ਅਧਿਆਪਕ ਜਗਤਾਰ ਸਿੰਘ ਮਨੈਲਾ ਨੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਕੀਤਾ ਰੌਸ਼ਨ
ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ ਸਨਮਾਨ
ਬੀ ਟੀ ਐਨ , ਫ਼ਤਹਿਗੜ੍ਹ ਸਾਹਿਬ, 03 ਸਤੰਬਰ 2021
ਹਰ ਸਾਲ 05 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਭਾਰਤ ਸਰਕਾਰ ਵੱਲੋਂ ਇਸ ਮੌਕੇ ਵਿਲੱਖਣ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸਾਲ 2021 ਦਾ ਐਵਾਰਡ ਪੂਰੇ ਪੰਜਾਬ ਵਿੱਚੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਨੈਲਾ ਦੇ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਰਾਸ਼ਟਰਪਤੀ ਵੱਲੋਂ ਦਿੱਤਾ ਜਾਣਾ ਹੈ।
ਜਗਤਾਰ ਸਿੰਘ ਮਨੈਲਾ ਦਾ ਜਨਮ ਪਿਤਾ ਸ: ਚਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਜਰਨੈਲ ਕੌਰ ਦੀ ਕੁੱਖੋਂ 05 ਜਨਵਰੀ 1981 ਨੂੰ ਪਿੰਡ ਮਨੈਲਾ ਵਿੱਚ ਹੋਇਆ। ਜਗਤਾਰ ਸਿੰਘ ਨੇ ਪਿਤਾ ਪੁੱਰਖੀ ਕਿੱਤੇ ਖੇਤੀਬਾੜੀ ਵਿੱਚ ਹੱਥ ਵਟਾਉਣ ਦੇ ਨਾਲ-ਨਾਲ ਪੜ੍ਹਾਈ ਨੂੰ ਵੀ ਤਨਦੇਹੀ ਨਾਲ ਜਾਰੀ ਰੱਖਿਆ ਅਤੇ ਮੁੱਢਲੀ ਵਿੱਦਿਆ ਪੰਜਵੀਂ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ 1985 ਤੋਂ 1990 ਤੱਕ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਸਰਕਾਰੀ ਸ.ਸ.ਸ. ਮਨੈਲੀ ਧਨੌਲਾ 1991 ਤੋਂ 1998 ਤੱਕ, ਗਰੈਜੂਏਸ਼ਨ ਮਾਲਵਾ ਕਾਲਜ ਬੌਂਦਲ਼ੀ ਸਮਰਾਲਾ, ਜ਼ਿਲ੍ਹਾ ਲੁਧਿਆਣਾ ਤੋਂ ਪ੍ਰਾਪਤ ਕੀਤੀ। ਈ.ਟੀ.ਟੀ. ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਸ਼ੈਸ਼ਨ 2001 ਤੋਂ 2003 ਦੌਰਾਨ ਕੀਤੀ ਤੇ ਅਧਿਆਪਕ ਕਿੱਤੇ ਦੀ ਸ਼ੁਰੂਆਤ 04/07/2006 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਦੇਸ਼ਾਂ ਖ਼ੁਰਦ ਬਲਾਕ ਖਮਾਣੋਂ ਤੋਂ ਕੀਤੀ।
ਜਗਤਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ ਵਿਖੇ 2015 ਵਿੱਚ ਜੁਆਇੰਨ ਕੀਤਾ। ਇੱਥੋਂ ਦਾ ਪ੍ਰਾਇਮਰੀ ਸਕੂਲ 1867 ਈ. ਵਿੱਚ ਸਥਾਪਿਤ ਹੋਇਆ ਸੀ। ਇੱਥੇ ਲਗਭਗ ਪੰਦਰਾਂ ਵੀਹ ਪਿੰਡਾਂ ਦੇ ਵਿਦਿਆਰਥੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਸਨ ਪਰ ਸਕੂਲ ਦੀ ਇਮਾਰਤ ਅਣ-ਸੁਰੱਖਿਅਤ ਸੀ। ਸਕੂਲ ਦੇ ਇੱਕ ਏਕੜ ਗਰਾਊਂਡ ਉਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਛੁਡਵਾ ਕੇ ਨਵੀਂ ਇਮਾਰਤ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਸਹਿਯੋਗ ਦਿੱਤਾ ਗਿਆ।
ਜਗਤਾਰ ਸਿੰਘ ਦੀ ਪਤਨੀ ਸ੍ਰੀਮਤੀ ਭੁਪਿੰਦਰ ਕੌਰ ਵੀ ਇਸੇ ਸਕੂਲ ਵਿੱਚ ਹੀ ਅਧਿਆਪਕਾ ਹੈ। ਇਨ੍ਹਾਂ ਦਾ ਇੱਕ ਬੇਟਾ ਗੁਰਨੂਰ ਸਿੰਘ ਤੇ ਬੇਟੀ ਹਸਨਪ੍ਰੀਤ ਕੌਰ ਹਨ। ਜਗਤਾਰ ਸਿੰਘ ਦੀ ਮਿਹਨਤ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਸਮਾਰਟ ਸਕੂਲ ਵਿੱਚ ਤਬਦੀਲ ਹੋ ਚੁੱਕਿਆ ਹੈ ਤੇ ਸਕੂਲ ਵਿੱਚ ਸਿੱਖਿਆ ਸਬੰਧੀ ਹਰ ਤਕਨੀਕ ਉਪਲੱਬਧ ਹੈ।
ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਅਧਿਆਪਕ ਸ. ਜਗਤਾਰ ਸਿੰਘ ਮਨੈਲਾ ਨੇ ਦੱਸਿਆ ਕਿ ਸਕੂਲ ਵਿੱਚ ਛੇ ਕਲਾਸ-ਰੂਮ, ਬਾਥਰੂਮ, ਦਫ਼ਤਰ, ਮਿਡ ਡੇਅ ਮੀਲ ਰੂਮ, ਕੰਪਿਊਟਰ ਰੂਮ, ਲਾਇਬ੍ਰੇਰੀ ਰੂਮ , ਸਮਾਰਟ ਕਲਾਸ-ਰੂਮ , ਪ੍ਰੋਜੈਕਟਰ , ਐਲ ਈ ਡੀ , ਏ ਸੀ ਕਲਾਸ-ਰੂਮ , ਸਾਊਂਡ ਸਿਸਟਮ , ਹਰੀਆਂ ਭਰੀਆਂ ਪਾਰਕਾਂ , ਖੇਡ ਗਰਾਊਂਡ , ਆਧੁਨਿਕ ਰਸੋਈ , ਵਾਟਰ ਕੂਲਰ , ਆਰ ਓ ਸਿਸਟਮ , ਐਜੂਕੇਸ਼ਨਲ ਪਾਰਕ , ਵਰਕਿੰਗ ਮਾਡਲ ਜਿਵੇਂ ਕਿ ਭਾਖੜਾ ਡੈਮ , ਟ੍ਰੈਫ਼ਿਕ ਲਾਈਟਾਂ , ਓਪਨ ਲਾਇਬ੍ਰੇਰੀ, ਬੱਚਿਆਂ ਲਈ ਝੂਲੇ ਆਦਿ ਉਪਲੱਬਧ ਹਨ। ਸਕੂਲ ਵਿੱਚ ਲੱਗਿਆ ਸ਼ਹੀਦ ਭਗਤ ਸਿੰਘ ਦਾ ਬੁੱਤ ਲੋਕ ਸੇਵਾ ਤੇ ਕੁਰਬਾਨੀ ਦਾ ਜਜ਼ਬਾ ਭਰਨ ਸਬੰਧੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ ਨੂੰ ਵੱਖ ਵੱਖ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਸਟੇਟ ਐਵਾਰਡ ਦਿੱਲੀ ਐਮ.ਐਚ.ਆਰ.ਡੀ. ਵੱਲੋਂ, ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ 05 ਸਤੰਬਰ 2017 ਨੂੰ ਸਟੇਟ ਐਵਾਰਡ, ਬੈਸਟ ਸਕੂਲ ਐਵਾਰਡ ਤੇ ਪੰਜਾਹ ਹਜ਼ਾਰ ਦਾ ਨਗਦ ਇਨਾਮ ਅਤੇ ਡੀ.ਸੀ. ਅਤੇ ਐਸ.ਡੀ.ਐਮ. ਵੱਲੋਂ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਮੌਕੇ ਸਨਮਾਨ ਪ੍ਰਾਪਤ ਹੋਏ ਹਨ। ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ, ਸਹਿ-ਵਿੱਦਿਅਕ ਮੁਕਾਬਲੇ, ਸਭਿਆਚਾਰਕ ਗਤੀਵਿਧੀਆਂ, ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ।
ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਦਾ ਵੀ ਇਸ ਐਵਾਰਡ ਲਈ ਚੁਣੇ ਜਾਣ ਸਬੰਧੀ ਅਹਿਮ ਰੋਲ ਹੈ ਉਸ ਨੇ ਇਸ ਸਕੂਲ ਦੀ ਨੁਹਾਰ ਬੁਦਲਣ ਸਬੰਧੀ ਆਈ ਹਰ ਦਿੱਕਤ ਦਾ ਮੋਢੇ ਨਾਲ ਮੋਢਾ ਜੋੜ ਕੇ ਮੁਕਾਬਲਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਲਖਵੀਰ ਸਿੰਘ ਮਨੈਲਾ, ਜੋ ਕਨੇਡਾ ਵਿੱਚ ਹਨ, ਦੀ ਪ੍ਰੇਰਨਾ ਤੇ ਆਰਥਿਕ ਸਹਾਇਤਾ ਨਾਲ ਸਕੂਲ ਦੀ ਨੁਹਾਰ ਬਦਲਣ ਲਈ ਬਹੁਤ ਮਦਦ ਮਿਲੀ।