6 ਵਾਰ ਲਗਾਤਾਰ ਕੌਸਲਰ ਰਹੇ ਕੱਟੜ ਕਾਂਗਰਸੀ ਆਗੂ ਜਗਰੂਪ ਗਿੱਲ ਨੇ ਹੁਣ ਫੜਿਆ ਆਪ ਦਾ ਝਾੜੂ
ਅਸ਼ੋਕ ਵਰਮਾ ਬਠਿੰਡਾ,2 ਅਗਸਤ 2021
ਭਾਰਤ ਪਾਕਿਸਤਾਨ ਦੀ 1947 ਵਿੱਚ ਹੋਈ ਚੰਦਰੀ ਵੰਡ ਮੌਕੇ ਹੋਏ ਉਜਾੜੇ ਦਾ ਦਰਦ ਸਹਿ ਕੇ ਆਪਣੇ ਦਮ ਤੇ ਲੋਕ ਤਾਕਤ ਦੇ ਸਹਾਰੇ ਇਲਾਕੇ ‘ਚ ਲੋਕ ਨਾਇਕ ਦਾ ਰੁਤਬਾ ਹਾਸਿਲ ਕਰਕੇ ਕੱਟੜ ਕਾਂਗਰਸੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਸਾਬਕਾ ਕਾਂਗਰਸੀ ਜਗਰੂਪ ਸਿੰਘ ਗਿੱਲ ਦਾ ਪ੍ਰੀਵਾਰ ਨੇਕ ਨੀਤੀ ਅਤੇ ਦਿਆਨਤਦਾਰੀ ਦੇ ਨਾਲ ਨਾਲ ਸਖਤ ਮਿਹਨਤ ਦਾ ਪੱਲਾ ਫੜ ਕੇ ਅੱਜ ਉੱਚ ਮੁਕਾਮ ਤੇ ਪੁੱਜਿਆ ਹੈ। ਹਾਲਾਤ ਕਿਸੇ ਤਰਾਂ ਦੀ ਰਹੇ ਹੋਣ ਪ੍ਰੀਵਾਰ ਨੇ ਲੋਕ ਪੱਖ ਦੀ ਬਾਂਹ ਹਮੇਸ਼ਾ ਘੁੱਟ ਕੇ ਫੜ੍ਹੀ ਹੈ । ਤਾਹੀਂਓ ਕਾਂਗਰਸ ਪਾਰਟੀ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਨਾਲ ਕੀਤੇ ਸਲੂਕ ਨੂੰ ਲੈ ਕੇ ਬਠਿੰਡਾ ਵਾਸੀਆਂ ਦੇ ਦਿਲ ਉੱਛਲੇ ਹਨ। ਇਸ ਮੌਕੇ ਜਗਰੂਪ ਗਿੱਲ ਦੇ ਸ਼ੁਭਚਿੰਤਕਾਂ ਨੇ ਤਾਂ ਉਨ੍ਹਾਂ ਕੋਲ ਜਾਕੇ ਦਿਲ ਦਾ ਦਰਦ ਬਿਆਨ ਕੀਤਾ ਸੀ ਬਲਕਿ ਦਰਜਨਾਂ ਲੋਕਾਂ ਨੇ ਹਾਅ ਦਾ ਨਾਅਰਾ ਮਾਰਿਆ ਸੀ ਕਿ ‘ਜਗਰੂਪ ਸਿਆਂ’ ਤੇਰੇ ਵਰਗੇ ਬੰਦੇ ਨਾਲ ਏਦਾਂ ਨਹੀਂ ਕਰਨੀ ਸੀ। ਇਸੇ ਕਾਰਨ ਹੀ ਇਸ ਜਨਤਕ ਖਾਸੇ ਵਾਲੇ ਲੀਡਰ ਦੀ ਆਮ ਆਦਮੀ ਪਾਰਟੀ ਨੇ ਕਦਰ ਪਾਈ ਹੈ। ਅਸਲ ’ਚ ਜਗਰੂਪ ਗਿੱਲ ਬਠਿੰਡਾ ਦੇ ਜੱਦੀ ਵਸਨੀਕ ਨਹੀਂ ਹਨ । ਬਲਕਿ ਉਨ੍ਹਾਂ ਦੇ ਪਿਤਾ ਅਤੇ ਚਾਚੇ ਆਦਿ ਜਗਰਾਓਂ ਦੇ ਨਜ਼ਦੀਕ ਪਿੰਡ ਰੁੰਮੀ ’ਚ ਵੱਸਦੇ ਸਨ। ਹਾਲਾਤਾਂ ਮੁਤਾਬਕ ਪ੍ਰੀਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ ਕਿ ਗਿੱਲ ਦੇ ਪਿਤਾ ਹੋਰਾਂ ਨੇ ਪ੍ਰੀਵਾਰਕ ਤਰੱਕੀਆਂ ਨੂੰ ਦੇਖਦਿਆਂ ਸਾਲ 1945 ’ਚ ਪਾਕਿਸਤਾਨ ਜਾ ਕੇ ਜਮੀਨ ਲੈ ਲਈ। ਨਵੀਂ ਨਵੀਂ ਮੁਰੱਬਾਬੰਦੀ ਹੋਣ ਕਾਰਨ ਜਮੀਨ ਨੂੰ ਅਬਾਦ ਕੀਤਾ ਜਾਣਾ ਸੀ। ਹਾਲੇ ਉਹ ਇਸ ਜਮੀਨ ਨੂੰ ਜਰਖੇਜ਼ ਬਨਾਉਣ ’ਚ ਆਪਣਾ ਪਸੀਨਾ ਹੀ ਵਹਾ ਰਹੇ ਸਨ ਕਿ ਸਾਲ 1947 ਚੜ੍ਹ ਗਿਆ ਅਤੇ ਦੋਵਾਂ ਮੁਲਕਾਂ ਵਿਚਕਾਰ ਵੰਡ ਦੀਆਂ ਗੱਲਾਂ ਹੋਣ ਲੱਗ ਪਈਆਂ। ਪ੍ਰੀਵਾਰ ਦਾ ਇੱਕ ਮੈਂਬਰ ਹਕੀਮ ਸੀ ਜਿਸ ਕਰਕੇ ਇਲਾਕੇ ’ਚ ਹਰ ਕੋਈ ਪ੍ਰੀਵਾਰ ਦੀ ਇੱਜ਼ਤ ਕਰਦਾ ਸੀ। ਇਸੇ ਦੌਰਾਨ ਕਿਸੇ ਭਲੇ ਪੁਰਸ਼ ਨੇ ਵੰਡ ਕਾਰਨ ਸਿਰਾਂ ਤੇ ਮੌਤ ਮੰਡਰਾਉਂਦੀ ਹੋਣ ਦੀ ਖਬਰ ਸੁਣਾ ਦਿੱਤੀ। ਸਿਰ ’ਤੇ ਹੋਣੀ ਕੂਕਦੀ ਨੂੰ ਦੇਖਦਿਆਂ ਇੱਕ ਫੈਸਲਾ ਲਿਆ ਜਿਸ ਨੂੰ ਬੋਲ ਚਾਲ ਦੀ ਭਾਸ਼ਾ ’ਚ ਉੱਜੜਨਾ ਆਖਦੇ ਹਨ।
ਬੱਸ਼ ਫਿਰ ਕੀ ਸੀ ਹਰਿਆ ਭਰਿਆ ਰੈਣ ਬਸੇਰਾ ਤਿਆਗ ਕੇ ਸਿਰਫ ਤਨ ਪਾਏ ਕੱਪੜਿਆਂ ਅਤੇ ਪੈਰ ’ਚ ਪਾਈ ਜੁੱਤੀ ਨਾਲ ਹੀ ਪ੍ਰਵਾਰ ਦੇ ਮੈਂਬਰਾਂ ਨੇ ਪੰਜਾਬ ਵੱਲ ਚਾਲੇ ਪਾ ਦਿੱਤੇ। ਪ੍ਰੀਵਾਰ ਦੇ ਸਿਆਣੇ ਜੀਆਂ ਨੇ ਸਿਰਫ ਦੋ ਘੋੜੀਆਂ ਨਾਲ ਲਿਆਂਦੀਆਂ , ਜਦੋਂਕਿ ਖੇਤੀ ਲਈ ਰੱਖੇ ਉੱਠ ਇਸ ਕਰਕੇ ਛੱਡ ਆਂਦੇ ਕਿ ਉਨ੍ਹਾਂ ਦਾ ਕੱਦ ਲੰਮਾ ਹੋਣ ਕਾਰਨ ਵੰਡ ਦਾ ਫਾਇਦਾ ਉਠਾਉਣ ਲਈ ਬਣੇ ਧਾੜਵੀਆਂ ਅਤੇ ਲੁਟੇਰਿਆਂ ਨੂੰ ਕਿਤੇ ਪਤਾ ਨਾਂ ਲੱਗ ਜਾਏ। ਪੂਰੇ ਰਾਹ ’ਚ ਮਾਰ ਧਾੜ ਦੀਆਂ ਖਬਰਾਂ ਦੌਰਾਨ ਕਾਫੀ ਔਖੇ ਹਾਲਾਤਾਂ ’ਚ ਪ੍ਰੀਵਾਰ ਵਾਪਿਸ ਰੂੰਮੀ ਪਰਤ ਆਇਆ । ਜਿੱਥੇ ਉਨ੍ਹਾਂ ਨੂੰ ਜਮੀਨ ਦੀ ਕੱਚੀ ਅਲਾਂਟਮੈਂਟ ਹੋ ਗਈ। ਬਾਅਦ ‘ਚ ਪੰਜਾਬ ਸਰਕਾਰ ਨੇ ਆਪਣੀਆਂ ਗਿਣਤੀਆਂ ਮਿਣਤੀਆਂ ਤਹਿਤ ਗਿੱਲ ਪ੍ਰੀਵਾਰ ਨੂੰ ਜਮੀਨ ’ਚ ਕਟੌਤੀ ਕਰਕੇ ਬਠਿੰਡਾ ਜਿਲ੍ਹੇ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ’ਚ ਪੱਕੀ ਜਮੀਨ ਅਲਾਟ ਕਰ ਦਿੱਤੀ ਜਿੱਥੇ ਜਗਰੂਪ ਗਿੱਲ ਦੇ ਪਿਤਾ ਅਤੇ ਚਾਚਿਆਂ ਆਦਿ ਨੇ ਆਪਣੀ ਜਿੰਦਗੀ ਪਟੜੀ ਤੇ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਜਗਰੂਪ ਸਿੰਘ ਗਿੱਲ ਦੇ ਲੜਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਵਾਰ ਨੇ ਪੈਰ ਜਮਾਉਣ ਲਈ ਕਰੜੀ ਮੁਸ਼ੱਕਤ ਕੀਤੀ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ ਦੇ ਕਿਰਤ ਦੇ ਫਲਸਫੇ ਦਾ ਲੜ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ (ਜਗਰੂਪ ਗਿੱਲ)ਚਾਚਾ ਜੀ ਨੇ ਪ੍ਰੀਵਾਰ ਦੇ ਪਾਲਣ ਪੋਸ਼ਣ ਅਤੇ ਚੰਗੀ ਸਿੱਖਿਆ ਦੇਣ ਲਈ ਤਾਂਗਾ ਵੀ ਚਲਾਇਆ। ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸੇ ਮਿਹਨਤ ਸਦਕਾ ਸਿੱਖਿਆ ਹਾਸਲ ਕਰਕੇ ਜਗਰੂਪ ਸਿੰਘ ਗਿੱਲ ਵਕੀਲ ਬਣੇ ਅਤੇ ਵਕਾਲਤ ਸ਼ੁਰੂ ਕਰ ਦਿੱਤੀ। ਰਾਜਨੀਤੀ ’ਚ ਆਏ ਤਾਂ ਕਾਂਗਰਸ ਪਾਰਟੀ ਦਾ ਅਜਿਹਾ ਪੱਲਾ ਫੜ੍ਹਿਆ ਕਿ ਆਪਣੇ ਨਿਮਰ ਸੁਭਾਅ ਅਤੇ ਹਰ ਕਿਸੇ ਦੇ ਕੰਮ ਆਉਣ ਕਾਰਨ ਲੋਕਾਂ ’ਚ ਮਕਬੂਲੀਅਤ ਇਸ ਕਦਰ ਵਧ ਗਈ ਕਿ ਲਗਾਤਾਰ ਛੇ ਵਾਰ ਕੌਂਸਲ ਚੋਣਾਂ ‘ਚ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਹੋ ਕਾਰਨ ਹੈ ਕਿ ਅੱਜ ਵੀ ਲੋਕ ਬਿਨਾਂ ਕਿਸੇ ਹਿਚਕਚਾਹਟ ਦੇ ਉਨ੍ਹਾਂ ਦੇ ਘਰ ਦਾ ਦਰਵਾਜਾ ਖੜਕਾ ਲੈਂਦੇ ਹਨ।
ਅਸਲ ਸਿਆਸੀ ਨਾਇਕ ਜਗਰੂਪ ਗਿੱਲ: ਕੁਸਲਾ
ਸਮਾਜਿਕ ਕਾਰਕੁੰਨ ਅਤੇ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਆਪਣੇ ਰਾਜਨੀਤਕ ਜੀਵਨ ਦੌਰਾਨ ਪੂਰੀ ਤਰਾਂ ਬੇਦਾਗ ਰਹਿਣ ਕਾਰਨ ਜਗਰੂਪ ਸਿੰਘ ਗਿੱਲ ਜਿੰਦਗੀ ਦੇ ਅਸਲ ਲੋਕ ਨਾਇਕ ਵਜੋਂ ਸਾਹਮਣੇ ਆਏ ਹਨ। ਉਨ੍ਹਾਂ ਆਖਿਆ ਕਿ ਆਮ ਤੌਰ ਤੇ ਕਈ ਤਰਾਂ ਦੀ ਚੱਕ ਥੱਲ ਲਈ ਚਰਚਾ ਦਾ ਵਿਸ਼ਾ ਬਣਨ ਵਾਲੀ ਸਿਆਸਤ ਦੇ ਜਮਾਨੇ ’ਚ ਰਾਜਨੀਤੀ ’ਚ ਲੋਕ ਮੁੱਦਿਆਂ ਦਾ ਪੱਖ ਭਾਰੂ ਰੱਖ ਕੇ ਸ੍ਰੀ ਗਿੱਲ ਨੇ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਗਿੱਲ ਵੱਲੋਂ ਪਾਈ ਪਿਰਤ ਨੂੰ ਹੋਰ ਸਿਆਸੀ ਲੀਡਰ ਵੀ ਅੱਗੇ ਤੋਰਨ ਤਾਂ ਨਿਸਚੇ ਹੀ ਪੰਜਾਬ ’ਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅਖਿਆ ਕਿ ਅਸਲ ਵਿੱਚ ਕਈ ਲੋਕਾਂ ’ਚ ਲੋਕ ਮਸਲੇ ਹੱਲ ਕਰਵਾਉਣ ਦੀ ਇੱਛਾ ਭਾਰੂ ਹੁੰਦੀ ਹੈ ਉਨ੍ਹਾਂ ਚੋਂ ਇੱਕ ਜਗਰੂਪ ਸਿੰਘ ਗਿੱਲ ਹਨ।