ਪੇਂਡੂ ਮਜ਼ਦੂਰ ਯੂਨੀਅਨ ਦੇ ਸੱਦੇ ਉੱਤੇ ਬੇਜ਼ਮੀਨਿਆ ਵਲੋਂ ਦੀਵਾਲੀ ਮੌਕੇ ਦੀਵਾ ਬਾਲ ਕੇ ਚੰਨੀ ਨੂੰ ਪੁੱਛਿਆ ਕਿ ਸਾਡਾ ਪਲਾਟ ਕਿੱਥੇ ਹੈ, ਦੀਵਾ ਬਾਲਾਂ ਜਿੱਥੇ
*8 ਨੂੰ ਹੋਵੇਗਾ ਵਿਧਾਨ ਸਭਾ ਵੱਲ ਮੁਜ਼ਾਹਰਾ: ਪੀਟਰ, ਰਸੂਲਪੁਰ
ਪਰਦੀਪ ਕਸਬਾ , ਜਲੰਧਰ,5 ਨਵੰਬਰ 2021
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਦਿੱਤੇ ਸੱਦੇ ਤਹਿਤ ਦੀਵਾਲੀ ਮੌਕੇ 4 ਨਵੰਬਰ ਨੂੰ ਜਲੰਧਰ, ਕਪੂਰਥਲਾ, ਮੋਗਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 52 ਪਿੰਡਾਂ ਅਤੇ 2 ਨਗਰ ਪੰਚਾਇਤਾਂ ਦੀਆਂ ਸਾਂਝੀਆਂ ਥਾਵਾਂ,ਚੌਂਕਾ ਉੱਤੇ ਦੀਵੇ ਬਾਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਕਿਹਾ ਕਿ ਜੇਕਰ ਸੱਚੀਉਂ ਵਿਹੜੇ ਦਾ ਜਾਇਆ ਤਾਂ ਆ ਕੇ ਦੱਸ ਤਾਂ ਸਹੀ ਕਿ ਤੇਰੇ ਐਲਾਨ ਵਾਲਾ ਸਾਡਾ 5 ਮਰਲੇ ਦਾ ਪਲਾਟ ਕਿੱਥੇ,ਦੀਵਾ ਬਾਲਾਂ ਜਿੱਥੇ।
ਇਸ ਮੌਕੇ ਯੂਨੀਅਨ ਵਲੋਂ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਬੇਜ਼ਮੀਨਿਆਂ,ਦਲਿਤ ਮਜ਼ਦੂਰਾਂ ਵਿਰੋਧੀ ਵਤੀਰੇ ਦੇ ਖਿਲਾਫ਼ ਅਤੇ ਰਿਹਾਇਸ਼ੀ ਪਲਾਟਾਂ,ਤੀਜਾ ਹਿੱਸਾ ਪੰਚਾਇਤੀ ਜ਼ਮੀਨਾਂ ਚੋਂ ਬਣਦੇ ਹੱਕ ਦੀ ਪ੍ਰਾਪਤੀ,ਸਮੁੱਚੇ ਸਹਿਕਾਰੀ,ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਮੁਆਫ਼ੀ,ਬਿਨ੍ਹਾਂ ਸ਼ਰਤ ਘਰੇਲੂ ਬਿਜਲੀ ਮੁਆਫ਼ੀ ਤੇ ਕੱਟੇ ਕੁਨੈਕਸ਼ਨ ਚਾਲੂ ਕਰਵਾਉਣ, ਸਮਾਜਿਕ ਜ਼ਬਰ ਬੰਦ ਕਰਨ ਅਤੇ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਤੇ ਲੋੜਵੰਦ ਪਰਿਵਾਰਾਂ ਦੇ ਕਾਰਡ ਬਣਾਉਣ ਆਦਿ ਲਈ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 8 ਨਵੰਬਰ ਨੂੰ ਵਿਧਾਨ ਸਭਾ ਵੱਲ ਕੀਤੇ ਜਾਣ ਵਾਲੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲੇ ਬਾਜ਼ ਹੈ ਤਾਂ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰੇ ਦਾ ਡਰਾਮੇਬਾਜ਼ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮੰਗਾਂ ਮਸਲੇ ਹੱਲ ਕਰਨ ਦੀ ਥਾਂ ਚੰਨੀ ਡਰਾਮੇਬਾਜ਼ੀ ਕਰਨ ਵਿੱਚ ਵੱਧ ਧਿਆਨ ਦੇ ਰਿਹਾ।ਭੰਗੜਾ ਪਾਉਣਾ,ਕੰਧ ਉੱਤੇ ਬੈਠ ਕੇ ਗੱਲਾ ਕਰਨ,ਤੁਰੇ ਜਾਂਦੇ ਰੁਕ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦੇਣਾ,ਹਾਕੀ ਖੇਡਣੀ, ਕਿਸਾਨ ਆਗੂ ਨੂੰ ਫ਼ੋਨ ਕਰਨਾ ਵਗੈਰਾ ਵਗੈਰਾ ਦੀਆਂ ਰਾਤੋਂ ਰਾਤ ਫ਼ੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨੀਆਂ, ਇਸ਼ਤਿਹਾਰਬਾਜ਼ੀ ਕਰਨੀ ਉਦਾਹਾਰਨਾਂ ਹਨ।
ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਮੇਤ ਮਜ਼ਦੂਰ ਜਥੇਬੰਦੀਆਂ ਵਲੋਂ ਕੀਤੇ ਗਏ ਸੰਘਰਸ਼ ਸਦਕਾ ਸੂਬਾ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ,ਸਿਆਸੀ ਆਗੂ ਤੇ ਪੰਚਾਇਤ ਵਿਭਾਗ ਦੀ ਅਫ਼ਸਰਸ਼ਾਹੀ ਤਿਆਰ ਨਹੀਂ, ਪੰਜਾਬ ਭਰ ਵਿੱਚ ਅਮਲ ਵਿੱਚ ਗ੍ਰਾਮ ਸਭਾਵਾਂ ਦੇ ਅਜਲਾਸ ਕਰਨ ਦੀ ਥਾਂ ਖ਼ਾਨਾਪੂਰਤੀ ਕਰਕੇ ਹੱਕਦਾਰ ਲੋਕਾਂ ਦਾ ਪਲਾਟਾਂ ਦਾ ਹੱਕ ਮਾਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਹਨਾਂ ਸਾਜ਼ਿਸ਼ਾਂ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਆਫ਼ੀ ਦੇ ਬਾਵਜੂਦ ਮਨਾ ਮੂੰਹੀ ਬਿਜਲੀ ਬਿੱਲ ਆ ਰਹੇ ਹਨ ਤੇ ਕੱਟੇ ਕੁਨੈਕਸ਼ਨ ਸਰਕਾਰੀ ਖਰਚ ਉੱਤੇ ਚਾਲੂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਮੁੱਚਾ ਸਹਿਕਾਰੀ,ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਮੁਆਫ਼ ਕਰਨ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬੇਜ਼ਮੀਨੇ ਕਿਰਤੀਆਂ ਦੇ ਕੌ-ਸੁਸਾਇਟੀਆਂ ਦੇ ਕਰਜ਼ਾ ਮੁਆਫ਼ੀ ਦਾ ਹਾਲ “ਬੱਕਰੀ ਵਲੋਂ ਮੀਂਗਣਾਂ ਪਾ ਕੇ ਦੁੱਧ ਦੇਣ” ਵਾਲਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਜ਼ਬਰ ਦੇ ਮਾਮਲਿਆਂ ਵਿੱਚ ਪਹਿਲੀ ਗੱਲ ਪੁਲਿਸ ਵਲੋਂ ਸਿਆਸੀ ਦਬਾਅ ਹੇਠ ਐੱਸ.ਸੀ.,ਐੱਸ.ਟੀ. ਐਕਟ ਤਹਿਤ ਮਾਮਲੇ ਦਰਜ ਹੀ ਨਹੀਂ ਕੀਤੇ ਜਾਂਦੇ, ਤਾਜ਼ਾ ਉਦਾਹਰਨ ਪਿੰਡ ਮਸਾਣੀਆਂ,ਬਟਾਲਾ ਵਿਖੇ ਦਲਿਤ ਮਜ਼ਦੂਰ ਆਗੂ ਰਾਜ ਕੁਮਾਰ ਨਾਲ ਕੀਤੇ ਧੱਕੇ ਸੰਬੰਧੀ ਮੰਨ ਕੇ ਵੀ ਬਟਾਲਾ ਪੁਲਿਸ ਵਲੋਂ ਮਾਮਲਾ ਦਰਜ ਕਰਨ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਸ.ਸੀ. ਐਕਟ ਤਹਿਤ ਮਾਮਲੇ ਦਰਜ ਕਰ ਲਏ ਜਾਂਦੇ ਹਨ ਤਾਂ ਉਹਨਾਂ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾਂਦਾ,ਉਦਾਹਰਨ ਲੋਹੀਆਂ ਖਾਸ ਥਾਣੇ ਦੇ ਪਿੰਡ ਸਰਦਾਰਵਾਲਾ ਦੇ ਦਲਿਤ ਮਜ਼ਦੂਰਾਂ ਉੱਤੇ ਕੀਤੇ ਅੱਤਿਆਚਾਰ ਦੇ ਮਾਮਲੇ ਦੀ ਵੇਖੀ ਜਾ ਸਕਦੀ ਹੈ। ਕਈ ਦਰਜ ਮਾਮਲੇ ਸਿਆਸੀ ਦਬਾਅ ਹੇਠ ਕੈਂਸਲ ਕਰ ਦਿੱਤੇ ਜਾਂਦੇ ਹਨ। ਮੁਕੱਦਮਾ ਨੰਬਰ185 ਸਾਲ 2020 ਥਾਣਾ ਕਰਤਾਰਪੁਰ ਸਿਆਸੀ ਦਬਾਅ ਹੇਠ ਪੁਲਿਸ ਨੇ ਐੱਸ ਸੀ, ਐੱਸ ਟੀ ਐਕਟ ਤਹਿਤ ਦਰਜ ਕ੍ਰਾਸ ਕੇਸ ਕੈਂਸਲ ਕਰ ਦਿੱਤਾ।
ਪੇਂਡੂ ਮਜ਼ਦੂਰ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨ ਆਗੂਆਂ ਨੂੰ ਫ਼ੋਨ ਕਰਕੇ ਕੀ ਕਰੀਏ ਪੁੱਛ ਰਿਹਾ,ਨੰਗੇ ਪੈਰੀਂ ਚੱਲ ਉਹਨਾਂ ਪਾਸ ਜਾਣ ਦਾ ਕਹਿੰਦਾ ਭਾਵੇਂ ਅਸਲੀਅਤ ਘੱਟ ਤੇ ਡਰਾਮਾ ਵੱਧ ਹੈ ਪ੍ਰੰਤੂ ਦਲਿਤਾਂ, ਬੇਜ਼ਮੀਨੇ ਕਿਰਤੀ ਲੋਕਾਂ ਦੇ ਮੰਗਾਂ ਮਸਲਿਆਂ ਦੇ ਹੱਲ ਲਈ ਸੰਘਰਸ਼ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਨੂੰ ਸਮਾਂ ਦੇ ਕੇ ਵੀ ਉਹਨਾਂ ਦੀ ਗੱਲ ਸੁਣਨ ਦਾ ਮੁੱਖ ਮੰਤਰੀ ਪਾਸ ਵਕਤ ਨਹੀਂ।
ਉਨ੍ਹਾਂ ਕਿਹਾ ਕਿ ਚਿਹਰਾ ਬਦਲਣ ਨਾਲ ਬੇਜ਼ਮੀਨੇ ਕਿਰਤੀਆਂ, ਦਲਿਤਾਂ ਦੀ ਹੋਣੀ ਨਹੀਂ ਬਦਲਣੀ। ਸਰਕਾਰਾਂ ਤੋਂ ਝਾਕ ਰੱਖਣ ਦੀ ਥਾਂ ਸੰਘਰਸ਼ਾਂ ਉੱਤੇ ਟੇਕ ਰੱਖਣੀ ਹੋਵੇਗੀ ਅਤੇ ਆਪਣੇ ਮੰਗਾਂ ਮਸਲਿਆਂ ਦੇ ਹੱਲ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ ।