ਪ੍ਰਧਾਨਗੀ ਦਾ ਫੈਸਲਾ ਹੋਇਆ ! ਪਰ ਐਲਾਨ ਹੋਣਾ ਹੀ ਰਹਿ ਗਿਆ ਬਾਕੀ
ਹਰਿੰਦਰ ਨਿੱਕਾ , ਬਰਨਾਲਾ 17 ਜੁਲਾਈ 2021
ਪੰਜਾਬ ਕੈਬਨਿਟ ਦੇ ਸਾਬਕਾ ਵਜ਼ੀਰ ਅਤੇ ਲੋਕਪ੍ਰਿਯ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਦਾ ਫੈਸਲਾ ਲੱਗਭੱਗ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਕਰ ਲਿਆ ਹੈ, ਬੱਸ ਇਸ ਦਾ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਇਹ ਸ਼ਬਦ ਨਵਜੋਤ ਸਿੰਘ ਸਿੱਧੂ ਦੀ ਕੁਝ ਮਹੀਨਿਆਂ ਤੋਂ ਤਾਜ਼ਾ ਸ਼ੁਰੂ ਹੋਈ ਰਾਜਸੀ ਪਾਰੀ ਦੀ ਬਰਨਾਲਾ ਜਿਲ੍ਹੇ ਅੰਦਰ ਗੁਰਜ ਸੰਭਾਲਣ ਵਾਲੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪ੍ਰਗਟ ਕੀਤੇ।
ਕਾਲਾ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਹਾਲੇ ਤੱਕ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਹਾਲੇ ਨਹੀਂ ਕੀਤਾ, ਪਰੰਤੂ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਸਬੰਧੀ ਮੀਡੀਆ ਵਿੱਚ ਸੂਤਰਾਂ ਦੇ ਹਵਾਲੇ ਨਾਲ ਹੀ ਆ ਰਹੀਆਂ ਖਬਰਾਂ ਤੋਂ ਬਾਅਦ ਪੰਜਾਬ ਭਰ ਵਿੱਚ ਹੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਦਾ ਐਲਾਨ ਸੁਣਨ ਲਈ ਕਾਂਗਰਸੀ ਆਗੂ ਤੇ ਵਰਕਰ ਕਾਹਲੇ ਪਏ ਹੋਏ ਹਨ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਬਰਨਾਲਾ ਜਿਲ੍ਹੇ ਵਿੱਚ ਸੱਭ ਤੋਂ ਵੱਧ ਨਿਰਾਸ਼ਤਾ ਪਾਰਟੀ ਦੀ ਕਮਾਨ ਸੰਭਾਲ ਰਹੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਕਾਰਜ਼ਸ਼ੈਲੀ ਕਾਰਣ ਵੀ ਜਿਆਦਾ ਹੈ। ਜਿਸ ਦੇ ਫਲਸਰੂਪ ਪਾਰਟੀ ਦੇ ਵਰਕਰ ਅਤੇ ਵੱਡੇ ਆਗੂ ਵੀ ਆਪਣੇ ਘਰਾਂ ਅੰਦਰ ਦੁਬਕੇ ਬੈਠੇ ਸਨ। ਹੁਣ ਜਦੋਂ ਪਾਰਟੀ ਨੂੰ ਜਿਲ੍ਹੇ ਅੰਦਰ ਮਜਬੂਤ ਕਰਨ ਦਾ ਬੀੜਾ ਅਸੀਂ ਟੀਮ ਬਣਾ ਕੇ ਚੁੱਕਿਆ ਹੈ ਤਾਂ ਉਹੀ ਘਰਾਂ ਅੰਦਰ ਬੈਠੇ ਆਗੂ ਹੌਂਸਲੇ ਨਾਲ ਲੋਕਾਂ ਵਿੱਚ ਜਾਣ ਲੱਗ ਪਏ ਹਨ।
ਕਾਲਾ ਢਿੱਲੋਂ ਨੇ ਕਿਹਾ ਕਿ ਜਦੋਂ ਪਿਛਲੇ ਦਿਨੀਂ ਬਰਨਾਲਾ ਜਿਲ੍ਹੇ ਦੇ ਆਗੂਆਂ ਦੀ ਇੱਕ ਟੀਮ ਮੇਰੇ ਨਾਲ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸੀਪੀਐਸ ਨਵਜੋਤ ਕੌਰ ਸਿੱਧੂ ਨੂੰ ਮਿਲਣ ਲਈ ਉਨਾਂ ਦੇ ਘਰ ਪਹੁੰਚੀ ਸੀ ਤਾਂ ਉਨਾਂ ਕਿਹਾ ਸੀ ਕਿ ਤੁਸੀਂ ਹਿੰਮਤ ਨਾਲ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰੋ, ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਹੀ ਕਦਰ ਹੋਵੇਗੀ। ਚੰਗਾ ਕੰਮ ਕਰਨ ਵਾਲੇ ਅਤੇ ਜਮੀਨੀ ਪੱਧਰ ਤੇ ਜੁੜੇ ਆਗੂਆਂ ਅਤੇ ਵਰਕਰਾਂ ਦੇ ਮੋਢਿਆਂ ਤੇ ਹੀ ਜਿੰਮੇਵਾਰੀ ਪਾਈ ਜਾਵੇਗੀ। ਇਸ ਮੌਕੇ ਕਾਲਾ ਢਿੱਲੋਂ ਨਾਲ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ , ਸਾਬਕਾ ਕੌਂਸਲਰ ਰਾਜੂ ਚੌਧਰੀ ਆਦਿ ਵੀ ਵਿਸ਼ੇਸ਼ ਤੌਰ ਤੇ ਮੋਜੂਦ ਸਨ।