ਸੇਵਾ ਕੇਂਦਰਾਂ ‘ਚ ਦੋ ਹੋਰ ਸੇਵਾਵਾਂ ਦਾ ਹੋਇਆ ਵਾਧਾ : ਡਿਪਟੀ ਕਮਿਸ਼ਨਰ
ਪਰਦੀਪ ਕਸਬਾ , ਬਰਨਾਲਾ 12 ਸਤੰਬਰ 2021
ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਜ਼ਿਲ੍ਹੇ ਵਿੱਚ ਸਥਾਪਿਤ ਸੇਵਾ ਕੇਂਦਰਾਂ ਦੁਆਰਾ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਪੰਜਾਬ ਮੰਡੀ ਬੋਰਡ ਦੀਆਂ ਧਾਰਾ 10 ਅਧੀਨ ਲਾਇਸੰਸ ਜਾਰੀ ਕਰਨ ਅਤੇ ਲਾਇਸੰਸ ਨਵਿਆਉਣ ਸਬੰਧੀ ਦੋ ਸੇਵਾਵਾਂ ਸੇਵਾ ਕੇਂਦਰਾਂ ਤੋਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੀ ਧਾਰਾ 10 ਅਧੀਨ ਲਾਇਸੰਸ ਜਾਰੀ ਕਰਨ ਲਈ 1050/- ਰੁਪਏ ਅਤੇ ਲਾਇਸੰਸ ਨਵਿਆਉਣ ਲਈ 525/- ਰੁਪਏ ਸੇਵਾ ਕੇਂਦਰਾਂ ਦੀ ਫੈਸੀਲੀਟੇਸ਼ਨ ਫ਼ੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਪੰਜਾਬ ਮੰਡੀ ਬੋਰਡ ਨਾਲ ਸਬੰਧਿਤ ਨਵੇਂ ਲਾਇਸੰਸ ਬਣਵਾਉਣ ਜਾਂ ਨਵਿਆਉਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਦੇ ਅਮਲੇ ਨੂੰ ਪਹਿਲਾਂ ਹੀ ਸਿਖਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ‘ਚ ਅਜਿਹੀਆਂ ਸੁਵਿਧਾਵਾਂ ਦਾ ਇਜ਼ਾਫਾ ਹੋਣ ਨਾਲ ਸਰਕਾਰੀ ਕੰਮ ਕਾਜ ਹੋਰ ਬਿਹਤਰ ਅਤੇ ਪਾਰਦਰਸ਼ੀ ਬਣ ਸਕੇਗਾ।