ਕੌਂਸਲ ਦੇ ਕਰਮਚਾਰੀਆਂ ਨੇ ਕੀਤਾ ਜੇ.ਈ. ਨਿਖਲ ਕੌਸ਼ਲ ਦਾ ਸਮਾਜਿਕ ਬਾਈਕਾਟ
ਡੀ.ਸੀ. ਕੁਮਾਰ ਸੌਰਭ ਰਾਜ ਨੇ ਏ.ਡੀ.ਸੀ ਅਰਬਨ ਤੋਂ ਮੰਗੀ ਰਿਪੋਰਟ
ਹਰਿੰਦਰ ਨਿੱਕਾ , ਬਰਨਾਲਾ 8 ਅਕਤੂਬਰ 2021
ਨਗਰ ਕੌਂਸਲ ਬਰਨਾਲਾ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਖਿਲਾਫ ਹੁਣ ਕੌਂਸਲ ਦੇ ਕਰਮਚਾਰੀਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਨਗਰ ਕੌਂਸਲ ਦੇ ਕਰਮਚਾਰੀਆਂ ਨੇ ਮਿਊਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਬਖਸ਼ ਸਿੰਘ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂ ਗੁਲਸ਼ਨ ਕੁਮਾਰ ਆਦਿ ਦੀ ਅਗਵਾਈ ਵਿੱਚ ਇੱਕ ਲਿਖਤੀ ਸ਼ਕਾਇਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੂੰ ਦੇ ਕੇ ਪਿਛਲੇ ਦਿਨੀਂ ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਹੋਏ ਕਰੀਬ 22 ਕਰੋੜ ਦੇ ਟੈਂਡਰਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਅਤੇ ਕਥਿਤ ਘਪਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਸ਼ਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਏ.ਡੀ.ਸੀ. ਅਰਬਨ ਅਮਿਤ ਬੈਂਬੀ ਤੋਂ ਰਿਪੋਰਟ ਵੀ ਤਲਬ ਕਰ ਲਈ ਹੈ। ਗੱਲ ਇੱਥੇ ਹੀ ਬੱਸ ਨਹੀਂ, ਕੌਸਲ ਦੇ ਸਮੂਹ ਕਰਮਚਾਰੀਆਂ ਨੇ ਇੱਕਜੁੱਟਤਾ ਪ੍ਰਗਟ ਕਰਦਿਆਂ ਕੌਂਸਲ ਦੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਆ ਰਹੇ ਜੇ.ਈ. ਨਿਖਿਲ ਕੌਸ਼ਲ ਦੇ ਸਮਾਜਿਕ ਬਾਈਕਾਟ ਦਾ ਐਲਾਨ ਵੀ ਕਰ ਦਿੱਤਾ ਹੈ। ਕਰਮਚਾਰੀਆਂ ਵੱਲੋਂ ਨਿਖਿਲ ਕੌਸ਼ਲ ਦੇ ਕੀਤੇ ਬਾਈਕਾਟ ਸਬੰਧੀ ਪੱਤਰ ਦਿਨ ਭਰ ਸ਼ੋਸ਼ਲ ਮੀਡੀਆ ਤੇ ਵੀ ਘੁੰਮਦਾ ਰਿਹਾ ਹੈ। ਇਸ ਪੱਤਰ ਦੇ ਬਾਹਰ ਆਉਣ ਤੋਂ ਬਾਅਦ ਜੇ.ਈ ਨਿਖਿਲ ਕੌਸ਼ਲ ਨੇ ਇੱਕ ਹੋਰ ਜੇ.ਈ ਦੇ ਖਿਲਾਫ ਵੀ ਖੁੱਲ੍ਹ ਕੇ ਭੜਾਸ ਕੱਢੀ। ਇੱਕ ਦੂਜੇ ਖਿਲਾਫ ਸ਼ਬਦੀ ਜੰਗ ਤੋਂ ਬਾਅਦ ਆਖਿਰ ਜੇ.ਈ. ਨਿਖਿਲ ਕੌਂਸਲ ਸ਼ੋਸ਼ਲ ਮੀਡੀਆ ਦੇ ਇੱਕ ਗਰੁੱਪ ਨੂੰ ਛੱਡ ਦਿੱਤਾ।
ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਏ ਟੈਂਂਡਰ
ਮਿਊਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਬਖਸ਼ ਸਿੰਘ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂ ਗੁਲਸ਼ਨ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ 22 ਕਰੋੜ ਰੁਪਏ ਦੇ ਟੈਂਡਰ ਨਿਯਮਾਂ ਅਤੇ ਵਿਭਾਗ ਵੱਲੋਂ ਸਮੇਂ ਸਮੇਂ ਤੇ ਜ਼ਾਰੀ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਲਗਾਏ ਗਏ ਹਨ। ਉਨਾਂ ਕਿਹਾ ਕਿ ਨਗਰ ਕੌਂਸਲ ਦਾ ਕੁੱਲ ਸਲਾਨਾ ਬੱਜਟ 27 ਕਰੋੜ ਰੁਪਏ ਦੇ ਕਰੀਬ ਹੀ ਹੈ, ਇਸ ਤਰਾਂ ਕਿਸੇ ਵੀ ਢੰਗ ਨਾਲ ਮਿਊਂਸਪਲ ਫੰਡਾਂ ਵਿੱਚੋਂ 22 ਕਰੋੜ ਦੇ ਟੈਂਡਰ ਲਾਉਣਾ ਵਾਜਿਬ ਨਹੀਂ ਹੈ। ਉਨਾਂ ਕਿਹਾ ਕਿ ਜਿੰਮੇਵਾਰ ਅਧਿਕਾਰੀਆਂ ਨੇ ਲੇਖਾ ਸ਼ਾਖਾ ਵੱਲੋਂ ਅੰਨ੍ਹੇਵਾਹ ਲਗਾਏ ਜਾ ਰਹੇ ਟੈਂਡਰਾਂ ਬਾਰੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਰਿਪੋਰਟ ਵੀ ਪੇਸ਼ ਕਰਕੇ ਕੌਂਸਲ ਦੇ ਖਜਾਨੇ ਦੀ ਹਾਲਤ ਬਾਰੇ ਦੱਸਿਆ ਸੀ। ਉਨਾਂ ਕਿਹਾ ਕਿ ਹੁਣ ਤੱਕ ਕਦੇ ਵੀ ਕੌਂਸਲ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਫੰਡ ਦੀ ਕੋਈ ਕਮੀ ਨਹੀਂ ਆਈ। ਪਰੰਤੂ ਉਧਾਰ ਦੇ ਸਹਾਰੇ ਕਰਵਾਏ ਜਾ ਰਹੇ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਕਾਰਣ ਕੌਂਸਲ ਦੀ ਵਿੱਤੀ ਹਾਲਤ ਡਗਮਗਾ ਜਾਵੇਗੀ। ਉਨਾਂ ਕਿਹਾ ਕਿ ਜੇ.ਈ. ਨਿਖਿਲ ਕੌਸ਼ਲ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਮੂਹ ਕਰਮਚਾਰੀਆਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਜਿਸ ਕਾਰਣ ਸਮੂਹ ਮਿਊਂਸਪਲ ਕਰਮਚਾਰੀਆਂ ਨੇ ਜੇ.ਈ. ਨਿਖਿਲ ਕੌਸ਼ਲ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਲਿਆ ਹੈ। ਉਸ ਨਾਲ ਕੌਂਸਲ ਦਾ ਕੋਈ ਵੀ ਕਰਮਚਾਰੀ ਕਿਸੇ ਕਿਸਮ ਦੀ ਸਾਂਝ ਨਹੀਂ ਰੱਖੇਗਾ। ਯੂਨੀਅਨ ਆਗੂਆਂ ਨੇ ਕੌਂਸਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਟੈਂਡਰ ਕੈਂਸਲ ਨਹੀਂ ਕੀਤੇ ਤਾਂ ਕੌਂਸਲ ਦਾ ਪੂਰਾ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਵੇਗਾ।
ਜੇ.ਈ ਨਿਖਿਲ ਕੌਸ਼ਲ ਨੇ ਦੋਸ਼ਾਂ ਨੂੰ ਨਕਾਰਿਆ
ਨਗਰ ਕੌਂਸਲ ਦੇ ਜੇ.ਈ ਨਿਖਿਲ ਕੌਸ਼ਲ ਨੇ ਉਸ ਉੱਤੇ ਉਸ ਦੇ ਸਾਥੀ ਕਰਮਚਾਰੀਆਂ ਵੱਲੋਂ ਟੈਂਡਰਾਂ ਦੀਆਂ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਹੀ ਟੈਂਡਰ ਲਗਾਏ ਗਏ ਹਨ, ਈ ਟੈਂਡਰਿੰਗ ਰਾਹੀ ਮੰਗੇ ਟੈਂਡਰਾਂ ਵਿੱਚ ਹਰ ਠੇਕੇਦਾਰ ਅਤੇ ਸੁਸਾਇਟੀ ਲਈ ਖੁੱਲ੍ਹਾ ਸੱਦਾ ਸੀ। ਬਰਨਾਲਾ ਤੋਂ ਹੀ ਨਹੀਂ ਦੇਸ਼ ਭਰ ਦਾ ਰਹਿਣ ਵਾਲਾ ਕੋਈ ਵੀ ਠੇਕੇਦਾਰ ਜਾਂ ਸੁਸਾਇਟੀ ਜੋ ਕਮੇਟੀ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ, ਟੈਂਡਰ ਭਰ ਸਕਦਾ ਸੀ। ਨਿਯਮਾਂ ਅਨੁਸਾਰ ਟੈਂਡਰ ਪਾਰਦਰਸ਼ਤਾ ਨਾਲ ਖੋਹਲੇ ਗਏ ਹਨ। ਉਨਾਂ ਕਰਮਚਾਰੀਆਂ ਵੱਲੋਂ ਕੀਤੇ ਸਮਾਜਿਕ ਬਾਈਕਾਟ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਕਿਸੇ ਵੀ ਢੰਗ ਨਾਲ ਉਚਿਤ ਨਹੀਂ ਹੈ।