਹ ਕਿਸਾਨਾਂ ਵੱਲੋਂ ਘੇਰੇ ਜਾਣ ‘ਤੇ ਬੀਜੇਪੀ ਨੇਤਾਵਾਂ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਅਤੇ ਪੁਲਿਸ ਨੂੰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਵੀ ਰਿਹਾ ਕਰਨਾ ਪਿਆ। ਅਸੀਂ ਕਿਸਾਨਾਂ ਉਪਰ ਕੀਤੇ ਪੁਲਿਸ ਜਬਰ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ।
ਅੱਜ ਅਜਮੇਰ ਅਕਲੀਆ ਤੇ ਬਲਵੀਰ ਸੇਖਾ ਨੇ ਸੰਤ ਰਾਮ ਉਦਾਸੀ ਦੇ ਲਿਖੇ ਇਨਕਲਾਬੀ ਗੀਤ ਗਾ ਕੇ ਪੰਡਾਲ ‘ਚ ਜੋਸ਼ ਭਰਿਆ।