ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਤਹਿਸੀਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਬਿੱਟੂ ਜਲਾਲਾਬਾਦੀ , ਜਲਾਲਾਬਾਦ, ਫਾਜ਼ਿਲਕਾ, 21 ਮਈ 2021
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਕਰੋਨਾ ਮੁਕਤ ਪਿੰਡ ਮੁਹਿੰਮ ਨੂੰ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਇਅਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਜ਼ਿਲੇ੍ਹ ਅੰਦਰ ਅੰਦਰ ਵੀ ਪੂਰੀ ਤਨਦੇਹੀ ਨਾਲ ਲਾਗੂ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।
ਐਸ.ਡੀ.ਐਮ. ਜਲਾਲਾਬਾਦ ਸ. ਸੁਬਾ ਸਿੰਘ ਨੇ ਦੱਸਿਆ ਕਿ ਤਹਿਸੀਲ ਜਲਾਲਾਬਾਦ ਅਧੀਨ ਵੱਖ-ਵੱਖ ਪਿੰਡਾਂ ਵਿਚ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ `ਤੇ ਪਿੰਡਾਂ ਵਿਚ ਜਾ ਕੇ ਇਸ ਮੁਹਿੰਮ ਤਹਿਤ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਡਾਕਟਰੀ ਸਲਾਹ ਲਈ ਜਾਵੇ ਅਤੇ ਲੱਛਣ ਹੋਣ `ਤੇ ਟੈਸਟ ਕਰਵਾ ਲਿਆ ਜਾਵੇ ਤਾਂ ਉਦੋਂ ਹੀ ਲੋੜੀਂਦਾ ਇਲਾਜ ਲਿਆ ਜਾ ਸਕਦਾ ਹੈ ਤੇ ਬਿਮਾਰੀ ਤੋਂ ਨਿਜਾਤ ਮਿਲ ਸਕਦੀ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਟੀਮਾਂ ਵੱਲੋਂ ਅੱਜ ਚੱਕ ਦੁਮਾਲ, ਚੱਕ ਅਰਨੀਵਾਲਾ, ਚੱਕ ਕਬਰਵਾਲਾ, ਚੱਕ ਪੱਖੀ, ਚੱਕ ਤਾਰੇਵਾਲਾ ਵਿਖੇ ਪਹੁੰਚ ਕੇ ਪਿੰਡ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਵਿਚ ਇਹ ਫੈਲਾਅ ਵੱਧ ਰਿਹਾ ਹੈ ਜਿਸ ਨਾਲ ਅਸੀ ਸਾਰੇ ਇਸ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਹਾਂ, ਇਸ ਲਈ ਅਗਾਓ ਤੌਰ `ਤੇ ਸਮੇਂ ਸਿਰ ਟੈਸਟਿੰਗ ਕਰਵਾਈਏ ਤੇ ਪੜਾਅ ਵਾਰ ਲਗਣ ਵਾਲੀ ਵੈਕਸੀਨ ਵੀ ਲਗਵਾਈਏ ਅਤੇ ਆਪਣੇ ਪਿੰਡ ਨੂੰ ਕਰੋਨਾ ਮੁਕਤ ਰੱਖਣ ਵਿਚ ਆਪਣਾ ਯੋਗਦਾਨ ਪਾ ਸਕੀਏ।