ਭਾਜਪਾ ਆਗੂ ਵਲੋਂ ਪਟਿਆਲਾ ਦਿਹਾਤੀ ਦੇ ਵੱਖ ਵੱਖ ਵਾਰਡਾਂ ’ਚ ਲੋਕਾਂ ਨਾਲ ਮੀਟਿੰਗਾਂ; ਮੁਸ਼ਕਿਲਾਂ ਸੁਣੀਆਂ
ਭਾਜਪਾ ਆਗੂ ਵਲੋਂ ਅਕਾਲੀ ਦਲ-ਬਸਪਾ ਦਾ ਗਠਜੋੜ ਬੇਮੇਲ ਕਰਾਰ
ਬਲਵਿੰਦਰਪਾਲ , ਪਟਿਆਲਾ, 14 ਜੂਨ 2021
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਵਲੋ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਵਾਰਡਾਂ ਅਤੇ ਪਿੰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਬੀਤੇ ਦਿਨੀਂ ਉਨ੍ਹਾਂ ਪਟਿਆਲਾ ਵਾਰਡ ਨੰ. 16, 22 ਅਤੇ 25 ਵਿਚ ਪੈਂਦੇ ਘੁੰਮਣ ਨਗਰ, ਗੁਰੂ ਨਾਨਕ ਨਗਰ ਅਤੇ ਗੁਰਬਖਸ਼ ਕਲੋਨੀਆਂ ਵਿਖੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਸ. ਢਿੱਲੋਂ ਨੇ ਆਖਿਆ ਕਿ ਕੈਪਟਨ ਸਰਕਾਰ ਦੀ ਸਾਢੇ ਚਾਰ ਸਾਲ ਦੀ ਸਿਫ਼ਰ ਕਾਰਗੁਜ਼ਾਰੀ ਕਾਰਨ ਅੱਜ ਵਿਕਾਸ ਦੀ ਲੀਹੋਂ ਲੱਥ ਚੁੱਕਿਐ। ਉਨ੍ਹਾਂ ਆਖਿਆ ਕਿ ਸੂਬੇ ਦੇ ਵਿਕਾਸ ਦੀ ਤਸਵੀਰ ਪਟਿਆਲਾ ਤੋਂ ਸਾਫ਼ ਹੋ ਜਾਂਦੀ ਹੈ ਕਿ ਜੇਕਰ ਮੁੱਖ ਮੰਤਰੀ ਆਪਣੇ ਜੱਦੀ ਸ਼ਹਿਰ ਦਾ ਸਰਵਪੱਖੀ ਵਿਕਾਸ ਨਹੀਂ ਕਰਵਾ ਸਕਦੇ ਤਾਂ ਬਾਕੀ ਪੰਜਾਬ ਦੇ ਲੋਕ ਉਂਨ੍ਹਾਂ ਤੋਂ ਕੀ ਆਸ ਰੱਖ ਸਕਦੇ ਹਨ।
ਭਾਜਪਾ ਆਗੂ ਨੇ ਆਖਿਆ ਕਿ ਕਾਂਗਰਸ ਪਾਰਟੀ ਵਿਚਲੀ ਖਾਨਾਜੰਗੀ ਨੇ ਸੂਬੇ ਨੂੰ ਵਿਕਾਸ ਪੱਖੋਂ ਪਛਾੜ ਦਿੱਤਾ ਹੈ ਅਤੇ ਕਾਂਗਰਸੀਆਂ ਨੇ ਸਾਢੇ ਚਾਰ ਸਾਲ ਦਾ ਸਮਾਂ ਸਿਰਫ਼ ਆਪਣੀਆਂ ਕੁਰਸੀਆਂ ਬਚਾਉਣ ਅਤੇ ਦੂਜਿਆਂ ਦੀਆਂ ਕੁਰਸੀਆਂ ਖਿੱਚਣ ਵਿਚ ਹੀ ਲੰਘਾ ਦਿੱਤਾ ਹੈ। ਜਿਹੜੇ ਵਾਅਦੇ ਕਰਕੇ ਕਾਂਗਰਸ ਸੱਤਾ ਵਿਚ ਆਈ ਸੀ ਉਨ੍ਹਾਂ ਦਾ ਲੇਖਾ ਜੋਖਾ ਮੰਗਣ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਅੰਦਰ ਵੋਟਾਂ ਮੰਗਣ ਦਾ ਕਾਂਗਰਸੀਆਂ ਕੋਲ ਕੋਈ ਹੱਕ ਨਹੀਂ ਹੈ।
ਸ. ਢਿੱਲੋਂ ਨੇ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨੂੰ ਬੇਮੇਲ ਗਠਜੋੜ ਕਰਾਰ ਦਿੰਦਿਆਂ ਆਖਿਆ ਕਿ ਅਕਾਲੀ ਦਲ ਨੂੰ ਇਸ ਗਠਜੋੜ ਨਾਲ ਕੋਈ ਲਾਭ ਨਹੀਂ ਪੁੱਜਣ ਵਾਲਾ। ਉਨ੍ਹਾਂ ਸੁਖਬੀਰ ਬਾਦਲ ਦੇ ਉਸ ਬਿਆਨ ਦੀ ਕਿ 2022 ਵਿਚ ਭਾਜਪਾ ਨੂੰ ਇਕ ਸੀਟ ਵੀ ਨਹੀਂ ਨਹੀਂ ਆਉਣੀ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਲ 2017 ਤੋਂ ਵੀ ਮਾੜਾ ਹੋਣ ਵਾਲਾ ਹੈ। ਉਂਨ੍ਹਾਂ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਬਸਪਾ ਅਕਾਲੀ ਦਲ ’ਤੇ ਜੋ ਸਵਾਲ ਪਹਿਲਾਂ ਚੁੱਕਦੀ ਰਹੀ ਹੈ, ਉਹ ਝੂਠ ਸੀ ਜਾਂ ਇਹ ਕੀਤਾ ਗਠਜੋੜ, ਉਨ੍ਹਾਂ ਆਖਿਆ ਕਿ ਬਸਪਾ ਆਪਣਾ ਸਟੈਂਡ ਸਪਸ਼ਟ ਕਰੇ।
ਅਖ਼ੀਰ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਆਪਣੀ ਵੋਟ ਦੀ ਸ਼ਕਤੀ ਨਾਲ ਸੱਤਾ ਦਾ ਸੁਖ ਮਾਨਣ ਦੀ ਤਾਕਤ ਬਖਸ਼ਦੇ ਹਨ, ਉਨ੍ਹਾਂ ਤੋਂ ਉਹ ਆਪਣੀ ਵੋਟ ਦਾ ਹਿਸਾਬ ਜ਼ਰੂਰ ਮੰਗਣ, ਕਿਉਂਕਿ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਯਾਦ ਸਿਰਫ਼ ਵੋਟਾਂ ਸਮੇਂ ਆਉਂਦੀ ਹੈ ਅਤੇ ਬਾਕੀ ਸਾਢੇ ਚਾਰ ਸਾਲ ਲੋਕਾਂ ਦਾ ਚੇਤਾ ਵਿਸਰ ਜਾਂਦਾ ਹੈ।
ਇਸ ਮੌਕੇ ਸ੍ਰੀ ਵਿਨੀਤ ਸਹਿਗਲ ਜ਼ਿਲ੍ਹਾ ਵਾਇਸ ਪ੍ਰਧਾਨ, ਅਨਿਲ ਸਿੰਗਲਾ ਭਾਜਪਾ ਆਗੂ, ਅਸ਼ੀਸ਼ ਗੁਪਤਾ, ਵਿਨੋਦ ਮਿੱਤਲ, ਜਗਦੀਸ਼ ਗੋਗੀਆ, ਮਨੋਜ ਜੋਸ਼ੀ, ਭੀਮ ਸੇਨ ਗਰਗ, ਅਸ਼ੋਕ ਗਰਗ, ਰਵੀ ਮਿੱਤਲ, ਰਾਕੇਸ਼ ਜਿੰਦਲ ਵੀ ਹਾਜ਼ਰ ਸਨ।