ਭਾਸ਼ਾ ਵਿਭਾਗ ਦੇ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਕੇ ਪੰਜਾਬੀਆਂ ਦੇ ਬੌਧਿਕ ਵਿਕਾਸ ਲਈ ਵਰਤਿਆ ਜਾਵੇਗਾ-ਪਰਗਟ ਸਿੰਘ

Advertisement
Spread information

ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰਾਂ ਸਮੇਤ ਖਾਲੀ ਅਸਾਮੀਆਂ ਦੀ ਭਰਤੀ ਲਈ ਅੰਤਰ ਵਿਭਾਗੀ ਪ੍ਰਕ੍ਰਿਆ ਸ਼ੁਰੂ, ਭਾਸ਼ਾ ਵਿਭਾਗ ਬਣੇਗਾ ਆਤਮ ਨਿਰਭਰ-ਪਰਗਟ ਸਿੰਘ

ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਵੱਲੋਂ ਪੰਜਾਬੀ ਸੱਭਿਆਚਾਰ, ਸਾਹਿਤ, ਬੋਲੀ ਤੇ ਪੰਜਾਬੀ ਕਿਰਦਾਰ ਦੀ ਪ੍ਰਫੁਲਤਾ ਲਈ ਰਲਕੇ ਹੰਭਲਾ ਮਾਰਨ ਦਾ ਸੱਦਾ

ਪਰਗਟ ਸਿੰਘ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਮਾਹ-2021 ਦਾ ਆਗ਼ਾਜ਼

ਬਲਵਿੰਦਰ ਸੂਲਰ , ਪਟਿਆਲਾ, 1 ਨਵੰਬਰ:2021 
       ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਪਰਗਟ ਸਿੰਘ ਨੇ ਅੱਜ ਪੰਜਾਬ ਦਿਵਸ ਦੇ ਮੌਕੇ ਇੱਥੇ ਭਾਸ਼ਾ ਭਵਨ ਵਿਖੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ-2021 ਤਹਿਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼ ਕੀਤਾ। ਇਸ ਮੌਕੇ ਸ. ਪਰਗਟ ਸਿੰਘ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਕੋਲ ਪਏ ਬੇਸ਼ਕੀਮਤੀ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਕੇ ਨਵੀਨਤਮ ਤਕਨੀਕਾਂ ਰਾਹੀਂ ਪੰਜਾਬੀਆਂ ਦੇ ਬੌਧਿਕ ਵਿਕਾਸ ਲਈ ਵਰਤਿਆ ਜਾਵੇਗਾ। ਇਸ ਤੋਂ ਬਿਨ੍ਹਾਂ ਖਾਲੀ ਪਈਆਂ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਅਤੇ ਖੋਜ ਅਫ਼ਸਰਾਂ ਦੀਆਂ ਅਸਾਮੀਆਂ ਭਰਨ ਲਈ ਅੰਤਰਵਿਭਾਗੀ ਪ੍ਰਕ੍ਰਿਆ ਸ਼ੁਰੂ ਕਰਨ ਸਮੇਤ ਭਾਸ਼ਾ ਵਿਭਾਗ ਨੂੰ ਹਰ ਪੱਖੋਂ ਮਜ਼ਬੂਤ ਕਰਕੇ ਆਤਮ ਨਿਰਭਰ ਬਣਾਇਆ ਜਾਵੇਗਾ।                                                         
ਉਚੇਰੀ ਸਿੱਖਿਆ ਤੇ ਭਾਸ਼ਾ, ਸਕੂਲ ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਸ. ਪਰਗਟ ਸਿੰਘ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਨੌਜਵਾਨਾਂ ‘ਚ ਘਟਦੀ ਜਾ ਰੁਚੀ ‘ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸ ਦੇ 1000 ਉਮੀਦਵਾਰਾਂ ਦਾ ਵੇਰਵਾ ਦੇਖਿਆ ਹੈ, ਜਿਸ ‘ਚ ਕੇਵਲ 100 ਜਣਿਆਂ ਨੇ ਹੀ ਪੰਜਾਬੀ ਵਿਸ਼ੇ ਦੀ ਚੋਣ ਕੀਤੀ ਅਤੇ ਕੇਵਲ 10 ਜਣੇ ਹੀ ਪਾਸ ਹੋਏ ਸਨ। ਪੰਜਾਬੀ ਸੱਭਿਆਚਾਰ, ਸਾਹਿਤ, ਬੋਲੀ ਅਤੇ ਪੰਜਾਬੀ ਕਿਰਦਾਰ ਦੀ ਪ੍ਰਫੁਲਤਾ ਅਤੇ ਇਸ ਨੂੰ ਸਕੂਲੀ ਪੱਧਰ ਤੋਂ ਮਜ਼ਬੂਤ ਕਰਨ ਲਈ ਬੁੱਧੀਜੀਵੀ ਵਰਗ, ਲੇਖਕ, ਮੀਡੀਆ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਭ ਦਾ ਸਾਂਝਾ ਹੈ, ਇਸ ਲਈ ਸਾਂਝੇ ਯਤਨ ਹੀ ਸਫ਼ਲ ਹੋਣਗੇ।                   
ਸ. ਪਰਗਟ ਸਿੰਘ ਨੇ ਕਿਹਾ ਕਿ ਉਹ ਹਾਕੀ ਟੀਮ ਦੇ ਖਿਡਾਰੀ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਹ ਵਿਭਾਗ ਮੰਗ ਕੇ ਲਿਆ ਹੈ ਤੇ ਪੰਜਾਬ ਦੀ ਬੌਧਿਕ ਸੰਪਤੀ ਦੀ ਸੰਭਾਲ ਲਈ ਉਹ ਲੇਖਕਾਂ, ਬੁੱਧੀਜੀਵੀਆਂ ਨਾਲ ਇੱਕ ਟੀਮ ਬਣਾ ਕੇ ਭਾਸ਼ਾ ਵਿਭਾਗ ਦੀ ਪ੍ਰਫੁਲਤਾ ਦੇ ਚੁਣੌਤੀ ਭਰਪੂਰ ਕੰਮ ਨੂੰ ਨੇਪਰੇ ਚੜ੍ਹਾਉਣ ਦਾ ਤਹੱਈਆ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਆਸੀ, ਬਿਊਰੋਕ੍ਰੈਟ ਤੇ ਟੈਕਨੋਕ੍ਰੈਟ ਮਿਲਕੇ ਕੰਮ ਕਰਨਗੇ ਜਿਸ ਨਾਲ ਨੌਜਵਾਨੀ ਨੂੰ ਨਵੀਂ ਦਿਸ਼ਾ ਤੇ ਸੋਚ ਦਿਤੀ ਜਾਵੇਗੀ ਅਤੇ ਸੂਬੇ ‘ਚ ਸਨਅਤਾਂ ਦੀ ਮੰਗ ਮੁਤਾਬਕ ਮਨੁੱਖੀ ਸ਼ਕਤੀ ਅਤੇ ਨੌਜਵਾਨੀ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਮਾਹ ਨੂੰ ਰਸਮੀ ਤੌਰ ‘ਤੇ ਨਹੀਂ ਬਲਕਿ 1967 ‘ਚ ਬਣੇ ਪੰਜਾਬੀ ਭਾਸ਼ਾ ਐਕਟ ਵਾਲੀ ਭਾਵਨਾ ਨਾਲ ਮਨਾਇਆ ਜਾਵੇਗਾ।
ਸ. ਪਰਗਟ ਸਿੰਘ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ‘ਤੇ ਅੰਦਰੋ-ਬਾਹਰੋਂ ਹਮਲਿਆਂ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਆਪਣੀਆਂ ਕਦਰਾਂ-ਕੀਮਤਾਂ ‘ਤੇ ਪਹਿਰਾ ਦਿੰਦਿਆਂ ਇਨ੍ਹਾਂ ਦਾ ਵੀ ਮੁਕਾਬਲਾ ਡਟਕੇ ਕਰਨਗੇ।
ਭਾਸ਼ਾ ਵਿਭਾਗ ਦੇ ਵਿਹੜੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਦੇ ਖ਼ਜ਼ਾਨੇ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਸਾਰਥਿਕ ਨਤੀਜੇ ਸਭ ਦੇ ਸਾਹਮਣੇ ਹੋਣਗੇ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਧੰਨਵਾਦ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਕਾਰਗੁਜ਼ਾਰੀ ਸਮੇਤ ਪ੍ਰਕਾਸ਼ਿਤ ਪੁਸਤਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਮਹੀਨੇ ਦੌਰਾਨ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਖਿੱਤਿਆਂ, ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
 ਸਮਾਗਮ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਅਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਕੀਤੀ। ਜਦੋਂਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਉਘੇ ਚਿੰਤਕ ਤੇ ਸ੍ਰੋਮਣੀ ਪੰਜਾਬੀ ਆਲਚੋਕ ਡਾ. ਸੁਰਜੀਤ ਸਿੰਘ ਭੱਟੀ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਗੁਰੂ ਸਾਹਿਬਾਨਾਂ, ਸ੍ਰੀ ਗੁਰੂ ਗੰਥ ਸਾਹਿਬ ਅਤੇ ਰਾਬਿੰਦਰ ਨਾਥ ਟੈਗੋਰ ਦੇ ਹਵਾਲੇ ਨਾਲ ਪੰਜਾਬੀ ਬੋਲੀ ਦੇ ਵਡੱਪਣ ਦਾ ਜਿਕਰ ਕੀਤਾ। ਡਾ. ਭੱਟੀ ਨੇ ਪੰਜਾਬੀ ਨੂੰ ਗਿਆਨ, ਵਿਗਿਆਨ, ਫ਼ਿਲਾਸਫ਼ੀ, ਸੋਸ਼ਲ ਸਾਇੰਸਿਜ ਅਤੇ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਯੋਗਦਾਨ ਨਾਲ ਇੱਕ ਸਾਂਝਾ ਪ੍ਰਾਜੈਕਟ ਅਰੰਭਣ ‘ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਸ. ਪਰਗਟ ਸਿੰਘ ਨੇ ਵੱਖ-ਵੱਖ ਵੰਨਗੀਆਂ ਦੀਆਂ ਪੁਸਤਕਾਂ ਦੇ ਸਰਵੋਤਮ ਸਾਹਿਤਿਕ ਪੁਸਤਕ ਪੁਰਸਕਾਰ ਸਾਲ-2017 ਦੇ 9 ਪੁਰਸਕਾਰ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਵਿਭਾਗੀ ਪੁਸਤਕਾਂ, ਡਾ. ਪ੍ਰੇਮ ਪ੍ਰਕਾਸ਼ ਸਿੰਘ ਦੀ ਗੁਰੂ ਨਾਨਕ ਤੇ ਨਿਰਗੁਣ ਧਾਰਾ, ਜਗਜੀਵਨ ਮੋਹਨ ਵਾਲੀਆ ਦੀ ਬਾਬਾ ਆਲਾ ਸਿੰਘ, ਡਾ. ਟੀ. ਆਰ. ਸ਼ਰਮਾ ਦੀ ਗੁਰੂ ਨਾਨਕ ਕਥਾ, ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰ ਸ਼ਬਦ ਅਲੰਕਾਰ, ਕੁਲਵਿੰਦਰ ਸਿੰਘ ਦੀ ਸਰਵੇ ਪੁਸਤਕ ਬਹਿਰ ਜੱਛ ਸਮੇਤ ਵਿਭਾਗੀ ਰਸਾਲੇ ਪੰਜਾਬੀ ਦੁਨੀਆਂ ਤੇ ਪੰਜਾਬ ਸੌਰਵ ਆਦਿ ਵੀ ਜਾਰੀ ਕੀਤੇ। ਵਿਭਾਗ ਦੇ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਮੰਚ ਸੰਚਾਲਨ ਕੀਤਾ।
ਸਮਾਗਮ ਵਿਚ ਉਘੇ ਸੂਫ਼ੀ ਗਾਇਕ ਇਰਸ਼ਾਦ ਮੁਹੰਮਦ ਆਪਣਾ ਕਲਾਮ ਪੇਸ਼ ਕੀਤਾ। ਇਸ ਦੌਰਾਨ ਵੱਡੀ ਗਿਣਤੀ ਚਿੰਤਕਾਂ, ਪੰਜਾਬੀ ਲੇਖਕਾਂ, ਮਾਂ ਬੋਲੀ ਪ੍ਰੇਮੀਆਂ ਅਤੇ ਸਕੂਲਾਂ-ਕਾਲਜਾਂ ਦੇ ਅਧਿਆਪਕਾਂ ਸਮੇਤ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਪੁਸਤਕ ਪ੍ਰੇਮੀਆਂ ਲਈ ਭਾਸ਼ਾ ਵਿਭਾਗ ਦੇ ਵਿਹੜੇ ‘ਚ ਲੱਗੀ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ।

Advertisement
Advertisement
Advertisement
Advertisement
Advertisement
error: Content is protected !!