ਮੁੱਖ ਸਕੱਤਰ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਲੁਧਿਆਣਾ ਦੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ
ਡੀ.ਐਮ.ਸੀ.ਐਚ ਵਿਖੇ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਅਤੇ ਸਲਾਨਾ ਡਿਗਰੀ ਵੰਡ ਸਮਾਰੋਹ ਦੀ ਕੀਤੀ ਪ੍ਰਧਾਨਗੀ
ਦਵਿੰਦਰ ਡੀ ਕੇ , ਲੁਧਿਆਣਾ, 7 ਅਗਸਤ 2021
ਕੋਵਿਡ -19 ਦੀ ਸੰਭਾਵਿਤ ਤੀਜੀ ਲਹਿਰ ਦੀ ਰੋਕਥਾਮ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਜ਼ਿਲ੍ਹਾ ਲੁਧਿਆਣਾ ਵਿੱਚ 10 ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀ.ਐਸ.ਏ.) ਆਕਸੀਜਨ ਉਤਪਾਦਨ ਪਲਾਂਟਾਂ ਅਤੇ ਪੀਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) ਦੀ ਸਥਾਪਨਾ ਕੀਤੀ ਜਾ ਰਹੀ ਹੈ ।
ਇਹ ਜਾਣਕਾਰੀ ਮੁੱਖ ਸਕੱਤਰ, ਸ਼੍ਰੀਮਤੀ ਵਿਨੀ ਮਹਾਜਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਕੋਵਿਡ ਯੋਧਿਆਂ ਦੇ ਸਨਮਾਨ ਵਿੱਚ ਆਯੋਜਿਤ ਇਕ ਸਨਮਾਨ ਸਮਾਰੋਹ ‘ਨਮਨ’ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ ।
ਸ਼੍ਰੀਮਤੀ ਮਹਾਜਨ ਨੇ ਕਿਹਾ ਕਿ 5,500 ਐਲਪੀਐਮ (ਲਿਟਰ ਪ੍ਰਤੀ ਮਿੰਟ) ਦੀ ਸਮਰੱਥਾ ਵਾਲੇ 10 ਪੀਐਸਏ ਪਲਾਂਟਾਂ ਵਿੱਚੋਂ, ਦੋ ਅਜਿਹੇ ਪਲਾਂਟਾਂ ‘ਤੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਇਸ ਮਹੀਨੇ ਦੇ ਅੰਦਰ ਪੂਰਾ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ, ਲੁਧਿਆਣਾ ਵਿਖੇ ਪੀਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ.) ਵੀ ਅਗਲੇ ਹਫ਼ਤੇ ਤੱਕ ਤਿਆਰ ਹੋ ਜਾਵੇਗਾ।
ਪਹਿਲੀ ਅਤੇ ਦੂਜੀ ਲਹਿਰਾਂ ਨਾਲ ਲੜਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲ੍ਹੇ ਦੀ 50 ਫੀਸਦੀ ਯੋਗ ਆਬਾਦੀ ਵੱਲੋਂ ਕੋਵਿਡ ਟੀਕਾਕਰਨ ਦੀ ਪਹਿਲੀ ਜਾਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਸਦਕਾ ਮਹਾਂਮਾਰੀ ਦੀ ਸੰਭਾਵਿਤ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤੀਜੀ ਲਹਿਰ ਨਜਿੱਠਣ ਨਾਲ ਜੰਗੀ ਪੱਧਰ ‘ਤੇ ਸੈਂਪਲਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮਹਾਂਮਾਰੀ ਖਿਲਾਫ਼ ਲੜਾਈ ਵਿੱਚ ਇੱਕ ਪ੍ਰਮੁੱਖ ਅੰਸ਼ ਵਜੋਂ ਉਭਰ ਰਹੇ ਨਵੇਂ ਵੈਰੀਐਂਟ ਦੀ ਜਲਦੀ ਪਛਾਣ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ਪਟਿਆਲਾ ਵਿਖੇ ਜੀਨੋਮ ਸੀਕੂਐਂਸ ਲੈਬੋਰੇਟਰੀ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ।
ਉਪਰੰਤ, ਮੁੱਖ ਸਕੱਤਰ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਤੀਜੀ ਲਹਿਰ ਦੀ ਨਿਗਰਾਨੀ ਲਈ ਡਾਟਾ ਇਕੱਤਰ ਕਰਨ ਲਈ ਇੱਕ ਸਾਫਟਵੇਅਰ ਵੀ ਲਾਂਚ ਕੀਤਾ ਹੈ, ਜਿਸ ਦੀ ਮੋਹਾਲੀ ਤੇ ਗੁਰਦਾਸਪੁਰ ਵਿੱਚ ਜਲਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਵਿੱਚ ਆਯੋਜਿਤ ‘ਨਮਨ’ ਸਮਾਰੋਹ ਦੌਰਾਨ ਕੋਵਿਡ ਯੋਧਿਆਂ ਨੂੰ ਮਹਾਂਮਾਰੀ ਖਿਲਾਫ਼ ਜੰਗ ਵਿੱਚ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਸਨਮਾਨਿਤ ਕੀਤਾ ।
ਕੋਵਿਡ -19 ਮਹਾਂਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਭੁਮਿਕਾ ਨਿਭਾਉਣ ਅਤੇ ਨਿਰੰਤਰ ਕੰਮ ਕਰਨ ਲਈ ਮੂਹਰਲੀ ਕਤਾਰ ਦੇ ਯੋਧਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਨ੍ਹਾਂ ਯੋਧਿਆਂ ਨੇ ਇਸ ਘਾਤਕ ਵਾਇਰਸ ਤੋਂ ਕੀਮਤੀ ਜਾਨਾਂ ਨੂੰ ਬਚਾਉਣ ਤੋਂ ਇਲਾਵਾ ਕੋਵਿਡ ਖਿਲਾਫ਼ ਲੜਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਦਿਖਾਈ ਗਈ ਨਿਡਰਤਾ ਹੋਰਨਾਂ ਲਈ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਇਸ ਲਾਗ ਤੋਂ ਬਚਾਉਣ ਲਈ ਇਕ ਪ੍ਰੇਰਨਾਸਰੋਤ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਖਿਲਾਫ਼ ਲੜਾਈ ਸਭ ਤੋਂ ਮੁਸ਼ਕਲ ਹੈ ਕਿਉਂਕਿ ਦੁਸ਼ਮਣ ਅਦਿੱਖ ਹੈ ਪਰ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਸਿਹਤ ਕਰਮਚਾਰੀਆਂ ਵੱਲੋਂ ਨਿਭਾਈਆਂ ਗਈਆਂ ਮਿਸਾਲੀ ਸੇਵਾਵਾਂ ਸ਼ਲਾਘਾਯੋਗ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਕੋਰੋਨਾ ਯੋਧੇ ਅਸਲ ਨਾਇਕ ਹਨ, ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਹਾਂਮਾਰੀ ਦੀ ਰੋਕਥਾਮ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕੋਵਿਡ ਯੋਧੇ ਉਦੋਂ ਤੱਕ ਬੇਮਿਸਾਲ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਮਹਾਂਮਾਰੀ ਵਿਰੁੱਧ ਲੜਾਈ ਜਿੱਤੀ ਨਹੀਂ ਜਾਂਦੀ।
ਮੁੱਖ ਸਕੱਤਰ ਨੇ ਕਿਹਾ ਕਿ ਜਦੋਂ ਘਾਤਕ ਵਾਇਰਸ ਤਬਾਹੀ ਮਚਾ ਰਿਹਾ ਸੀ ਉਦੋਂ ਇਨ੍ਹਾਂ ਯੋਧਿਆਂ ਨੇ ਲੋਕਾਂ ਵਿੱਚ ਉਮੀਦ ਜਗਾਈ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਘੰਟਿਆਂਬੱਧੀ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਾਰਨ ਪੰਜਾਬ ਵਿੱਚ ਦੋਵਾਂ ਲਹਿਰਾਂ ਦੌਰਾਨ ਆਉਣ ਵਾਲੇ ਕੋਵਿਡ -19 ਮਰੀਜ਼ਾਂ ਵਿੱਚੋਂ ਕਿਸੇ ਨੂੰ ਵੀ ਇਲਾਜ ਤੋਂ ਇਨਕਾਰ ਨਹੀਂ ਕੀਤਾ ਗਿਆ ।
ਉਨ੍ਹਾਂ ਸਮੁੱਚੇ ਹਸਪਤਾਲਾਂ ਨੂੰ ਕੋਵਿਡ -19 ਮਹਾਂਮਾਰੀ ਅਤੇ ਇਸ ਦੀ ਸੰਭਾਵਤ ਤੀਜੀ ਲਹਿਰ ਦੇ ਪ੍ਰਭਾਵਸ਼ਾਲੀ ਨਿਯੰਤਰਣ ਅਤੇ ਪ੍ਰਬੰਧਨ ਲਈ ਜ਼ਿਲ੍ਹਿਆਂ ਵਿੱਚ ਸਬੰਧਤ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਵੀ ਕਿਹਾ।
ਇਸ ਉਪਰੰਤ ਮੁੱਖ ਸਕੱਤਰ ਵੱਲੋਂ ਡੀ.ਐਮ.ਸੀ.ਐਚ. ਵਿੱਚ ਨਵੇਂ ਬਣੇ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਡੀ.ਐਮ.ਸੀ.ਐਚ. ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਵੀ ਕੀਤੀ ਅਤੇ ਨੌਜਵਾਨ ਗ੍ਰੈਜੂਏਟਜ਼ ਨੂੰ ਡਿਗਰੀਆਂ ਸੌਂਪੀਆਂ। ਉਨ੍ਹਾਂ ਨੌਜਵਾਨ ਡਾਕਟਰਾਂ ਨੂੰ ਇਹ ਸਫ਼ਲਤਾ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਮਨੁੱਖਤਾ ਖਾਸ ਕਰਕੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ।
ਕੋਵਿਡ -19 ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ, ਰਾਹੁਲ ਚਾਬਾ, ਪ੍ਰੇਮ ਗੁਪਤਾ, ਸੁਨੀਲ ਕਾਂਤ ਮੁੰਜਾਲ, ਡਾ. ਸੰਦੀਪ ਪੁਰੀ, ਡਾ. ਜੀ.ਐਸ. ਵਾਂਡਰ, ਡਾ. ਰਾਜਨ ਸਿੰਗਲਾ, ਡਾ. ਸੰਦੀਪ ਕੌਸ਼ਲ, ਡਾ. ਬਿਸ਼ਵ ਮੋਹਨ ਅਤੇ ਹੋਰ ਮੌਜੂਦ ਸਨ।
ਡੀ.ਐਮ.ਸੀ., ਸੀ.ਐਮ.ਸੀ., ਓਸਵਾਲ ਹਸਪਤਾਲ, ਐਸ.ਪੀ.ਐਸ. ਹਸਪਤਾਲ, ਫੋਰਟਿਸ ਹਸਪਤਾਲ, ਆਈ.ਐਮ.ਏ. ਲੁਧਿਆਣਾ ਦੇ ਡਾਕਟਰਾਂ, ਡਿਪਟੀ ਡਾਇਰੈਕਟਰ ਡਾ. ਹਿਤੇਂਦਰ ਸੋਹਲ, ਡਾ. ਵਿਵੇਕ ਕਟਾਰੀਆ ਤੋਂ ਇਲਾਵਾ ਜਨਰਲ ਡਿਊਟੀ ਅਸਿਸਟੈਂਟ, ਐਂਬੂਲੈਂਸ ਡਰਾਈਵਰਾਂ, ਸੁਰੱਖਿਆ ਕੰਟਰੋਲ ਰੂਮ ਕਰਮਚਾਰੀਆਂ, ਖੁਰਾਕ ਸੇਵਾਵਾਂ, ਫਿਜ਼ੀਓਥੈਰੇਪਿਸਟ, ਨਰਸਿੰਗ ਸਟਾਫ਼ ਅਤੇ ਹੋਰਨਾਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।