ਕਿਹਾ ! ਲੋਕਾਂ ਦੀ ਤਸੱਲੀ ਕਰਵਾਏ ਬਿਨਾਂ ਨਾ ਕਰਿਉ ਨਿਰਮਾਣ ਠੇਕੇਦਾਰ ਦੀ ਪੇਮੈਂਟ
ਸੜ੍ਹਕ ਬਣਾ ਕੇ ਨਹੀਂ, ਫਾਹਾ ਵੱਢ ਕੇ ਗਏ ਠੇਕੇਦਾਰ !
ਰਘਵੀਰ ਹੈਪੀ, ਬਰਨਾਲਾ 18 ਮਈ 2021
ਇੱਕ ਠੇਕੇਦਾਰ ਨੂੰ ਸੜ੍ਹਕ ਨਿਰਮਾਣ ਦੀ ਡਬਲ ਅਦਾਇਗੀ ਜਿਹਾ ਕਾਰਨਾਮਾ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਛਾਈ ਨਗਰ ਕੌਂਸਲ ਬਰਨਾਲਾ ਦਾ ਇੱਕ ਹੋਰ ਹੈਰਾਨੀਜ਼ਨਕ ਕਾਰਨਾਮਾ ਉਦੋਂ ਸਾਹਮਣੇ ਆਇਆ, ਜਦੋਂ ਨਗਰ ਕੌਂਸਲ ਦੇ ਠੇਕੇਦਾਰਾਂ ਨੇ ਵਾਰਡ ਨੰਬਰ 18 ਦੇ ਰਾਮਗੜ੍ਹੀਆ ਰੋਡ ਤੇ ਬਿਨਾਂ ਸਾਫ ਸਫਾਈ ਕੀਤਿਆਂ ਕਥਿਤ ਘਟੀਆ ਮੈਟੀਰੀਅਲ ਨਾਲ ਕਾਗਜ਼ਾਂ ਤੇ ਪ੍ਰੀਮਿਕਸ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੀ ਭਿਣਕ ਪੈਂਦਿਆਂ ਹੀ ਮੁਹੱਲਾ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਠੇਕੇਦਾਰ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਆਸ਼ੂ ਕੁਮਾਰ, ਸੁਭਾਸ਼ ਸਿੰਘ,ਉਪਿੰਦਰ ਕੁਮਾਰ ਅਤੇ ਸੁਦਰਸ਼ਨ ਸਿੰਘ ਬਾਜਵਾ ਨੇ ਦੱਸਿਆ ਕਿ ਰੋਡੇ ਫਾਟਕ ਖੇਤਰ ਦੇ ਨੇੜੇ, ਰਾਮਗੜ੍ਹੀਆ ਰੋਡ ਦਾ ਨਿਰਮਾਣ ਲੰਘੀ ਕੱਲ੍ਹ ਸ਼ੁਰੂ ਕੀਤਾ ਗਿਆ। ਪਰੰਤੂ ਠੇਕੇਦਾਰਾਂ ਨੇ ਘਟੀਆ ਮੈਟੀਰੀਅਲ ਵਰਤ ਕੇ ਸੜ੍ਹਕ ਦੀ ਸਫਾਈ ਕੀਤਿਆਂ ਬਿਨਾਂ ਹੀ ਕੰਮ ਚਾਲੂ ਕਰ ਦਿੱਤਾ। ਪ੍ਰੀਮਿਕਸ ਪਾਉਣ ਦੌਰਾਨ ਸੜ੍ਹਕ ਤੇ ਪਏ ਕਾਗਜ਼ਾਂ ਨੂੰ ਵੀ ਚੁੱਕਣਾ ਜਰੂਰੀ ਨਹੀਂ ਸਮਝਿਆ। ਸੁਧਾਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨਾਂ ਨਗਰ ਕੌਂਸਲ ਦੇ ਪ੍ਰਧਾਨ, ਕੌਂਸਲਰ ਅਤੇ ਈਉ ਨੂੰ ਇਸ ਸਬੰਧੀ ਸ਼ਕਾਇਤ ਕਰਨੀ ਚਾਹੀ ਤਾਂ, ਉਨਾਂ ਸੜ੍ਹਕ ਨਿਰਮਾਣ ਹੋਣ ਤੋਂ ਹੀ ਅਣਜਾਣਤਾ ਪ੍ਰਗਟਾਈ। ਉਨਾਂ ਕਿਹਾ ਕਿ ਸੜਕ ਤੇ ਪ੍ਰੀਮਿਕਸ ਪਾਉਣ ਸਮੇਂ ਨਾ ਕਵਾਲਿਟੀ ਦਾ ਧਿਆਨ ਰੱਖਿਆ ਗਿਆ ਹੈ ਅਤੇ ਨਾ ਹੀ ਨਿਸਚਿਤ ਮੋਟਾਈ ਦਾ ਖਿਆਲ ਰੱਖਿਆ ਗਿਆ। ਉਨਾਂ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਦਿਖਾਇਆ ਕਿ ਕਿਵੇਂ ਅਖਬਾਰਾਂ ਦੇ ਉੱਪਰ ਹੀ ਪ੍ਰੀਮਿਕਸ ਪਾਇਆ ਗਿਆ, ਮੈਟੀਰੀਅਲ ਇੱਨਾਂ ਘਟੀਆ ਕਿ ਨੌਹਾਂ ਨਾਲ ਹੀ ਉੱਖੜ ਰਿਹਾ ਹੈ। ਪ੍ਰੀਮਿਕਸ ਦੀ ਮੋਟਾਈ ਸਿਰਫ ਅੱਧਾ ਇੰਚ ਹੀ ਹੈ। ਉਨਾਂ ਵਿਜੀਲੈਂਸ ਵਿਭਾਗ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਵਾਲਿਟੀ ਦੀ ਜਾਂਚ ਲਈ ਸੈਂਪਲ ਲਏ ਜਾਣ ਤਾਂਕਿ ਪ੍ਰੀਮਿਕਸ ਪਾਉਣ ਸਮੇਂ ਕੀਤੇ ਜਾ ਰਹੇ ਘੋਟਾਲੇ ਦਾ ਪਰਦਾਫਾਸ਼ ਹੋ ਸਕੇ। ਲੋਕਾਂ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਤਸੱਲੀ ਤੋਂ ਬਿਨਾਂ ਠੇਕੇਦਾਰ ਦੀ ਪੇਮੈਂਟ ਨਾ ਕੀਤੀ ਜਾਵੇ।
ਮਾੜਾ ਮੈਟੀਰੀਅਲ ਤੇ ਪ੍ਰੀਮਿਕਸ ਦੇ ਨਾਂ ਤੇ ਹੋ ਰਹੀ ਖਾਨਾਪੂਰਤੀ-ਐਮ.ਸੀ. ਜੀਵਨ ਕੁਮਾਰ
ਕੌਂਸਲਰ ਜੀਵਨ ਕੁਮਾਰ ਖੋਏ ਵਾਲਾ ਨੇ ਕਿਹਾ ਕਿ ਸੜ੍ਹਕ ਨਿਰਮਾਣ ਵਿੱਚ ਮਾੜਾ ਮੈਟੀਰੀਅਲ ਵਰਤਿਆਂ ਜਾ ਰਿਹਾ ਹੈ ਅਤੇ ਪ੍ਰੀਮਿਕਸ ਦੇ ਨਾਂ ਤੇ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਅਤੇ ਈ ਉ ਨੂੰ ਸੜ੍ਹਕ ਬਣਾਏ ਜਾਣ ਦੀ ਕੋਈ ਜਾਣਕਾਰੀ ਹੀ ਨਹੀਂ। ਉਨਾਂ ਕਿਹਾ ਕਿ ਆਖਿਰ ਕੌਣ ਠੇਕੇਦਾਰਾਂ ਤੋਂ ਮਾੜਾ ਮੈਟੀਰੀਅਲ ਵਰਤ ਕੇ ਸੜ੍ਹਕ ਸਣਵਾ ਰਿਹਾ ਹੈ। ਉਨਾਂ ਕਿਹਾ ਕਿ ਮੈਂ ਮੁਹੱਲਾ ਵਾਸੀਆਂ ਦੇ ਨਾਲ ਹਾਂ, ਮਾੜਾ ਮੈਟੀਰੀਅਲ ਵਰਤ ਕੇ ਬਣਾਈ ਜਾ ਰਹੀ ਸੜ੍ਹਕ ਦੀ ਪੇਮੈਂਟ ਨਾ ਹੋਣ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿਆਂਗਾ।