ਮਸਟਰੋਲ ਬਾਰੇ ਨਰੇਗਾ ਵਰਕਰ ਦੇ ਮੋਬਾਇਲ ‘ਤੇ ਪੰਜਾਬੀ ‘ਚ ਜਾਵੇਗਾ ਕੰਮ ਦੇਣ ਦਾ ਸੁਨੇਹਾ
–ਨਰੇਗਾ ਵਰਕਰ ਨੂੰ ਕੋਈ ਮੁਸ਼ਕਲ ਆਉਣ ‘ਤੇ ਉਹ ਪ੍ਰੋਗਰਾਮ ਅਫਸਰ ਜਾਂ ਏ.ਡੀ.ਸੀ. (ਵਿਕਾਸ) ਦਫਤਰ ਨਾਲ ਸੰਪਰਕ ਕਰੇ-ਏ.ਡੀ.ਸੀ
ਬਲਵਿੰਦਰਪਾਲ , ਪਟਿਆਲਾ, 3 ਮਈ:2021
ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਰੋਜਗਾਰ ਮੰਗਣ ਵਾਲੇ ਨਰੇਗਾ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹਨਾਂ ਦੀ ਮੰਗ ਮੁਤਾਬਿਕ ਹਰ ਹਾਲਤ ਵਿਚ ਰੋਜਗਾਰ ਦੇ ਕੇ ਆਰਥਿਕ ਤੌਰ ‘ਤੇ ਮਜਬੂਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹੇ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਰਦਿਆਂ ਹੋਇਆਂ ਦੱਸਿਆ ਕਿ ਕਈ ਕੇਸਾਂ ਵਿਚ ਪ੍ਰੋਗਰਾਮ ਅਫ਼ਸਰਾਂ ਵਲੋਂ ਮਸਟਰੋਲ ਜਾਰੀ ਕਰਕੇ ਪਿੰਡ ਦੀਆਂ ਸਾਝੀਆਂ ਥਾਵਾਂ ਤੋਂ ਅਨਾਊਂਸਮੈਂਟਾਂ ਕਰਵਾ ਦਿੱਤੀਆਂ ਜਾਂਦੀਆਂ ਸਨ ਪਰੰਤੂ ਇਸ ਦੇ ਬਾਵਜੂਦ ਵੀ ਕੰਮ ਕਰਨ ਵਾਲੇ ਲੋਕਾਂ/ਮਨਰੇਗਾ ਵਰਕਰਾਂ ਦੀ ਸ਼ਿਕਾਇਤ ਸੀ ਕਿ ਉਹਨਾਂ ਨੂੰ ਪਿੰਡ ਵਿਚ ਕੰਮ ਸ਼ੁਰੂ ਹੋਣ ਬਾਰੇ ਪਤਾ ਨਹੀਂ ਲਗਿਆ ਅਤੇ ਉਹ ਕੰਮ ਤੇ ਹਾਜ਼ਰ ਨਹੀਂ ਹੋ ਸਕੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵਲੋਂ ਇਸ ਨੂੰ ਅਤੀ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੱਧਰ ‘ਤੇ ਅਜਿਹਾ ਸਿਸਟਮ ਬਣਾ ਦਿੱਤਾ ਗਿਆ ਹੈ ਕਿ ਜਿਸ ਸਮੇਂ ਨਰੇਗਾ ਵਰਕਰਾਂ ਦੀ ਮੰਗ ਮੁਤਾਬਿਕ ਪ੍ਰੋਗਰਾਮ ਅਫ਼ਸਰ ਵਲੋਂ ਕੰਮ ਦਾ ਮਸਟਰੋਲ ਕੱਢਿਆ ਜਾਵੇਗਾ, ਉਸ ਸਮੇਂ ਹੀ ਸਬੰਧਤ ਨਰੇਗਾ ਵਰਕਰ ਨੂੰ ਉਸ ਵਲੋਂ ਦਿੱਤੇ ਗਏ ਮੋਬਾਇਲ ਫੋਨ ਤੇ ਬਾਕਾਇਦਾ ਉਸ ਨੂੰ ਕੰਮ ਦੇਣ ਬਾਰੇ ਪੰਜਾਬੀ ਵਿਚ ਸੁਨੇਹਾ ਜਾਵੇਗਾ, ਜਿਸ ਵਿਚ ਉਸ ਨੂੰ ਦੱਸਿਆ ਜਾਵੇਗਾ ਕਿ ਉਸ ਵਲੋਂ ਕਿਸ ਕੰਮ ਤੇ ਕਿਹੜੀ ਜਗ੍ਹਾਂ ਹਾਜ਼ਰ ਹੋਣਾ ਹੈ ਅਤੇ ਇਹ ਮਸਟਰੋਲ ਕਿੰਨੇ ਦਿਨਾਂ ਦਾ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਇਹ ਵੀ ਦਸਿਆ ਕਿ ਜ਼ਿਲ੍ਹੇ ਵਿਚ ਪ੍ਰਤੀ ਬਲਾਕ 10 ਛੱਪੜਾਂ ਦਾ ਸੁੰਦਰੀਕਰਣ ਕੀਤਾ ਜਾਵੇਗਾ, ਜਿਸ ਤੇ ਪ੍ਰਤੀ ਛੱਪੜ 4.50 ਲੱਖ ਰੁਪਏ ਖਰਚ ਹੋਵੇਗਾ।
ਡਾ. ਪ੍ਰੀਤੀ ਯਾਦਵ ਨੇ ਦਸਿਆ ਕਿ ਛੱਪੜ ਦੇ ਆਲੇ-ਦੁਆਲੇ 4 ਤੋਂ 5 ਮੀਟਰ ਦਾ ਫੁਟਪਾਥ ਬਣਾ ਕੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸੁੰਦਰ ਦਿਖ ਲਈ ਪੌਦੇ ਲਗਾਏ ਜਾਣਗੇ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਬੈਠਣ ਲਈ ਬੈਂਚ ਆਦਿ ਵੀ ਰਖੇ ਜਾਣਗੇ। ਡਾ. ਪ੍ਰੀਤੀ ਯਾਦਵ ਨੇ ਇਹ ਵੀ ਦਸਿਆ ਕਿ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਨੂੰ ਚੰਗਾ ਵਾਤਾਵਰਣ ਦੇਣ ਲਈ ਜ਼ਿਲ੍ਹੇ ਦੇ ਸਕੂਲਾਂ ਦੀਆਂ ਚਾਰਦੀਵਾਰੀਆਂ, ਕਿਚਨ ਸ਼ੈਡ, ਸੋਕਪਿੱਟਸ, ਪਲੇ-ਗਰਾਊਂਡਜ਼, ਪਲਾਨਟੇਸ਼ਨ ਅਤੇ ਸਕੂਲਾਂ ਵਿਚ ਪਾਰਕ ਆਦਿ ਵੀ ਉਸਾਰੀ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦਸਿਆ ਕਿ ਪਿਛਲੇ ਸਾਲ ਕੋਵਿਡ-19 ਦੀ ਮਹਾਂਮਾਰੀ ਦੇ ਬਾਵਜੂਦ ਜ਼ਿਲ੍ਹੇ ਵਿਚ 17790 ਹਾਊਸਹੋਲਡ ਨੂੰ ਰੋਜ਼ਗਾਰ ਦੇ ਕੇ 19,46,728 ਦਿਹਾੜੀਆਂ ਬਣਾਈਆਂ ਗਈਆਂ ਹਨ ਅਤੇ 58.35 ਕਰੋੜ ਰੁਪਏ ਖਰਚਾ ਕੀਤਾ ਗਿਆ ਹੈ ਅਤੇ ਚਾਲੂ ਮਾਲੀ ਸਾਲ ਦੌਰਾਨ ਲਗਭਗ 8.00 ਕਰੋੜ ਰੁਪਏ ਖਰਚਾ ਕਰਕੇ 2,24,741 ਦਿਹਾੜੀਆਂ ਬਣਾਈਆਂ ਗਈਆ ਹਨ।
ਉਹਨਾਂ ਦੱਸਿਆ ਕਿ ਸਰਕਾਰ ਦੇ ਆਦੇਸ਼ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸ਼ਨ ਨਰੇਗਾ ਵਰਕਰਾਂ ਦੀ ਜ਼ਰੂਰਤ ਮੁਤਾਬਿਕ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਕੀਮ ਵਿਚ ਹੰਢਣਸਾਰ ਸੰਪੱਤੀਆਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਲਈ ਜੇਕਰ ਕਿਸੇ ਵੀ ਨਰੇਗਾ ਵਰਕਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੋਵੇ ਤਾਂ ਉਹ ਸਿੱਧੇ ਤੌਰ ਤੇ ਪ੍ਰੋਗਰਾਮ ਅਫਸਰ ਜਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਦੇ ਦਫਤਰ ਨਾਲ ਸੰਪਰਕ ਕਰ ਸਕਦਾ ਹੈ।