ਆਗੂਆਂ ਨੇ ਜਿਲੇ ਵਿੱਚ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਲਈ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਜੁੰਮੇਵਾਰ ਠਹਿਰਾਇਆ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 15 ਜੂਨ 2021
ਸੰਗਰੂਰ ਜਿਲੇ ਦੇ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਕਰੋਨਾ ਵਾਇਰਸ ਕਾਰਨ ਹੋਣ ਪੀੜਤ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਵੱਡੀ ਗਿਣਤੀ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਵਿਰੋਧ ਵਿਚ ਅਤੇ ਲਈ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਸਿਵਲ ਹਸਪਤਾਲ ਸਥਿਤ ਸਿਵਲ ਸਰਜਨ ਦੀ ਕੋਠੀ ਅਤੇ ਲੈਵਲ 2 ਕਰੋਨਾ ਵਾਰਡ ਅੱਗੇ ਧਰਨਾ ਦਿੱਤਾ ਗਿਆ ਅਤੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਤੱਕ ਮਾਰਚ ਕਰਦਿਆਂ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ 2 ਜੂਨ ਨੂੰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿਵਲ ਸਰਜਨ ਨੂੰ ਮਿਲ ਕੇ ਲੈਵਲ 2 ਦੇ ਵਾਰਡਾਂ ਵਿਚ ਡਾਕਟਰਾਂ ਦਾ ਮਰੀਜ਼ਾਂ ਪਾਸ ਲਗਾਤਾਰ ਨਾ ਜਾਣਾ, ਕਰੋਨਾ ਦੇ ਟੈਸਟਾਂ ਲਈ ਸੈਂਪਲ ਗੈਰ ਹੁਨਰਮੰਦ ਕਾਮਿਆਂ ਵਲੋਂ ਲੈਣਾ ਅਤੇ ਪਿੰਡਾਂ ਵਿੱਚ ਛੋਟੇ ਘਰਾਂ ਵਾਲੇ ਮਰੀਜਾਂ ਨੂੰ ਆਈਸੋਲੇਟ ਕਰਨ ਲਈ ਘਰਾਂ ਤੋਂ ਬਾਹਰ ਵੱਖਰਾ ਪ੍ਰਬੰਧ ਨਾ ਹੋਣ ਦੇ ਗੰਭੀਰ ਮਸਲੇ ਉਠਾਉਂਦਿਆਂ ਦਸ ਸੂਤਰੀ ਮੰਗ ਪੱਤਰ ਉਪਰ ਗਲਬਾਤ ਕੀਤੀ ਗਈ ਸੀ। ਇਹੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੰਬੋਧਿਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਦਿੱਤਾ ਗਿਆ ਸੀ। ਸਿਵਲ ਸਰਜਨ ਵਲੋਂ ਵਫਦ ਵਲੋਂ ਦਿੱਤੇ ਮੰਗ ਪੱਤਰ ਵਿਚ ਉਠਾਏ ਮਸਲਿਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਹਨਾਂ ਕਮੀਆਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ। ਪਰ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਹੁਣ ਜਥੇਬੰਦੀਆਂ ਨੇ ਸੰਘਰਸ਼ ਦੇ ਪਹਿਲੇ ਪੜਾਅ ਵਿਚ ਸੰਕੇਤਕ ਧਰਨਾ ਦੇ ਕੇ ਮੰਗ ਦੀ ਪੂਰਤੀ ਤੱਕ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।
ਆਗੂਆਂ ਨੇ ਜਿਲੇ ਵਿੱਚ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਲਈ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਜੁੰਮੇਵਾਰ ਦਸਦਿਆਂ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਅਤੇ ਪੀੜਤ ਲੋਕਾਂ ਦੇ ਇਲਾਜ ਦੇ ਮਾੜੇ ਪ੍ਰਬੰਧਾਂ ਕਾਰਨ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਿਹਤ ਸੰਸਥਾਵਾਂ ‘ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਹੈ। ਕੋਵਿਡ ਟੈਸਟ ਕਰਨ ਲਈ ਗੈਰ ਹੁਨਰਮੰਦ ਕਾਮਿਆਂ ਤੋਂ ਕਰਵਾਏ ਜਾ ਰਹੇ ਹਨ। ਘਰਾਂ ‘ਚ ਇਕਾਂਤਵਾਸ ਮਰੀਜ਼ਾਂ ਦੀ ਸਵੇਰੇ ਸ਼ਾਮ ਮਨਟੀਰਿੰਗ/ਦੇਖ ਰੇਖ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਨਾ ਹੀ ਘਰਾਂ ਵਿਚ ਏਕਾਂਤਵਾਸ ਮਰੀਜ਼ਾਂ ਦੇ ਗੰਭੀਰ ਰੂਪ ਵਿਚ ਬਿਮਾਰੀ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਸਿਫਟ ਕਰਨ ਦਾ ਕੋਈ ਪ੍ਰਬੰਧ ਹੈ। ਛੋਟੇ ਘਰਾਂ ਵਾਲੇ ਮਰੀਜਾਂ ਨੂੰ ਏਕਾਂਤਵਾਸ ਕਰਨ ਕੋਈ ਐਸੋਲੇਸ਼ਨ ਸੈਂਟਰ ਦੀ ਵਿਵਸਥਾ ਨਹੀਂ ਹੈ। ਲੈਬਲ 2 ਫੈਸਿਲਟੀ ‘ਚ ਮਰੀਜ਼ਾਂ ਦੇ ਲਈ ਡਾਕਟਰਾਂ ਦਾ ਅੰਦਰ ਜਾ ਕੇ ਇਲਾਜ ਨਾ ਕਰਨ ਕਾਰਨ ਇਲਾਜ ਯੋਗ ਮਰੀਜ਼ਾਂ ਦੀਆਂ ਵੀ ਮੌਤਾਂ ਹੋ ਰਹੀਆਂ ਹਨ। ਸੰਗਰੂਰ ਵਿਚ ਕੋਵਿਡ ਲਈ ਲੈਵਲ 3 ਫੈਸਿਲਟੀ ਨਾ ਹੋਣ ਕਾਰਨ ਗੰਭੀਰ ਹਾਲਤ ਵਿਚ ਮਰੀਜ਼ਾਂ ਨੂੰ ਪਟਿਆਲਾ ਸਿਫਟ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਅਤੇ ਕੋਵਿਡ ਲੈਵਲ 2 ਫੈਸਿਲਟੀ ਵਿਚ ਸਟਾਫ ਨਰਸਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਹੈ।
ਵੈਕਸੀਨੇਸ਼ਨ ਸੈਂਟਰਾਂ ਚ ਮਰੀਜ਼ਾਂ ਦਾ ਚੈੱਕਅੱਪ ਰਜਿਸਟ੍ਰੇਸ਼ਨ ਅਤੇ ਬੈਠਣ ਦਾ ਢੁੱਕਵਾਂ ਪ੍ਰਬੰਧ ਨਹੀਂ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਿਹਤ ਪ੍ਰਬੰਧ ਵਿੱਚ ਸੁਧਾਰ ਕਰਨ ਸੰਬੰਧੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਉਪਰੰਤ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਧਰਨੇ ਨੂੰ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਪ੍ਰਧਾਨ ਸਵਰਨਜੀਤ ਸਿੰਘ, ਡੀ ਟੀ ਐਫ ਦੇ ਆਗੂ ਰਘਬੀਰ ਸਿੰਘ ਭਵਾਨੀਗੜ੍ਹ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ,ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਰਸ਼ਪਿੰਦਰ ਜਿੰਮੀ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਅਤੇ ਜਿਲ੍ਹਾ ਵਿੱਤ ਸਕੱਤਰ ਮਨਧੀਰ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਪਰਵਿੰਦਰ ਸਿੰਘ ਉਭਾਵਾਲ, ਨੌਜਵਾਨ ਭਾਰਤ ਸਭਾ ਦੇ ਆਗੂ ਇਨਜਿੰਦਰ ਸਿੰਘ, ਮਜਦੂਰ ਆਗੂ ਬਹਾਲ ਸਿੰਘ ਬੇਨੜਾ, ਸਮਾਜ ਸੇਵੀ ਮਹਿੰਦਰ ਸਿੰਘ ਭੱਠਲ ਨੇ ਸੰਬੋਧਨ ਕੀਤਾ। ਪੀ ਆਰ ਐਸ ਯੂ ਦੀ ਸੰਗੀਤ ਮੰਡਲੀ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।