ਸ਼ਹੀਦ ਬੂਟਾ ਸਿੰਘ ਢਿੱਲਵਾਂ ਤੇ ਭਾਨ ਸਿੰਘ ਸੰਘੇੜਾ ਨੂੰ ਸ਼ਰਧਾਜਲੀ ਭੇਟ ਕੀਤੀ
ਪਰਦੀਪ ਕਸਬਾ , ਬਰਨਾਲਾ: 11 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਨੇ ਅੱਜ 223 ਦਿਨ ਪੂਰੇ ਕਰ ਲਏ। ਕਿਸਾਨ ਆਗੂ ਬੂਟਾ ਸਿੰਘ ਢਿੱਲਵਾਂ ਅਤੇ ਮਜਦੂਰ ਆਗੂ ਭਾਨ ਸਿੰਘ ਸੰਘੇੜਾ ਕੱਲ੍ਹ ਅਕਾਲ ਚਲਾਣਾ ਕਰ ਗਏ। ਅੱਜ ਧਰਨੇ ਦੇ ਸ਼ੁਰੂ ਵਿੱਚ ਇਨ੍ਹਾਂ ਦੋਵਾਂ ਆਗੂਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਸਾਥੀਆਂ ਦੀਆਂ ਸ਼ਹੀਦੀਆਂ ਬਹੁਤ ਅਫਸੋਸਜਨਕ ਹਨ। ਸਾਡੇ ਅੰਦੋਲਨ ਨੂੰ ਇਨ੍ਹਾਂ ਸ਼ਹੀਦੀਆਂ ਕਾਰਨ ਬਹੁਤ ਘਾਟਾ ਪੈਂਦਾ ਹੈ ਪਰ ਇਹ ਸ਼ਹੀਦੀਆਂ ਸੰਘਰਸ਼ ਕਰਨ ਦੇ ਸਾਡੇ ਅਹਿਦ ਨੂੰ ਹੋਰ ਵੁ ਵਧੇਰੇ ਦ੍ਰਿੜਤਾ ਬਖਸ਼ਦੀਆਂ ਹਨ।
ਧਰਨੇ ਨੂੰ ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਨੇਕਦਰਸ਼ਨ ਸਿੰਘ,ਹਰਚਰਨ ਸਿੰਘ ਚੰਨਾ, ਬਲਜੀਤ ਸਿੰਘ ਚੌਹਾਨਕੇ,ਮਨਜੀਤ ਰਾਜ,ਬਿੱਕਰ ਸਿੰਘ ਔਲਖ ਤੇ ਕਾਕਾ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਹੈ। ਪਿਛਲੇ ਦਿਨੀਂ ਦਿੱਲੀ ਦੇ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਆਈ ਬੰਗਾਲ ਦੀ ਇੱਕ ਲੜਕੀ ਦੁ ਮੰਦਭਾਗੀ ਮੌਤ ਨੂੰ ਸਰਕਾਰ ਤੇ ਬੀਜੇਪੀ ਨੇਤਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਯੁਕਤ ਮੋਰਚੇ ਦੇ ਆਗੂ ਪਹਿਲਾਂ ਹੀ ਇਸ ਮੰਦਭਾਗੀ ਘਟਨਾ ‘ਤੇ ਦੁੱਖ ਪਰਗਟ ਚੁੱਕੇ ਹਨ। ਕਿਸਾਨ ਆਗੂ ਪੁਲਿਸ ਵੱਲੋਂ ਇਸ ਘਟਨਾ ਦੀ ਵਿਸਥਾਰਪੂਰਵਕ ਜਾਂਚ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਜਾਂਚ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿਵਾ ਰਹੇ ਹਨ। ਲੜਕੀ ਦੇ ਪਿਤਾ ਨੇ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਅੰਦੋਲਨ ਨੂੰ ਬਦਨਾਮ ਕਰਨ ਲਈ ਇਸ ਪ੍ਰਕਾਰ ਦੇ ਘਟੀਆ ਹੱਥਕੰਡਿਆਂ ਦੀ ਵਰਤੋਂ ਨਾ ਕਰੇ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਆਉਂਦੇ ਦਿਨਾਂ ਵਿੱਚ ਦਿੱਲੀ ਮੋਰਚਿਆਂ ਨੂੰ ਹੋਰ ਮਜਬੂਤ ਕਰਨ ਦਾ ਫੈਸਲਾ ਕੀਤਾ ਹੈ। ਬੁਲਾਰਿਆਂ ਨੇ ਅਪੀਲ ਕੀਤੀ ਕਿ ਕਿਸਾਨ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਵੱਲ ਰਵਾਨਾ ਹੋਣ। ਅੱਜ ਅਜਮੇਰ ਅਕਲੀਆ, ਨਰਿੰਦਰਪਾਲ ਸਿੰਗਲਾ ਤੇ ਜਗਦੀਸ਼ ਲੱਧਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।