ਬਰਨਾਲਾ ਟੂਡੇ ਨੂੰ ਬੁਆਇਸ ਮੈਸਜ ਅਤੇ ਵੀਡੀਓ ਭੇਜ ਕੇ ਲਗਾਈ ਇਨਸਾਫ਼ ਦੀ ਗੁਹਾਰ
ਹਰਿੰਦਰ ਨਿੱਕਾ , ਬਰਨਾਲਾ 4 ਜੂਨ 2021
ਭਦੌੜ ਥਾਣੇ ਵਿੱਚ ਚੋਰੀ ਦੀ ਐਫ.ਆਈ.ਆਰ. ਦਰਜ ਕਰਵਾਉਣ ਪਹੁੰਚੇ ਬੀ.ਐਸ.ਐਨ.ਐਲ ਦੇ ਠੇਕੇਦਾਰ ਕੋਲ ਨੌਕਰੀ ਕਰਦੇ ਨੌਜਵਾਨ ਜਗਦੀਪ ਸਿੰਘ ਨੂੰ ਹੀ ਕੁੱਝ ਪੁਲਿਸ ਵਾਲਿਆਂ ਵੱਲੋਂ ਕਥਿਤ ਤੌਰ ਤੇ ਜਲੀਲ ਕਰਨ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਅੱਤਿਆਚਾਰ ਤੋਂ ਖਫਾ ਤੇ ਨਿਰਾਸ਼ ਜਗਦੀਪ ਸਿੰਘ ਨੇ ਟੂਡੇ ਨਿਊਜ਼ ਨੂੰ 3 ਜੂਨ ਦੀ ਦੇਰ ਰਾਤ ਭੇਜੇ ਬੁਆਇਸ ਮੈਸੇਜ ਵਿੱਚ ਕਿਹਾ ਕਿ ਉਹ ਪੁਲਿਸ ਦੇ ਅਣਮਨੁੱਖੀ ਵਤੀਰੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਜੇਕਰ ਉਸ ਨੂੰ 4 ਜੂਨ ਦੀ ਸੁਬ੍ਹਾ ਇਨਸਾਫ਼ ਨਾ ਮਿਲਿਆ ਤਾਂ ਉਹ ਸਵੇਰੇ 11 ਵਜੇ ਭਦੌੜ ਥਾਣੇ ਮੂਹਰੇ ਆਪਣੇ ਪਰਿਵਾਰ ਸਮੇਤ ਪੈਟ੍ਰੋਲ ਛਿੜਕ ਕੇ ਆਤਮਦਾਹ ਕਰ ਲਵੇਗਾ। ਜਗਦੀਪ ਸਿੰਘ ਨਿਵਾਸੀ ਦਿਆਲਪੁਰਾ ਭਾਈਕਾ, ਜਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਹ ਬੀਐਸ.ਐਨ.ਐਲ ਵਿਭਾਗ ਦੇ ਠੇਕੇਦਾਰ ਕੋਲ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸਦੀ ਡਿਊਟੀ ਭਦੌੜ ਨੇੜਲੇ ਪਿੰਡ ਪੱਤੀ ਦੀਪ ਸਿੰਘ ਦੇ ਪੰਚਾਇਤ ਘਰ ਵਿੱਚ ਬਣੇ ਸੀਆਰ ਤੇ ਹੈ। 2 ਜੂਨ ਦੀ ਰਾਤ ਕਰੀਬ ਸਾਢੇ ਕੁ ਸੱਤ ਵਜੇ ਉਨ੍ਹਾਂ ਦੀ ਸਾਈਟ ਤੇ ਚੋਰੀ ਹੋ ਗਈ। ਜਿਸ ਦੀ ਜਾਣਕਾਰੀ, ਉਸ ਨੂੰ 3 ਜੂਨ ਦੀ ਸਵੇਰੇ ਡਿਊਟੀ ਤੇ ਜਾਣ ਸਮੇਂ ਮਿਲੀ। ਚੋਰੀ ਦੀ ਸੂਚਨਾ ਉਸਨੇ ਪਹਿਲਾਂ ਆਪਣੇ ਬੌਸ ਨੂੰ ਫੋਨ ਕਰਕੇ ਦਿੱਤੀ। ਫਿਰ ਉਹ ਆਪਣੇ ਬੌਸ ਨੂੰ ਨਾਲ ਲੈ ਕੇ ਭਦੌੜ ਥਾਣੇ ਵਿੱਚ ਚੋਰੀ ਦੀ ਐਫਆਈਆਰ ਦੇਣ ਲਈ ਪਹੁੰਚ ਗਿਆ। ਪਰੰਤੂ ਥਾਣੇ ਵਿੱਚ ਮੌਜੂਦ ਇੱਕ ਅਫਸਰ ਤੇ 2/3 ਹੋਰ ਪੁਲਿਸ ਮੁਲਾਜ਼ਮਾਂ ਨੇ ਚੋਰੀ ਸਬੰਧੀ ਸ਼ਕਾਇਤ ਦਰਜ ਕਰਨ ਦੀ ਬਜਾਏ, ਉਲਟਾ ਉਸ ਨੂੰ ਹੀ ਇੱਕ ਵੱਖਰੇ ਕਮਰੇ ਵਿੱਚ ਕਰੀਬ 2 ਘੰਟੇ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਕਾਫੀ ਜਲੀਲ ਕੀਤਾ। ਮਾਵਾਂ ਭੈਣਾਂ ਦੀਆਂ ਨਾ ਦੱਸਣਯੋਗ ਗੰਦੀਆਂ ਗਾਲ੍ਹਾਂ ਕੱਢੀਆਂ। ਹੋਰ ਕਈ ਤਰ੍ਹਾਂ ਦੇ ਢੰਗਾਂ ਨਾਲ ਉਸਨੂੰ ਮਾਨਸਿਕ ਤੌਰ ਤੇ ਅਣਮਨੁੱਖੀ ਢੰਗ ਨਾਲ ਟੌਰਚਰ ਕੀਤਾ। ਪੁਲਿਸ ਮੁਲਾਜ਼ਮ ਮੇਰੇ ਨਾਲ ਹੀ ਚੋਰ ਦੀ ਤਰ੍ਹਾਂ ਦੁਰਵਿਵਹਾਰ ਕਰਦੇ ਰਹੇ। ਇੱਕ ਮੁਲਾਜ਼ਮ ਨੇ ਮੇਰਾ ਮੋਬਾਇਲ ਖੋਹ ਲਿਆ। ਮੋਬਾਇਲ ਦਾ ਜਬਰਦਸਤੀ ਪਾਸਵਰਡ ਲੈਕੇ ,ਉਸਨੇ ਮੇਰੀ ਪਤਨੀ ਨੂੰ ਵੀ ਬਹੁਤ ਬੁਰਾ ਭਲਾ ਬੋਲ ਕੇ ਜਲੀਲ ਕਰਕੇ ਰੋਣ ਨੂੰ ਮਜਬੂਰ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਪੁਲਿਸ ਮੁਲਾਜ਼ਮਾਂ ਨੇ ਮੇਰੇ ਪਿਤਾ ਨੂੰ ਥਾਣੇ ਬੁਲਾ ਕੇ ,ਉਸਦੇ ਸਾਹਮਣੇ ਵੀ ਭੱਦੇ ਢੰਗ ਨਾਲ ਜਲੀਲ ਕੀਤਾ। ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ ਹੁਣ ਤੈਨੂੰ ਥਾਣੇ ‘ਚੋਂ ਸੁੱਕਾ ਨਹੀਂ ਜਾਣ ਦਿਆਂਗੇ, ਤੇਰੇ ਖਿਲਾਫ ਹੀ ਚੋਰੀ ਦਾ ਕੇਸ ਦਰਜ ਕਰਕੇ, ਤੇਰੇ ਹੱਡਾਂ ਵਿਚੋਂ ਚੋਰੀ ਦਾ ਸਮਾਨ ਘੜਾਮਾਂਗੇ। ਪੁਲਿਸ ਅਫਸਰ ਨੇ ਕਿਹਾ ਕਿ ਜੇ ਤੂੰ ਚੋਰੀ ਨਾ ਮੰਨਿਆ ਤਾਂ ਸਵੇਰੇ ਤੇਰੀ ਘਰਵਾਲੀ ਨੂੰ ਥਾਣੇ ਲਿਆਂਵਾਂਗੇ ਤੇ ਥੋਨੂੰ ਦੋਵਾਂ ਨੂੰ ਇੱਕ ਦੂਜੇ ਸਾਹਮਣੇ ਤੇ ਹੋਰਨਾਂ ਲੋਕਾਂ ਸਾਹਮਣੇ ਜਲੀਲ ਕਰਾਂਗੇ। ਆਖਿਰ ਪੁਲਿਸ ਵਾਲਿਆਂ ਨੇ ਮੇਰੇ ਪਿਤਾ ਅਤੇ ਮੇਰੇ ਬੌਸ ਦੀਆਂ ਮਿੰਨਤਾਂ ਤੋਂ ਬਾਅਦ ਮੈਨੂੰ ਸਵੇਰੇ ਫਿਰ ਥਾਣੇ ਆਉਣ ਲਈ ਕਹਿ ਕੇ ਛੱਡ ਦਿੱਤਾ।
ਮੈਂ ਬਿਨਾਂ ਕਸੂਰ ਕੀਤੀ ਬੇਇੱਜ਼ਤੀ ਨਹੀਂ ਝੱਲ ਸਕਦਾ
ਬੇਹੱਦ ਸਹਿਮੇ ਤੇ ਘਬਰਾਏ ਜਗਦੀਪ ਸਿੰਘ ਨੇ ਕਿਹਾ ਕਿ ਮੈਂ ਬਿਨਾਂ ਕਸੂਰ ਤੋਂ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਬੇਇੱਜ਼ਤੀ ਝੱਲ ਨਹੀਂ ਸਕਦਾ। ਉਸਨੇ ਕਿਹਾ ਕਿ ਪੂਰੀ ਘਟਨਾ ਦੀ ਸੂਚਨਾ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੂੰ ਵੀ ਵਟਸਐਪ ਮੈਸੇਜ ਤੇ ਅਤੇ ਪੁਲਿਸ ਕੰਟਰੋਲ ਰੂਮ ਤੇ ਦੇ ਦਿੱਤੀ ਹੈ। ਮਾਮਲਾ ਐਸ ਐਸ ਪੀ ਸੰਦੀਪ ਗੋਇਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ, ਪੁਲਿਸ ਵਾਲਿਆਂ ਦਾ ਕਾਫੀ ਰੁੱਖ ਬਦਲਿਆ ਲੱਗਿਆ ਹੈ। ਪਰੰਤੂ ਮੈਂ ਨਜਾਇਜ਼ ਹਿਰਾਸਤ ਵਿੱਚ ਬਿਨਾਂ ਕਸੂਰ ਥਾਣੇ ਬੰਦ ਕਰਕੇ ਜਲੀਲ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਬਿਨਾਂ ਚੁੱਪ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਸਵੇਰ ਤੱਕ ਦੋਸ਼ੀ ਪੁਲਿਸ ਮੁਲਜਮਾਂ ਖਿਲਾਫ ਕਾਨੂੰਨੀ ਕਾਰਵਾਈ ਹੋਣ ਤੇ ਮੈਨੂੰ ਇਨਸਾਫ ਮਿਲਣ ਦਾ ਇਂਤਜਾਰ ਕਰਾਂਗਾ। ਜੇਕਰ ਇਨਸਾਫ ਨਾ ਮਿਲਿਆ ਤਾਂ ਅੱਜ ਸਵੇਰੇ 11 ਵਜੇ ਥਾਣਾ ਭਦੌੜ ਮੂਹਰੇ ਜਾ ਕੇ ਆਪਣੇ ਪਰਿਵਾਰ ਸਮੇਤ ਪੈਟ੍ਰੋਲ ਪਾ ਕੇ ਆਤਮਦਾਹ ਕਰ ਲਵਾਂਗਾ।