ਕਿਸਾਨਾਂ ਦੇ ਵਿਰੋਧ ਦੇ ਹੁੰਦਿਆਂ ਨੇੜੇ ਦੀਆਂ ਦੁਕਾਨਾਂ ਵਿਚ ਲੁਕਦੇ ਦਿਖਾਈ ਦਿੱਤੇ,ਤੇ ਕਿਸਾਨਾਂ ਤੋਂ ਆਪਣਾ ਮੂੰਹ ਲੁਕਾਉਂਦੇ ਰਹੇ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਨੂੰ ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
ਗੁਰਸੇਵਕ ਸਿੰਘ ਸਹੋਤਾ, ਮਹਿਲਕਲਾਂ, ਬਰਨਾਲਾ, 27 ਜੁਲਾਈ 2021
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਮੇਂ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਟੋਲ ਪਲਾਜ਼ਾ ਮਹਿਲ ਕਲਾਂ ਤੇ ਪੱਕਾ ਮੋਰਚਾ ਲਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗੱਠਜੋੜ ਦੇ ਇਸ ਰੋਸ ਪ੍ਰਦਰਸ਼ਨ ਦੀ ਭਿਣਕ ਲੱਗੀ। ਟੌਲ ਪਲਾਜ਼ਾ ਮਹਿਲ ਕਲਾਂ ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਟਰੈਕਟਰ ਟਰਾਲੀਆਂ ਰਾਹੀਂ ਬੱਸ ਸਟੈਂਡ ਮਹਿਲ ਕਲਾਂ ਪੁੱਜ ਕੇ ਰੋਸ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਰੋਧੀ ਨਾਅਰੇ ਲਾਉਣੇ ਸੁਰੂ ਕਰ ਦਿੱਤੇ।
ਕਿਸਾਨ ਆਗੂਆਂ ਨੇ ਕਾਲੇ ਝੰਡੇ ਦਿਖਾ ਕੇ ਇਸ ਰੋਸ ਪ੍ਰਦਰਸ਼ਨ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ,ਕੇਵਲ ਸਿੰਘ ਸਹੌਰ,ਸਤਨਾਮ ਸਿੰਘ ਹੁੰਦਲ,ਢਾਡੀ ਭਾਈ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਵੋਟ ਬਟੋਰੂ ਟੋਲੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਪਿੰਡਾਂ ਵਿੱਚ ਆਉਣੇ ਸ਼ੁਰੂ ਹੋ ਗਏ ਹਨ ,ਜਦ ਕਿ ਪੰਜਾਬ ਦੇ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਪੱਕੇ ਮੋਰਚੇ ਲਗਾ ਕੇ ਬੈਠੇ ਹਨ,ਕਿਸੇ ਵੀ ਰਾਜਨੀਤਕ ਪਾਰਟੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਜਦਕਿ ਕੇਂਦਰ ਦੀ ਮੋਦੀ ਸਰਕਾਰ ਦੇ ਹੱਥ ਠੋਕੇ ਬਣ ਕੇ ਕੰਮ ਕਰ ਰਹੇ ਹਨ ਤੇ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕ ਕੇ ਆਪਣੇ ਸਿਆਸੀ ਸਮਾਗਮਾਂ ਵਿੱਚ ਸ਼ਾਮਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਨੇ ਆਪਣੇ ਪ੍ਰੋਗਰਾਮ ਰੱਦ ਨਾ ਕੀਤੇ ਤਾਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦਾ ਵਿਰੋਧ ਕੀਤਾ ਜਾਵੇਗਾ,ਭਾਜਪਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਦਾ ਕੋਈ ਵੀ ਸਮਾਗਮ ਕਿਸੇ ਵੀ ਪਿੰਡ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦੇ ਇਸ ਜ਼ਬਰਦਸਤ ਵਿਰੋਧ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਆਪਣਾ ਮੰਗ ਪੱਤਰ ਪੁਲਸ ਥਾਣਾ ਠੁੱਲੀਵਾਲ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੂੰ ਦੇ ਕੇ ਜਲਦਬਾਜ਼ੀ ਵਿਚ ਚਲਦੇ ਬਣੇ।
ਗੱਠਜੋੜ ਦੇ ਬਹੁਤ ਸਾਰੇ ਆਗੂ ਕਿਸਾਨਾਂ ਦੇ ਵਿਰੋਧ ਦੇ ਹੁੰਦਿਆਂ ਨੇੜੇ ਦੀਆਂ ਦੁਕਾਨਾਂ ਵਿਚ ਲੁਕਦੇ ਦਿਖਾਈ ਦਿੱਤੇ,ਤੇ ਕਿਸਾਨਾਂ ਤੋਂ ਆਪਣਾ ਮੂੰਹ ਲੁਕਾਉਂਦੇ ਰਹੇ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਨੀਤਕ ਪਾਰਟੀਆਂ ਤੋਂ ਆਮ ਲੋਕਾਂ ਨੂੰ ਪਿਛਲੀ ਕਾਰਗੁਜ਼ਾਰੀ ਤੇ ਸਵਾਲ ਪੁੱਛਣ ਲਈ ਅਪੀਲ ਕੀਤੀ ਗਈ ਹੈ,ਮੋਰਚੇ ਵੱਲੋਂ ਹੁਕਮ ਹਨ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਰਾਜਨੀਤਕ ਪਾਰਟੀਆਂ ਦੇ ਸਿਆਸੀ ਸਮਾਗਮ ਨਾ ਹੋਣ ਦਿੱਤੇ ਜਾਣ। ਇਸ ਵਿਰੋਧ ਤੋਂ ਬਾਅਦ ਕਸਬਾ ਮਹਿਲ ਕਲਾਂ ਚ ਆਮ ਚਰਚਾ ਚਲਦੀ ਰਹੀ ਕਿ ਹਾਥੀ ਦਾ ਰਾਹ ਅੱਜ ਕਿਸਾਨਾਂ ਨੇ ਰੋਕ ਲਿਆ।