600 ਕਿਲੋ ਪ੍ਰਤੀ ਦਿਨ ਸਮਰੱਥਾ ਵਾਲਾ ਪਲਾਂਟ ਸਾਬਿਤ ਹੋਵੇਗਾ ਵਰਦਾਨ: ਤੇਜ ਪ੍ਰਤਾਪ ਸਿੰਘ ਫੂਲਕਾ
ਪਰਦੀਪ ਕਸਬਾ , ਬਰਨਾਲਾ, 1 ਜੂਨ 2021
ਜ਼ਿਲਾ ਬਰਨਾਲਾ ਵਿੱਚ ਕੋਵਿਡ 19 ਦੇ ਮੱਦੇਨਜ਼ਰ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਸਪਲਾਈ ਮੁਹੱਈਆ ਕਰਾਉਣ ਵਾਸਤੇ ਕੋਵਿਡ ਕੇਅਰ ਸੈਂਟਰ ਸੋਹਲ ਪੱਤੀ (ਬਰਨਾਲਾ) ਵਿਖੇ ਸਥਾਪਿਤ ਆਕਸੀਜਨ ਪਲਾਂਟ ਚਾਲੂ ਹੋ ਗਿਆ ਹੈ, ਜਿਸ ਦੀ ਸਮਰੱਥਾ 600 ਕਿਲੋਗ੍ਰਾਮ ਪ੍ਰਤੀ ਦਿਨ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਹ ਆਕਸੀਜ਼ਨ ਪਲਾਂਟ ਆਈਓਐਲ ਕੈਮਜੀਕਲਜ਼ ਐਂਡ ਫਾਰਮਾ ਲਿਮਟਿਡ ਰਾਹੀਂ ਸੋਹਲ ਪੱਤੀ ਕੋਵਿਡ ਕੇਅਰ ਸੈਂਟਰ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸ ਦੀ ਲਾਗਤ ਕਰੀਬ 52 ਲੱਖ ਰੁਪਏ ਹੈ। ਉਨਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਦੇ ਸਾਰੇ 50 ਬੈੱਡਾਂ ਤੱਕ ਪਾਈਪਾਂ ਰਾਹੀਂ ਪਲਾਂਟ ਤੋਂ ਸਿੱਧੀ ਆਕਸੀਜਨ ਸਪਲਾਈ ਦੇ ਪ੍ਰਬੰਧ ਕੀਤੇ ਗਏ ਹਨ ਤੇ ਸੋਹਲ ਪੱਤੀ ਵਿਖੇ ਮਰੀਜ਼ਾਂ ਨੂੰ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਲਾਂਟ ਨੂੰ ਸਿਵਲ ਹਸਪਤਾਲ ਬਰਨਾਲਾ ਨੂੰ ਸੌਂਪਿਆ ਜਾਵੇਗਾ, ਜਿਸ ਬਾਰੇ 10 ਰੋਜ਼ਾ ਤਕਨੀਕੀ ਸਿਖਲਾਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ। ਇਸ ਪਲਾਂਟ ਨੂੰ ਸਫਲਤਾਪੂਰਬਕ ਚਲਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਸਿਵਲ ਹਸਪਤਾਲ ਬਰਨਾਲਾ ਨੂੰ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਆਖਿਆ ਕਿ ਇਸ ਪਲਾਂਟ ਨਾਲ ਆਕਸੀਜਨ ਸਪਲਾਈ ਸਬੰਧੀ ਮੁਸ਼ਕਲਾਂ ਦੂਰ ਹੋ ਜਾਣਗੀਆਂ, ਜਦੋਂਕਿ ਇਸ ਤੋਂ ਪਹਿਲਾਂ ਆਕਸੀਜਨ ਸਪਲਾਈ ਮੰਡੀ ਗੋਬਿੰਦਗੜ ਤੋਂ ਹੋ ਰਹੀ ਸੀ। ਇਸ ਨਾਜ਼ੁਕ ਦੌਰ ਵਿੱਚ ਇਹ ਸਹੂਲਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ।