ਬੀਜੇਪੀ ਨੇਤਾ ਕਿਸਾਨ ਮੋਰਚਿਆਂ ‘ਚ ਅਨੈਤਿਕ ਕਾਰਵਾਈਆਂ ਹੋਣ ਦੇ ਮਨਘੜਤ ਦੋਸ਼ ਲਾਉਣ ਦੀ ਹੱਦ ਤੱਕ ਗਿਰੇ।
7 ਸਾਲ ਦੀ ਬੱਚੀ ਗੁਰਨੂਰ ਬਠਿੰਡਾ ਨੇ ਆਪਣੀ ਜ਼ਜਬਾਤੀ ਕਵਿਤਾ ਰਾਹੀਂ ਮੋਦੀ ਨੂੰ ਵੰਗਾਰਿਆ।
ਪਰਦੀਪ ਕਸਬਾ , ਬਰਨਾਲਾ: 20 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 263ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਬੁਲਾਰਿਆਂ ਨੇ ਪਿਛਲੇ ਦਿਨੀਂ ਬੀਜੇਪੀ ਦੇ ਇੱਕ ਨੇਤਾ ਵੱਲੋਂ ਕਿਸਾਨ ਅੰਦੋਲਨ ਵਿਰੁੱਧ ਬਹੁਤ ਘਟੀਆ ਤੇ ਅਨੈਤਿਕਤਾ ਪੱਖੋਂ ਗਿਰੀ ਹੋਈ ਦੂਸ਼ਣਬਾਜ਼ੀ ਦਾ ਗੰਭੀਰ ਨੋਟਿਸ ਲਿਆ। ਬੌਖਲਾਹਟ ਵਿੱਚ ਆਇਆ ਇਹ ਨੇਤਾ ਕਿਸਾਨ ਮੋਰਚਿਆਂ ‘ਚ ਅਨੈਤਿਕ ਕਾਰਵਾਈਆਂ ਹੋਣ ਦੇ ਦੋਸ਼ ਲਾਉਣ ਦੀ ਬੇਹੂਦਗੀ ਤੱਕ ਗਿਰ ਗਿਆ।ਬੁਲਾਰਿਆਂ ਨੇ ਬੀਜੇਪੀ ਨੂੰ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅਜਿਹੇ ਕੋਝੇ ਹੱਥਕੰਡੇ ਵਰਤਣ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਗੁਰਬਖਸ਼ ਸਿੰਘ ਕੱਟੂ, ਬਲਵੰਤ ਸਿੰਘ ਠੀਕਰੀਵਾਲਾ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੋਰਾ ਸਿੰਘ ਢਿੱਲਵਾਂ, ਤੇ ਗੁਰਦਰਸ਼ਨ ਸਿੰਘ ਦਿਉਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਨੇੜਲੇ ਪਿੰਡ ਕਸਾਰ ਦੇ ਕਿਸਾਨ ਮੁਕੇਸ਼ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਇੱਕ ਮੰਦਭਾਗੀ ਘਟਨਾ ਵਾਪਰੀ। ਘਰੇਲੂ ਕਲੇਸ਼ ਕਾਰਨ ਜਦ ਇਸ ਕਿਸਾਨ ਨੇ ਸਿੰਘੂ ਧਰਨੇ ਵਾਲੀ ਥਾਂ ਨੇੜੇ ਆਪਣੇ ਆਪ ਨੂੰ ਅੱਗ ਲਾਈ ਤਾਂ ਧਰਨਾਕਾਰੀ ਕਿਸਾਨਾਂ ਨੇ ਇਹ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁੱਛਣ ‘ਤੇ ਸਬੰਧਤ ਕਿਸਾਨ ਨੇ ਘਰੇਲੂ ਕਲੇਸ਼ ਕਾਰਨ ਖੁਦ ਅੱਗ ਲਾਉਣ ਦੀ ਗੱਲ ਕਹੀ ਜਿਸ ਦੀ ਵਿਡਿਉ ਰਿਕਾਰਡਿੰਗ ਕਿਸਾਨ ਨੇਤਾਵਾਂ ਕੋਲ ਮੌਜੂਦ ਹੈ।ਕਿਸਾਨਾਂ ਵੱਲੋਂ ਇਹ ਵਿਡਿਉ ਕਲਿੱਪ ਪੁਲਿਸ ਨੂੰ ਸੌਂਪੇ ਜਾਣ ਦੇ ਬਾਵਜੂਦ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਈ ਕਿਲੋਮੀਟਰ ਦੇ ਏਰੀਏ ‘ਚ ਫੈਲੇ ਕਿਸਾਨ ਧਰਨੇ ‘ਚ ਕਿਤੇ ਵੀ ਥਾਂ ‘ਤੇ ਹੋਈ ਕਿਸੇ ਵੀ ਮੰਦਭਾਗੀ ਘਟਨਾ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤਣ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸਾਨ ਇਨ੍ਹਾਂ ਘਟੀਆ ਚਾਲਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਨਰਿੰਦਰਪਾਲ ਸਿੰਗਲਾ, ਜਗਰਾਜ ਸਿੰਘ ਠੁੱਲੀਵਾਲ ਨੇ ਕਵਿਤਾ ਤੇ ਕਵੀਸ਼ਰੀ ਸੁਣਾਈ। 7 ਸਾਲਾ ਬੇਟੀ ਗੁਰਨੂਰ ਬਠਿੰਡਾ ਨੇ ਆਪਣੀ ਜ਼ਜਬਾਤੀ ਕਵਿਤਾ ਨਾਲ ਜਿਥੇ ਮੋਦੀ ਨੂੰ ਲਲਕਾਰਿਆ ਉਥੇ ਪੰਡਾਲ ਵਿੱਚ ਵੀ ਜੋਸ਼ ਭਰ ਦਿੱਤਾ।