ਫ਼ੌਜ ਵਿਚ ਭਰਤੀ ਲਈ ਬਣੀ ਜ਼ਿਲਾ ਪੱਧਰੀ ਸਬ ਕਮੇਟੀ ਦੀ
ਹੋਈ ਪਲੇਠੀ ਮੀਟਿੰਗ
ਜ਼ਿਲੇ ਦੇ 20 ਸਕੂਲਾਂ ਵਿੱਚ ਖੇਡ ਦੇ ਮੈਦਾਨਾਂ ਦੀ ਚੋਣ ਕਰਕੇ ਟੇ੍ਰਨਿੰਗ ਸੁਰੂ ਕਰਨ ਸਬੰਧੀ ਫੈਸਲਾ ਲਿਆ
ਪਰਦੀਪ ਕਸਬਾ , ਸੰਗਰੂਰ, 24 ਅਗਸਤ 2021
ਜ਼ਿਲੇ ਦੇ ਚਾਹਵਾਨ ਨੌਜਵਾਨਾਂ ਨੂੰ ਫੋਜ ਦੀ ਭਰਤੀ ਲਈ ਉਤਸ਼ਾਹਿਤ ਕਰਨ ਅਤੇ ਸਚੁੱਜੀ ਸਿਖਲਾਈ ਮੁਹੱਈਆ ਕਰਵਾਉਣ ਲਈ ਜ਼ਿਲਾ ਪੱਧਰੀ ਸਬ ਕਮੇਟੀ ਦੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੀ ਪ੍ਰਧਾਨਗੀ ਹੇਠ ਪਲੇਠੀ ਮੀਟਿੰਗ ਹੋਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਸਮੇਂ-ਸਮੇਂ ’ਤੇ ਫੋਜ ਦੀ ਭਰਤੀ ਪ੍ਰਕਿਰਿਆ ’ਚ ਹਿੱਸਾ ਲੈਣ ਲਈ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਲਈ ਕਿਹਾ।ਿ
ਮੀਟਿੰਗ ਦੌਰਾਨ ਸ਼੍ਰੀ ਰਾਮਵੀਰ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਸਕੂਲਾਂ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਬੱਚਿਆਂ ਨੂੰ ਸਵੇਰੇ ਅਤੇ ਸ਼ਾਮ ਫਿਜ਼ੀਕਲ ਟਰਾਇਲ ਆਦਿ ਲਈ ਕੋਚਿੰਗ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਜ਼ਿਲੇ ਦੇ 20 ਸਕੂਲਾਂ ਵਿੱਚ ਖੇਡ ਦੇ ਮੈਦਾਨਾਂ ਦੀ ਚੋਣ ਕਰਕੇ ਟੇ੍ਰਨਿੰਗ ਸੁਰੂ ਕਰਨ ਸਬੰਧੀ ਫੈਸਲਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ੌਜ ਦੀ ਭਰਤੀ ਪ੍ਰਕਿਰਿਆ ਸਮੇਂ ਪੈਸੇ ਲੈ ਕੇ ਮੈਡੀਕਲ ਅਤੇ ਲਿਖਤੀ ਪ੍ਰੀਖਿਆ ਪਾਸ ਕਰਵਾਉਣ ਵਾਲੇ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਤੋਂ ਬਚਣ ਲਈ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਦੌਰਾਨ ਜਿਲ਼ਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਫ਼ੌਜ ਅਤੇ ਰੱਖਿਆ ਸੈਨਾਵਾਂ ਵਿੱਚ ਲਿਖਤੀ ਪ੍ਰੀਖਿਆ ਪਾਸ ਕਰਨ ਲਈ ਇੱਕ ਸਤੰਬਰ ਤੋਂ ਸ਼ੁਰੂ ਹੋ ਰਹੀ ਆਨਲਾਈਨ ਮੁਫਤ ਕੋਚਿੰਗ ਲਈ ਵੱਧ ਤੋਂ ਵੱਧ ਪ੍ਰਾਰਥੀ https://tinyurl.com/GJFC21’ਤੇ ਅਪਲਾਈ ਕਰਨ। ਸਕੂਲਾਂ ਅਤੇ ਕਾਲਜਾਂ ਵਿੱਚ ਐਨ.ਸੀ.ਸੀ. ਕੈਡਿਟਸ ਨੂੰ ਜਾਗਰੂਕ ਕਰ ਕੇ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਆ ਜਾਵੇਗਾ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਤੇ ਨੁਮਾਇੰਦਿਆਂ ਵੱਲੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਲਈ ਉਤਸ਼ਾਹਿਤ ਕਰਨ ਸਬੰਧੀ ਵੱਖ-ਵੱਖ ਸੁਝਾਅ ਦਿੱਤੇ ਗਏ। ਡੀ.ਈ.ਓ. ਸੈਕੰਡਰੀ, ਸੈਨਿਕ ਭਲਾਈ ਅਤੇ ਰੱਖਿਆ ਸੇਵਾਵਾਂ ਵਿਭਾਗ, ਜੀ.ਓ.ਜੀ. ਵੱਲੋਂ ਫ਼ੌਜ ਦੀ ਭਰਤੀ ਪ੍ਰਕਿਰਿਆ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ। ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੀ ਪ੍ਰਧਾਨਗੀ ਹੇਠ ਇਸ ਸਬੰਧੀ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਜਾਇਆ ਕਰੇਗੀ।