ਆਪਣੀ ਕਲਮ ਰਾਹੀਂ  ਦੱਬੇ-ਕੁਚਲੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦੇ ਸਨ  ਪ੍ਰੋ. ਅਜਮੇਰ ਸਿੰਘ ਔਲਖ

Advertisement
Spread information

ਔਲਖ ਕਿਸਾਨੀ ਦੀ ਦਸ਼ਾ ‘ਤੇ ਦਿਸ਼ਾ ਨੂੰ ਚਿਤਰਦਾ ਸੀ ਤਾਂ ਹਜਾਰਾਂ ਦਰਸ਼ਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਹੀਂ ਰਹਿੰਦੀਆਂ ਸਨ

 

ਪਰਦੀਪ ਕਸਬਾ,  ਬਰਨਾਲਾ, 15 ਜੂਨ  2021

Advertisement

 

ਬੇਸ਼ੱਕ ਨਾਟਕਾਂ ਦੇ ਅੰਬਰ ਦਾ ਧਰੂ ਤਾਰਾ ਪ੍ਰਫੈਸਰ ਅਜਮੇਰ ਔਲਖ ਚਾਰ ਵਰ੍ਹੇ ਪਹਿਲਾਂ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਹੈ ਪਰ ਉਸ ਨੇ ਜਿਉਂਦੇ ਜੀਅ ਕਿਰਤੀਆਂ, ਕਿਸਾਨਾਂ ਤੇ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ । ਹਾਲਾਂਕਿ ਸੰਸਾਰ ਇੱਕ ਸਟੇਜ ਹੈ ਜਿੱਥੇ ਪਾਤਰ ਆਪੋ ਆਪਣੀ ਭੂਮਿਕਾ ਨਿਭਾਕੇ ਚਲੇ ਜਾ ਰਹੇ ਹਨ ਪਰ ਔਲਖ ਸਟੇਜੀ ਦੁਨੀਆ ਦਾ ਸ਼ਾਹ ਅਸਵਾਰ ਹੋ ਨਿੱਬੜਿਆ ।

ਪ੍ਰੋਫੈਸਰ ਔਲਖ ਦਾ ਜਨਮ 19 ਅਗਸਤ 1942 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੰਭੜਵਾਲ ਵਿਖੇ ਹੋਇਆ। ਜਨਮ ਤੋਂ ਕੁੱਝ ਵਰ੍ਹੇ ਬਾਅਦ ਪ੍ਰੀਵਾਰ ਪਿੰਡ ਕਿਸ਼ਨਗੜ੍ਹ ਫਰਵਾਹੀਂ ਆ ਵਸਿਆ ਜਿੱਥੇ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ’ਚ ਬੀਤਿਆ। ਸੁਰਤ ਸੰਭਾਲਦਿਆਂ ਉਨ੍ਹਾਂ 1947 ਦੇ ਬਟਵਾਰੇ ਤੋਂ ਉਪਜੀ ਭਰਾ ਮਾਰੂ ਜੰਗ ਦੀ ਪੀੜਾ ਨੂੰ ਅੱਖੀਂ ਦੇਖਿਆ। ਇੰਨ੍ਹੀਂ ਦਿਨੀਂ ਰਜਵਾੜਾਸ਼ਾਹੀ ਦਾ ਬੋਲਬਾਲਾ ਸੀ ਅਤੇ ਵਟਾਈ ਤੇ ਜਮੀਨਾਂ ਲੈਣ ਵਾਲੇ ਕਿਸਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ ਜਿੰਨ੍ਹਾਂ ਦਾ ਦਰਦ ਉਨ੍ਹਾਂ ਪਿੰਡੇ ਤੇ ਹੰਢਾਇਆ।

ਇਹੋ ਕਾਰਨ ਹੈ ਕਿ ਪ੍ਰੋ. ਔਲਖ ਦੀ ਹਰ ਰਚਨਾ ਤੇ ਪੇਸ਼ਕਾਰੀ ’ਚ ਪਿੰਡ ਦੀਆਂ ਯਾਦਾਂ ਝਲਕਦੀਆਂ ਰਹੀਆਂ। ਉਨ੍ਹਾਂ ਦੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਅਤੇ ਦਸਵੀਂ ਦੀ ਪੜਾਈ ਭੀਖੀ ਦੇ ਨੈਸ਼ਨਲ ਹਾਈ ਸਕੂਲ ਚੋਂ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਪ੍ਰਾਈਵੇਟ ਪੜ੍ਹੀ ਅਤੇ ਮਗਰੋਂ ਇਸੇ ਵਰਸਿਟੀ ਤੋਂ ਐਮ. ਏ. ਅਤੇ ਐਮ. ਫਿਲ ਕੀਤੀ। ਉਨ੍ਹਾਂ ਨੂੰ 1965 ‘ਚ ਨਹਿਰੂ ਮੈਮੋਰੀਅਲ ਕਾਲਜ ਮਾਨਸਾ ’ਚ ਪੰਜਾਬੀ ਲੈਕਚਰਾਰ ਨਿਯੁਕਤ ਕੀਤਾ ਗਿਆ ਤਾਂ ਉਨ੍ਹਾਂ ਪਿੰਡ ਛੱਡ ਦਿੱਤਾ ਤੇ ਮਾਨਸਾ ਵਸ ਗਏ ।

ਦੱਸਿਆ ਜਾਂਦਾ ਹੈ ਕਿ ਪ੍ਰੋ. ਔਲਖ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਪ੍ਰੰਤੂ ਘਰੇਲੂ ਮਜਬੂਰੀਆਂ ਰੋਕਦੀਆਂ ਰਹੀਆਂ। ਉਂਜ ਪੜ੍ਹਦਿਆਂ ਉਨ੍ਹਾਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਪਿੱਛੋਂ ਉਸਾਰੂ ਗੀਤ ਤੇ ਕਹਾਣੀਆਂ ਲਿਖਣ ਲੱਗੇ । ਉਨ੍ਹਾਂ ਦਾ ਲਿਖਿਆ ਨਾਵਲ ‘ਜਗੀਰਦਾਰੀ’ ਪੜ੍ਹੀਏ ਤਾਂ ਸਾਫ ਪਤਾ ਲਗਦਾ ਹੈ ਕਿ ਸਮਾਜਿਕ ਤਾਣੇ ਬਾਣੇ ਤੇ ਕਿਰਤੀ ਵਰਗਾਂ ਲਈ ਅਤੀਅੰਤ ਘਾਤਕ ਜਗੀਰੂ ਪ੍ਰਥਾ ਤੇ ਸੋਚ ਨੂੰ ਖਤਮ ਕਰਨ ਵਾਸਤੇ ਉਨ੍ਹਾਂ ’ਚ ਕਿੰਨਾਂ ਰੋਹ ਸੀ ।
ਪ੍ਰੋਫੈਸਰ ਔਲਖ ਨੂੰ ਕਾਲਜ ਦੇ ਕਲਚਰਲ ਵਿੰਗ ਦਾ ਮੁਖੀ ਬਣਾਇਆ ਗਿਆ ਤਾਂ ਵਿਦਿਆਰਥੀਆਂ ਨੂੰ ਨਾਟਕ ਖਿਡਾਉਂਦਿਆਂ ਉਨ੍ਹਾਂ ਦਾ ਰੁਝਾਨ ਨਾਟਕ ਲਿਖਣ ਵੱਲ ਹੋ ਗਿਆ। ਉਸ ਮਗਰੋਂ ਪ੍ਰੌ.ਔਲਖ ਨੇ ਸਾਰੀ ਜਿੰਦਗੀ ਨਾਟਕ ਲਿਖਣ ਅਤੇ ਮੰਚਨ ‘ਤੇ ਲਾ ਦਿੱਤੀ। ਇਸ ਕੰਮ ਨੂੰ ਤੇਜ ਕਰਨ ਵਾਸਤੇ ਉਨ੍ਹਾਂ ‘ ਲੋਕ ਕਲਾ ਮੰਚ’ ਨਾਂ ਦੀ ਸੰਸਥਾ ਬਣਾਈ। ਜਿਸ ਰਾਹੀਂ ਨਵੇਂ ਕਲਾਕਾਰ ਪੈਦਾ ਕੀਤੇ ਤੇ ਉਨ੍ਹਾਂ ਤੋਂ ਸਟੇਜਾਂ ਤੇ ਨਾਟਕ ਕਰਵਾਏ। ਸੇਵਾਮੁਕਤੀ ਤੋਂ ਬਾਅਦ ਵਿਗੜ ਚੁੱਕੀ ਸਿਹਤ ਦੇ ਬਾਵਜੂਦ ਪ੍ਰੋਫੈਸਰ ਔਲਖ ਦੀ ਚਿਣਗ ਮੱਠੀ ਨਹੀਂ ਪਈ ਬਲਕਿ ਉਹ ਲਗਾਤਾਰ ਨਾਟਕਾਂ ਨਾਲ ਜੁੜੇ ਰਹੇ।

ਪ੍ਰੋ. ਔਲਖ ਨੇ ਲਘੂ ਅਤੇ ਇਕਾਂਗੀ ਨਾਟਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀ ਪਲੇਠੀ ਰਚਨਾ ‘ਅਰਬਦ ਨਰਬਦ ਧੁੰਧੁਕਾਰਾ’ (1978) ’ਚ ਲਿਖੀ ਸੀ ਜਦੋਂਕਿ ‘ਬਿਗਾਨੇ ਬੋਹੜ ਦੀ ਛਾਂ ’ (1981), ‘ਅੰਨੇ ਨਿਸ਼ਾਨਚੀ (1983), ਮੇਰੇ ਚੋਣਵੇਂ ਇਕਾਂਗੀ (1985), ਗਾਨੀ (1990), ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (2004) ’ਚ ਰਚੀਆਂ ਸਨ।

ਉਨ੍ਹਾਂ ਨੇ ਸੱਤ ਬਿਗਾਨੇ (1987), ਭੱਜੀਆਂ ਬਾਹਾਂ (1988) (ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਭੱਜੀਆਂ ਬਾਹਾਂ ਦਾ ਨਾਟਕੀ ਰੂਪਾਂਤਰਣ), ਕੇਹਰ ਸਿੰਘ ਦੀ ਮੌਤ (1992), ਇੱਕ ਸੀ ਦਰਿਆ (1994), ਸਲਵਾਨ (1994), ਝਨਾਂ ਦੇ ਪਾਣੀ (2000), ਨਿੱਕੇ ਸੂਰਜਾਂ ਦੀ ਲੜਾਈ (2004) ਆਦਿ ਪੂਰੇ ਨਾਟਕ ਲਿਖੇ। ਉਨ੍ਹਾਂ ਮੁੰਬਈ ’ਚ ਸਟੇਜਾਂ ਕੀਤੀਆਂ ਤੇ ਦਿੱਲੀ ’ਚ ਵੀ ਨਾਟਕ ਖੇਡ੍ਹੇ ਜਿੰਨ੍ਹਾਂ ਰਾਹੀਂ ਉਨ੍ਹਾਂ ਆਮ ਆਦਮੀ ਨੂੰ ਹਰ ਛੋਟੀ ਵੱਡੀ ਸਮੱਸਿਆ ਤੋਂ ਚੇਤੰਨ ਕੀਤਾ। ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਸਾਲ 1980 ’ਚ ਉਨ੍ਹਾਂ ਦੀ ਪਹਿਲੀ ਨਾਟ ਪੁਸਤਕ ਅਰਬਦ ਨਰਬਦ ਧੁੰਧਕਾਰਾ ਨੂੰ ਸਾਲ ਦੀ ਸਰਵੋਤਮ ਨਾਟਕ ਪੁਸਤਕ ਲਈ ਇਨਾਮ ਤੇ ਸਨਮਾਨ ਦਿੱਤਾ। ਭਾਰਤ ਦੀ ਸੰਗੀਤ ਨਾਟਕ ਅਕਾਦਮੀ ਤਰਫੋਂ ਸਨਮਾਨ ਵਜੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਾਲ 2007 ’ਚ ਦਿੱਤੀ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਪ੍ਰੋਫੈਸਰ ਔਲਖ ਦੀਆਂ ਲਿਖੀਆਂ ਪੁਸਤਕਾਂ ਨੂੰ ਕਈ ਯੂਨੀਵਰਸਟੀਆਂ ਵੱਲੋਂ ਸਿਲੇਬਸ ’ਚ ਸ਼ਾਮਲ ਕੀਤਾ ਹੋਇਆ ਹੈ।


ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਨੇ 1981 ਦਾ ਸਰਵੋਤਮ ਨਾਟਕਕਾਰ ਸਨਮਾਨ , ਕ੍ਰੀਏਟਿਵ ਆਰਟਸ ਚੰਡੀਗੜ੍ਹ ਵੱਲੋਂ ਨਾਟਕ ਅਤੇ ਰੰਗ ਮੰਚ ਸੇਵਾਵਾਂ ਸਨਮਾਨ (1985), ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੁਸਤਕ ਅੰਨੇ ਨਿਸ਼ਾਨਚੀ ਨੂੰ ਈਸ਼ਵਰ ਚੰਦਾ ਨੰਦਾ ਐਵਾਰਡ (1986), ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਰਥਰਜ਼ ਐਂਡ ਰਾਈਟਜ ਕੈਡਾ ਵੱਲੋਂ ਸ੍ਰੋਮਣੀ ਸਾਹਿਤਕਾਰ ਐਵਾਰਡ (1991), ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸ੍ਰ. ਕਰਤਾਰ ਸਿੰਘ ਧਾਲੀਵਾਲ ਐਵਾਰਡ (1995), ਪੰਜਾਬ ਕਲਾ ਮੰਚ ਮਾਨਸਾ ਵੱਲੋਂ ਸਫ਼ਦਰ ਹਾਸ਼ਮੀ ਯਾਦਗਰੀ ਐਵਾਰਡ (1986), ਮੰਚਣ ਆਰਟਸ ਐਂਡ ਰੀਸਰਚ ਸੈਂਟਰ ਮੋਹਾਲੀ ਵੱਲੋਂ ਗੁਰਦਿਆਲ ਸਿੰਘ ਫੁੱਲ ਮੈਮੋਰੀਅਲ ਐਵਾਰਡ (1997), ਮਨਜੀਤ ਮੈਮੋਰੀਅਲ ਟਰਸਟ ਕੈਨੇਡਾ ਵੱਲੋਂ ਇੰਟਰਨੈਸ਼ਨਲ ਮਨਜੀਤ ਮੈਮੋਰੀਅਲ ਐਵਾਰਡ (1999), ਲੋਕ ਸੱਭਿਆਚਾਰ ਵਿਕਾਸ ਮੰਚ ਜੈਤੋ (ਫਰੀਦਕੋਟ) ਵੱਲੋਂ ਰੰਗਮੰਚ ਸੇਵਾ ਸਨਮਾਨ (1999), ਪੰਜਾਬ ਕਲਾ ਕੇਂਦਰ ਬੰਬਈ-ਚੰਡੀਗੜ੍ਹ ਵੱਲੋਂ ਬਲਰਾਜ ਸਾਹਨੀ ਯਾਦਗਰੀ ਐਵਾਰਡ (2000), ਭਾਰਤੀ ਸਾਹਿਤ ਅਕਾਦਮੀ ਐਵਾਰਡ (2006) ਨਾਲ ਸਨਮਾਨਿਤ ਕੀਤਾ ਗਿਆ।

ਆਖਰ ਘਰ ਦੁਨਿਆਵੀ ਰੰਗਮੰਚ ਦੇ ਬਾਦਸ਼ਾਹ ਅਜਮੇਰ ਔਲਖ  15 ਜੂਨ 2017 ਨੂੰ  ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।ਅਜਮੇਰ ਔਲਖ ਨੇ ਹਮੇਸ਼ਾ ਕਿਸਾਨੀ ਤੇ ਪੇਂਡੂ ਮਸਲਿਆਂ ਦੀ ਗੱਲ ਕੀਤੀ। ਜਦੋਂ ਆਪਣੇ ਨਾਟਕ ’ਚ ‘ਸੀਰੀ ਦੇ ਗਲ ਲੱਗ ਜੱਟ ਰੋਵੇ ਤਾਂ ਉਦੋਂ ਬੋਹਲ ਵੀ ਰੋਂਦੇ ਹਨ’ ਰਾਹੀਂ ਔਲਖ ਕਿਸਾਨੀ ਦੀ ਦਸ਼ਾ ਤੇ ਦਿਸ਼ਾ ਨੂੰ ਚਿਤਰਦਾ ਸੀ ਤਾਂ ਹਜਾਰਾਂ ਦਰਸ਼ਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਹੀਂ ਰਹਿੰਦੀਆਂ ਸਨ। ਉਨ੍ਹਾਂ ਆਖਿਆ ਕਿ ਪ੍ਰੋਫੈਸਰ ਔਲਖ ਆਪਣੀ ਕਲਾ ਰਾਹੀਂ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ।

Advertisement
Advertisement
Advertisement
Advertisement
Advertisement
error: Content is protected !!